ਕੋਟਲੀ ਸੂਰਤ ਮੱਲ੍ਹੀ, 20 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਰਣਸੀਕਾ ਤੱਲਾ 'ਚ ਹੜ੍ਹ ਦੇ ਪਾਣੀ ਨੇ ਵੱਡੀ ਤਬਾਹੀ ਮਚਾਈ ਹੈ ਤੇ ਕਿਸਾਨ ਕਸ਼ਮੀਰ ਸਿੰਘ ਦੇ ਪਸ਼ੂਆਂ ਦਾ ਸ਼ੈੱਡ ਹੜ੍ਹ ਦੇ ਪਾਣੀ ਦੀ ਲਪੇਟ 'ਚ ਆਉਣ ਕਰ ਕੇ ਢਹਿਣ ਨਾਲ ਉਸ ਦੇ 6 ਕੀਮਤੀ ਪਸ਼ੂ ਮਰ ਗਏ ਹਨ, ਇਸ ਦੇ ਨਾਲ ਹੀ ਉਸ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ, ਪਰ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ | ਇਸ ਸਬੰਧੀ ਕਿਸਾਨ ਕਸ਼ਮੀਰ ਸਿੰਘ ਰਣਸੀਕਾ ਤੱਲਾ ਨੇ ਦੱਸਿਆ ਕਿ ਜਦੋਂ ਹੜ੍ਹ ਦਾ ਪਾਣੀ ਆਇਆ ਤਾਂ ਉਹ ਆਪਣੇ ਕੁਝ ਕੁ ਪਰਿਵਾਰਕ ਮੈਂਬਰਾਂ ਸਮੇਤ ਘਰ ਵਿਚ ਮੌਜੂਦ ਸੀ ਤੇ ਅਚਾਨਕ ਹੜ੍ਹ ਦੇ ਪਾਣੀ ਦਾ ਵਹਾਅ ਤੇਜ਼ ਹੋ ਗਿਆ, ਉਸ ਦੀ ਹਵੇਲੀ ਵਿਚ ਪਸ਼ੂਆਂ ਦਾ ਸ਼ੈੱਡ ਢਹਿ ਗਿਆ, ਜਿਸ ਕਰ ਕੇ ਉਸ ਦੀਆਂ ਤਿੰਨ ਕੀਮਤੀ ਦੁਧਾਰੂ ਗਾਂਵਾਂ, ਦੋ ਕੀਮਤੀ ਦੁਧਾਰੂ ਮੱਝਾਂ ਦੀ ਤਾਂ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਇਕ ਚੋਟੀ ਦਾ ਲੱਕ ਟੁੱਟਣ ਕਰ ਕੇ ਜਖ਼ਮੀ ਹੋ ਗਈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਪਿੰਡ ਦੇ ਲੋਕਾਂ ਦੀ ਮਿਹਨਤ ਕਰ ਕੇ ਉਸ ਦੇ ਕੁਝ ਪਸ਼ੂਆਂ ਦਾ ਬਚਾਅ ਹੋ ਗਿਆ | ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪਸ਼ੂਆਂ ਲਈ ਵੱਡਾ ਸ਼ੈੱਡ ਬਣਾਇਆ ਹੋਇਆ ਸੀ, ਜਿਹੜਾ ਕਿ ਹੜ੍ਹ ਦੇ ਪਾਣੀ ਦੀ ਲਪੇਟ 'ਚ ਆ ਕੇ ਢਹਿ-ਢੇਰੀ ਹੋ ਗਿਆ ਹੈ | ਉਸ ਨੇ ਦੱਸਿਆ ਕਿ ਕਈ ਦਿਨ ਉਨ੍ਹਾਂ ਦੇ ਪਿੰਡ ਦਾ ਹੋਰਨਾਂ ਪਿੰਡਾਂ ਨਾਲੋਂ ਸੰਪਰਕ ਟੁੱਟਾ ਰਿਹਾ ਹੈ, ਪਰ ਬਹਾਦਰ ਪੰਜਾਬੀ ਭਰਾਵਾ ਨੇ ਬੜੀ ਹਿੰਮਤ ਦੇ ਦਲੇਰੀ ਨਾਲ ਪਾਣੀ 'ਚ ਘਿਰੇ ਉਨ੍ਹਾਂ ਦੇ ਪਿੰਡ ਦੇ ਲੋਕਾਂ ਤੱਕ ਰਾਸ਼ਨ ਪਾਣੀ ਪਹੁੰਚਾਇਆ | ਉਸ ਨੇ ਦੱਸਿਆ ਕਿ ਉਸ ਦੇ 6 ਕੀਮਤੀ ਪਸ਼ੂਆਂ ਦੀ ਮੌਤ ਦੀ ਥਾਣਾ ਕੋਟਲੀ ਸੂਰਤ ਮੱਲ੍ਹੀ ਤੇ ਪਸ਼ੂ ਪਾਲਣ ਵਿਭਾਗ ਪਾਸ ਰਿਪੋਰਟ ਦਰਜ ਹੈ, ਪਰ ਅਜੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ | ਉਨ੍ਹਾਂ ਦੱਸਿਆ ਕਿ ਭਾਵੇਂ ਬੀਤੇ ਦਿਨ ਉਨ੍ਹਾਂ ਦੇ ਪਿੰਡ 'ਚ ਸਿਹਤ ਮੰਤਰੀ ਪੰਜਾਬ ਦੀ ਆਮਦ 'ਤੇ ਹੋਏ ਇਕ ਸਮਾਗਮ 'ਚ ਐਸ.ਡੀ.ਐਮ. ਡੇਰਾ ਬਾਬਾ ਨਾਨਕ ਅਧਿਕਾਰੀਆਂ ਸਮੇਤ ਮੌਜੂਦ ਸਨ, ਪਰ ਉਨ੍ਹਾਂ ਦੇ ਹੋਏ ਨੁਕਸਾਨ ਦੀ ਕਿਸੇ ਨੇ ਗੱਲ ਨਹੀਂ ਕੀਤੀ | ਉਨ੍ਹਾਂ ਦੱ ਸਿਆ ਕਿ ਭਾਵੇਂ ਅਜਿਹੀ ਆਫ਼ਤ ਕਰ ਕੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਕਰਨੀ ਔਖੀ ਹੈ, ਪਰ ਅਧਿਕਾਰੀਆਂ ਤੇ ਸਰਕਾਰ ਵਲੋਂ ਲੋਕਾਂ ਨੂੰ ਹੌਸਲਾ ਤੇ ਧਰਵਾਸ ਜ਼ਰੁੂਰ ਦੇਣਾ ਚਾਹੀਦਾ ਹੈ |