ਖਮਾਣੋਂ, 20 ਸਤੰਬਰ (ਮਨਮੋਹਣ ਸਿੰਘ ਕਲੇਰ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਖਮਾਣੋਂ ਦੀ ਵਿਦਿਆਰਥਣ ਹਰਗੁਣਦੀਪ ਕੌਰ ਮਾਵੀ ਨੇ ਜ਼ਿਲ੍ਹਾ ਪੱਧਰੀ ਤਲਵਾਰਬਾਜ਼ੀ (ਫੈਂਸਿੰਗ) ਮੁਕਾਬਲਿਆਂ 'ਚ ਦੂਜਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਖੇਡਾਂ ਲਈ ਆਪਣੀ ਚੋਣ ਨੂੰ ਯਕੀਨੀ ਬਣਾਇਆ ਹੈ | ਉਮਰ ਵਰਗ ਅੰਡਰ-17 'ਇੱਪੀ' ਈਵੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਗੁਣਦੀਪ ਨੇ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾਇਆ | ਉਸ ਨੇ ਨਾ ਸਿਰਫ਼ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ, ਬਲਕਿ ਇਕ ਵਾਰੀ ਫਿਰ ਸਾਬਤ ਕੀਤਾ ਕਿ ਅਕਾਲ ਅਕੈਡਮੀ ਦੇ ਵਿਦਿਆਰਥੀ ਅਕਾਦਮਿਕ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਤੁਰ ਰਹੇ ਹਨ | ਅਕੈਡਮੀ ਦੇ ਪਿ੍ੰਸੀਪਲ ਅਮਰਜੀਤ ਕੌਰ ਨੇ ਹਰਗੁਣਦੀਪ ਨੂੰ ਰਾਜ ਪੱਧਰੀ ਚੋਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਉਸ ਦੀ ਮਿਹਨਤ, ਸਮਰਪਣ ਅਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਹਰਗੁਣਦੀਪ ਕੌਰ ਇਸ ਤੋਂ ਪਹਿਲਾਂ ਝਾਰਖੰਡ ਅਤੇ ਜੰਮੂ-ਕਸ਼ਮੀਰ ਵਿਚ ਹੋਈਆਂ ਨੈਸ਼ਨਲ ਪੱਧਰੀ ਖੇਡਾਂ 'ਚ ਭਾਗ ਲੈ ਚੁੱਕੀ ਹੈ | ਪਿ੍ੰਸੀਪਲ ਨੇ ਵਿਦਿਆਰਥਣ ਨੂੰ ਭਵਿੱਖ ਵਿਚ ਹੋਰ ਉੱਚੀਆਂ ਪ੍ਰਾਪਤੀਆਂ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਇਸੇ ਜੋਸ਼ ਅਤੇ ਮਿਹਨਤ ਨਾਲ ਅੱਗੇ ਵਧੇ ਤੇ ਸਕੂਲ ਦਾ ਨਾਂ ਹੋਰ ਉਚਾਈਆਂ 'ਤੇ ਲੈ ਕੇ ਜਾਵੇ |