ਲਾਡੋਵਾਲ, 20 ਸਤੰਬਰ (ਬਲਬੀਰ ਸਿੰਘ ਰਾਣਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਨਜ਼ਦੀਕੀ ਪਿੰਡ ਬੱਗਾ ਖੁਰਦ ਵਿਖੇ ਖੇਤੀਬਾੜੀ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਪੀ.ਏ.ਯੂ. ਵਲੋਂ ਲਗਾਈਆਂ ਜਾਣ ਵਾਲੇ ਸਿਖਲਾਈ ਟਰੇਨਿੰਗ, ਘਰੇਲੂ ਬਾਗਬਾਨੀ, ਖੁੰਬਾਂ ਦੀ ਕਾਸ਼ਤ, ਹਾਈ ਟੈੱਕ ਤਕਨੀਕਾਂ ਰਾਹੀਂ ਸਬਜ਼ੀਆਂ ਦੀ ਕਾਸ਼ਤ, ਮਧੂ ਮੱਖੀ ਪਾਲਨ ਆਦਿ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਹ ਕੈਂਪ ਪਸਾਰ ਵਿਗਿਆਨੀ ਡਾ. ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਰਘੁਬੀਰ ਸਿੰਘ, ਡਿਸਪੈਂਸਰੀ ਡਾਕਟਰ, ਸਕੂਲ ਮੁਖੀ ਤੋਂ ਇਲਾਵਾ ਕਿਸਾਨ ਵੀਰਾਂ ਅਤੇ ਭੈਣਾਂ ਨੇ ਵੀ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ | ਪਿੰਡ ਬੱਗਾ ਖੁਰਦ ਦੇ ਸਰਪੰਚ ਰਘਬੀਰ ਸਿੰਘ ਅਤੇ ਹੋਰ ਨਗਰ ਨਿਵਾਸੀਆਂ ਨੇ ਕਿਹਾ ਕਿ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਕੈਂਪ ਦੌਰਾਨ ਮੁਹੱਈਆ ਕਰਵਾਈ ਗਈ ਜਾਣਕਾਰੀ ਬਹੁਤ ਹੀ ਵਧੀਆ ਅਤੇ ਲਾਹੇਵੰਦ ਸੀ ਅਤੇ ਵਿਦਿਆਰਥੀਆਂ ਵਲੋਂ ਕੀਤੇ ਯੋਗ ਉਪਰਾਲਿਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਮੇਲੇ ਵਿਚ ਪਰਮਿੰਦਰ, ਜੈਸਮੀਨ, ਹੁਸਨਪ੍ਰੀਤ, ਸਰਬਜੀਤ, ਲਵਜੀਤ, ਪਰਦੀਪ, ਨੌਹਰਦੀਪ, ਅਮਿਤੋਜ਼ ਸਿੰਘ ਮਾਨ, ਰਜਿੰਦਰ, ਕਰਨ, ਚੰਦਰਮੋਹਤ, ਪਿ੍ਥਮਜੋਤ, ਗੁਰਜੋਤ, ਅਮਨ ਅਤੇ ਆਦੇਸ਼ਵਰ ਨੇ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਇਸ ਕੈਂਪ ਨੂੰ ਸਫਲ ਬਣਾਇਆ |