ਚੰਡੀਗੜ੍ਹ, 5 ਸਤੰਬਰ : ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਦੀਆਂ ਹਜ਼ਾਰਾਂ ਔਰਤਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਉਹ ਜ਼ਬਰ ਜਨਾਹ ਦੀਆਂ ਪੀੜਤ ਦੋ ਬੀਬੀਆਂ ਦੀ ਇੱਜ਼ਤ ਦਾ 5 ਕਰੋੜ ਰੁਪਏ ਵਿਚ ਸੌਦਾ ਕਰਨ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵਿਰੁੱਧ ਕੇਸ ਦਰਜ ਕੀਤਾ ਜਾਵੇ।
ਪੁਲਿਸ ਜਿਸਨੇ ਭਾਰੀ ਬੈਰੀਕੇਡ ਲਗਾ ਕੇ ਬਠਿੰਡਾ ਦੇ ਸੰਸਦ ਮੈਂਬਰ ਦੇ ਨਾਲ-ਨਾਲ ਵਿਧਾਇਕਾ ਗਨੀਵ ਕੌਰ ਮਜੀਠੀਆ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਦੀਆਂ ਕਾਰਕੁੰਨਾਂ ਨੂੰ ਰੋਕਿਆ, ਨੇ ਬੀਬੀਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣ ਤੋਂ ਰੋਕ ਦਿੱਤਾ ਜਿਸ ਮਗਰੋਂ ਉਨ੍ਹਾਂ ਮੌਕੇ ’ਤੇ ਹੀ ਧਰਨਾ ਦੇ ਕੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ। ਇਨ੍ਹਾਂ ਬੀਬੀਆਂ ਨੇ ਸੀਨੀਅਰ ਆਗੂਆਂ ਨੂੰ ਹਿਰਾਸਤ ਵਿਚ ਲੈਣ ਦੇ ਬਾਵਜੂਦ ’ਗੁਰੂ ਦੋਖੀ ਭਗਵੰਤ ਮਾਨ ਮੁਰਦਾਬਾਦ’ ਅਤੇ ’ਜੀਜਾ-ਸਾਲੀ ਦੀ ਜੋੜੀ-ਪੰਜ ਕਰੋੜੀ’ ਦੇ ਨਾਅਰੇ ਲਗਾਉਂਦਿਆਂ ਜ਼ੋਰਦਾਰ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ।
ਇਨ੍ਹਾਂ ਇਸਤਰੀ ਅਕਾਲੀ ਦਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਫਤਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ ਜਿਥੇ ਉਨ੍ਹਾਂ ਦੀ ਪਤਨੀ ਜ਼ਬਰ ਜਨਾਹ ਦੀਆਂ ਪੀੜਤ ਦੋ ਔਰਤਾਂ ਦੇ ਕੇਸ ਰਫਾ ਦਫਾ ਕਰਵਾਉਣ ਲਈ ਕਰੋੜਾਂ ਰੁਪਏ ਰਿਸ਼ਵਤ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਸਾਹਮਣੇ ਆਈਆਂ ਆਡੀਓ ਟੇਪਾਂ ਤੇ ਹੋਰ ਸਬੂਤਾਂ ਨੇ ਸਾਬਤ ਕੀਤਾ ਹੈ ਕਿ ਕਿਵੇਂ ਗੁਰਪ੍ਰੀਤ ਕੌਰ ਮਾਨ ਦਾ ਰਿਸ਼ਤੇਦਾਰ ਨੇ ਜ਼ਬਰ ਜਨਾਹ ਦੇ ਮੁਲਜ਼ਮ ਤੇ ਮੀਡੀਆ ਇਨਫਲੂਐਂਸਰ ਗੁਰੀ ਚਹਿਲ ਨਾਲ ਪੰਜ ਕਰੋੜ ਰੁਪਏ ਵਿਚ ਸੌਦਾ ਕੀਤਾ। ਉਨ੍ਹਾਂ ਕਿਹਾ ਕਿ ਹਰ ਕਿਸੇ ਨੇ ਵੇਖਿਆ ਹੈ ਕਿ ਕਿਵੇਂ ਗੁਰਪ੍ਰੀਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਗਰੇਵਾਲ ਨੇ ਮੁੱਖ ਮੰਤਰੀ ਦੀ ਪਤਨੀ ਨਾਲ ਇਕ ਰੈਸਟੋਰੈਂਟ ਵਿਚ ਬੈਠ ਕੇ ਸੌਦੇਬਾਜ਼ੀ ਕੀਤੀ ਤੇ ਉਸਦੀ ਸਪਸ਼ਟ ਤਸਵੀਰ ਵੀ ਸਾਹਮਣੇ ਆਈ।
ਬੀਬਾ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਵਿਚ ਮਾਵਾਂ ਧੀਆਂ ਦੇ ’ਸਤਿਕਾਰ’ ਵਿਚ ਵਿਸ਼ਵਾਸ ਨਹੀਂ ਕਰਦੀ ਬਲਕਿ ਇਹ ’ਜਬਰ ਜਨਾਹਹੀ’ ਨੂੰ ਬਚਾਉਣ ਵਾਸਤੇ ਧਿਰ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਇਹ ਵੀ ਵਾਅਦਾ ਕੀਤਾ ਗਿਆ ਕਿ ਉਸਨੂੰ ਅੰਮ੍ਰਿਤਸਰ ਜੇਲ੍ਹ ਤੋਂ ਪਟਿਆਲਾ ਜੇਲ੍ਹ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਇਹ ਵੀ ਭਰੋਸਾ ਦਿੱਤਾ ਗਿਆ ਕਿ ਉਸਨੂੰ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ ਜਿਥੇ ਉਸਨੂੰ ਆਸਾਨੀ ਨਾਲ ਨਸ਼ੇ ਵੀ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਮੁੱਖ ਮੰਤਰੀ ਦੀ ਪਤਨੀ ਨਾਲ ਹੋਏ ਸੌਦੇ ਤੋਂ ਬਾਅਦ ਮੁਲਜ਼ਮ ਨੂੰ ਦੋ ਮਹੀਨਿਆਂ ਵਿਚ ਹੀ ਰਿਹਾਅ ਕਰ ਦਿੱਤਾ ਗਿਆ ਤੇ ਉਹ ਅਮਰੀਕਾ ਭੱਜ ਗਿਆ।
ਸਲਫਾਸ ਦੀਆਂ ਗੋਲੀਆਂ ਦਾ ਪੈਕਟ ਵਿਖਾਉਂਦਿਆਂ ਬਠਿੰਡਾ ਦੇ ਸੰਸਦ ਮੈਂਬਰ ਨੇ ਦਲੇਰਾਨਾ ਢੰਗ ਨਾਲ ਭਗਵੰਤ ਮਾਨ ਨੂੰ ਆਖਿਆ ਕਿ ਉਨ੍ਹਾਂ ਤਾਂ ਦਾਅਵਾ ਕੀਤਾ ਸੀ ਕਿ ਜੇਕਰ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਕ ਰੁਪਏ ਦੀ ਵੀ ਰਿਸ਼ਵਤ ਲਈ ਤਾਂ ਉਸ ਤੋਂ ਪਹਿਲਾਂ ਉਹ ਸਲਫਾਸ ਖਾ ਲੈਣਗੇ, ਪਰ ਹੁਣ ਕੀ ਹੋਇਆ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਗੁਰਪ੍ਰੀਤ ਕੌਰ ਬਾਦਲ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਕਾਲੀ ਦਲ ਸੂਬੇ ਭਰ ਵਿਚ ਲੋਕ ਲਹਿਰ ਸ਼ੁਰੂ ਕਰੇਗਾ ਤੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੇਸ ਦੇ ਹੋਰ ਸਾਰੇ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਅਤੇ ਜ਼ਬਰ ਜਨਾਹ ਦੇ ਦੋਸ਼ੀਆਂ ਵਿਰੁੱਧ ਕੇਸ ਰੱਦ ਕਰਨ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦੀਆਂ ਰਿਪੋਰਟਾਂ ਦੇਣ ਵਾਸਤੇ ਪੁਲਿਸ ਅਫਸਰਾਂ ਨੂੰ ਬਰਖ਼ਾਸਤ ਕੀਤਾ ਜਾਵੇ।
ਬੀਬਾ ਬਾਦਲ ਨੇ ਜ਼ਬਰ ਜਨਾਹ ਦੀਆਂ ਪੀੜਤਾਂ ਦੀ ਰਾਖੀ ਵਾਸਤੇ ਸੁਰੱਖਿਆ ਬਲ ਤਾਇਨਾਤ ਕਰਨ ਦੀ ਵੀ ਮੰਗ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਮੀਡੀਆ ਇਨਫਲੂਐਂਸਰ ਦੇ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਤੇ ਉਨ੍ਹਾਂ ਨੇ ਸਾਰੀ ਘਟਨਾ ਦੀ ਸੀ ਬੀ ਆਈ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਪੰਜ ਔਰਤਾਂ ਨੇ ਨਿੱਜੀ ਤੌਰ ’ਤੇ ਮੁੱਖ ਮੰਤਰੀ ਨੂੰ ਉਸ ਮੁਲਜ਼ਮ ਦੇ ਵਿਰੁੱਧ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਨੇ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਮੁੱਖ ਮੰਤਰੀ ਦਫ਼ਤਰ ਨੇ ਜ਼ਬਰ ਜਨਾਹ ਦੇ ਦੋਸ਼ੀਆਂ ਦਾ ਸਾਥ ਕਿਉਂ ਦਿੱਤਾ।
ਇਸ ਦੌਰਾਨ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਗੋਬਿੰਦ ਕੌਰ ਤੇ ਗਨੀਵ ਕੌਰ ਮਜੀਠੀਆ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਅੱਗ ਉਨ੍ਹਾਂ ਦੇ ਘਰਾਂ ਵਿਚ ਵੀ ਪਹੁੰਚ ਸਕਦੀ ਹੈ ਅਤੇ ਉਨ੍ਹਾਂ ਨੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਔਰਤਾਂ ਨਾਲ ਵਧੀਕੀਆਂ ਵਿਰੁੱਧ ਇਕਜੁੱਟ ਹੋ ਕੇ ਲੜਾਈ ਲੜਨ ਅਤੇ ਮੁੱਖ ਮੰਤਰੀ ਦਫਤਰ ਤੇ ਰਿਹਾਇਸ਼ ਵਿਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਵਾਸਤੇ ਵੀ ਕੰਮ ਕਰਨ।