ਲਾਡੋਵਾਲ, 20 ਸਤੰਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਮੇਨ ਚੌਕ ਤੋਂ ਥੋੜਾ ਅੱਗੇ ਪੁਲਿਸ ਥਾਣਾ ਲਾਡੋਵਾਲ ਦੇ ਸਾਹਮਣੇ ਸੜਕ ਪਾਰ ਕਰਦਾ ਇਕ ਨੌਜਵਾਨ ਟਰੱਕ ਵਿਚ ਵੱਜਣ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲਾਡੋਵਾਲ ਪੁਲਿਸ ਨੇ ਤੁਰੰਤ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਲਾਜ ਵਾਸਤੇ ਭੇਜ ਦਿੱਤਾ | ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਗੁਰਸ਼ਿੰਦਰ ਕੌਰ ਅਤੇ ਰੀਡਰ ਬਲਵੀਰ ਸਿੰਘ ਮਾਂਗਟ ਨੇ ਦੱਸਿਆ ਕਿ ਬੀਤੇ ਕੱਲ੍ਹ ਦੀ ਸ਼ਾਮ ਨੂੰ ਇਕ 28 ਕੁ ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਹਾਲ ਵਾਸੀ ਰਜਾਪੁਰ ਪੱਤੀ, ਜ਼ਿਲ੍ਹਾ ਲੁਧਿਆਣਾ, ਜੋ ਕਿ ਲੁਧਿਆਣਾ-ਜਲੰਧਰ ਰੋਡ ਤੋਂ ਬਿਨਾਂ ਸੱਜਾ ਖੱਬਾ ਦੇਖਦਿਆਂ ਲਾਡੋਵਾਲ ਥਾਣੇ ਵੱਲ ਨੂੰ ਸੜਕ ਪਾਰ ਕਰਨ ਸਮੇਂ ਜਲੰਧਰ ਤੋਂ ਲੁਧਿਆਣਾ ਸਾਈਡ ਵੱਲ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਵਿਚ ਬੜੀ ਜ਼ੋਰ ਨਾਲ ਜਾ ਲੱਗਾ | ਜਦ ਕਿ ਟਰੱਕ ਚਾਲਕ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਉਥੋਂ ਟਰੱਕ ਸਮੇਤ ਫ਼ਰਾਰ ਹੋਣ ਵਿਚ ਸਫਲ ਹੋ ਗਿਆ | ਪੁਲਿਸ ਮੁਤਾਬਿਕ ਜ਼ਖਮੀ ਗੁਰਪ੍ਰੀਤ ਸਿੰਘ ਨੂੰ ਗੱਡੀ ਵਿਚ ਪਾ ਕੇ ਸਿਵਲ ਹਸਪਤਾਲ ਇਲਾਜ ਕਰਾਉਣ ਵਾਸਤੇ ਭੇਜਿਆ ਗਿਆ, ਜਿਸ ਦੀ ਹਾਲਤ ਗੰਭੀਰ ਦੇਖ ਕੇ ਡਾਕਟਰਾਂ ਨੇ ਸੀ.ਐਮ.ਸੀ. ਲੁਧਿਆਣਾ ਵਿਚ ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ |