ਜਲੰਧਰ, 11- ਜਲੰਧਰ ਦੇ ਢੱਡਾ ਪਿੰਡ ਵਿਚ ਇਕ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਇਕ ਬੱਚਾ ਅਤੇ ਇਕ ਫੋਟੋਗ੍ਰਾਫਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ 42 ਸਾਲਾ ਅਮਨਦੀਪ ਕੌਰ ਵਜੋਂ ਹੋਈ ਹੈ, ਜੋ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ। ਇਸ ਘਟਨਾ ਕਾਰਨ ਪਾਰਟੀ ਵਿਚ ਹਫੜਾ-ਦਫੜੀ ਮਚ ਗਈ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪਤਾਰਾ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੱਡਾ ਵਾਸੀ ਮੋਤਾ ਸਿੰਘ ਦੀ ਲੜਕੀ ਜਰਮਨੀ ਰਹਿੰਦੀ ਹੈ। ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਅਤੇ ਉਹ ਵਿਦੇਸ਼ ਤੋਂ ਬੱਚੇ ਸਮੇਤ ਪਿੰਡ ਢੱਡਾ ਪਰਤ ਆਇਆ ਸੀ। ਮੋਤਾ ਸਿੰਘ ਨੇ ਪਿੰਡ ਢੱਡਾ ਵਿਚ ਬੱਚੇ ਦਾ ਜਨਮ ਦਿਨ ਮਨਾਉਣ ਲਈ ਪਾਰਟੀ ਰੱਖੀ ਸੀ। ਪਾਰਟੀ ਵਿਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਾਜ਼ਰ ਸਨ ਅਤੇ ਪਾਰਟੀ ਵਿਚ ਮੋਤਾ ਸਿੰਘ ਦੇ ਜਵਾਈ ਦੇ ਮਾਮਾ ਵੀ ਹਾਜ਼ਰ ਸਨ। ਦੋਸ਼ ਹੈ ਕਿ ਉਸ ਨੇ ਪਾਰਟੀ ਦੌਰਾਨ ਡਾਂਸ ਕਰਦੇ ਸਮੇਂ ਗੋਲੀ ਚਲਾ ਦਿੱਤੀ। ਗੋਲੀ ਉਸ ਦੀ ਭਰਜਾਈ ਦੀ ਨੂੰਹ ਅਮਨਦੀਪ ਕੌਰ, ਕੋਲ ਖੜ੍ਹੇ ਫੋਟੋਗ੍ਰਾਫਰ ਅਤੇ ਬੱਚੇ ਨੂੰ ਲੱਗੀ।
ਗੋਲੀ ਲੱਗਣ ਕਾਰਨ ਅਮਨਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਇਕ ਬੱਚਾ ਅਤੇ ਇਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਏ। ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਪਤਾਰਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।