ਮਾਛੀਵਾੜਾ ਸਾਹਿਬ (ਲੁਧਿਆਣਾ), 22 ਅਗਸਤ (ਰਾਜਦੀਪ ਸਿੰਘ ਅਲਬੇਲਾ)- ਅਗਸਤ ਮਹੀਨੇ ਵਿਚ ਰੱਖੜੀ ਮੌਕੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਵਾਰ ਇਨ੍ਹਾਂ ’ਤੇ ਮਹਿੰਗਾਈ ਦੀ ਮਾਰ ਪੈਂਦੀ ਨਜ਼ਰ ਆ ਰਹੀ ਹੈੈ। ਜਾਣਕਾਰੀ ਅਨੁਸਾਰ, ਕੁੱਝ ਦਿਨਾਂ ਤੋਂ ਹਰੇਕ ਘਰ ਅਤੇ ਖਾਣ-ਪੀਣ ਦੀਆਂ ਵਸਤਾਂ ਵਿਚ ਜ਼ਰੂਰੀ ਵਰਤੋਂ ਵਾਲੀ ਖੰਡ ਦੇ ਭਾਅ ਵਿਚ ਇੱਕਦਮ ਐਨਾ ਉਛਾਲ ਆਇਆ ਕਿ ਲੋਕ ਹੈਰਾਨ ਹੋ ਗਏ ਹਨ। ਇਸ ਤੋਂ ਇਲਾਵਾ ਹੋਰ ਰਾਸ਼ਨ ਸਮੱਗਰੀ ਜਿਸ ਵਿਚ ਰਿਫਾਇੰਡ ਤੇਲ, ਮੈਦਾ, ਸੂਜੀ, ਦਾਲਾਂ, ਮਸਾਲੇ, ਬੇਸਣ, ਖਾਣ-ਪੀਣ ਵਾਲਾ ਸਮਾਨ ਅਤੇ ਪਲਾਸਟਿਕ ਦੇ ਲਿਫ਼ਾਫਿਆਂ ਸਮੇਤ ਹੋਰ ਸਮਾਨ ਵੀ ਕਾਫ਼ੀ ਮਹਿੰਗਾ ਹੋ ਗਿਆ।
ਇੱਕਦਮ ਰਾਸ਼ਨ ਸਮੱਗਰੀ ਵਿਚ ਆਈ ਤੇਜ਼ੀ ਨੇ ਲੋਕਾਂ ਦੀ ਜੇਬ ਦਾ ਜਿੱਥੇ ਬਜਟ ਹਿਲਾ ਕੇ ਰੱਖ ਦਿੱਤਾ ਹੈ ਉੱਥੇ ਹੁਣ ਤਿਉਹਾਰਾਂ ਦੇ ਸੀਜ਼ਨ ਵਿਚ ਵਿਕਣ ਵਾਲੀ ਮਿਠਾਈ ਵੀ ਮਹਿੰਗੀ ਹੋਵੇਗੀ। ਅੱਜ ਇਸ ਸਬੰਧੀ ਪਿਆਰਾ ਸਵੀਟਸ ਦੇ ਮਾਲਕ ਸ਼ੰਮੀ ਪਹਿਲਵਾਨ ਨੇ ਦੱਸਿਆ ਕਿ ਮਿਠਾਈਆਂ ਵਿਚ ਸਭ ਤੋਂ ਵੱਧ ਵਰਤੋਂ ਖੰਡ, ਤੇਲ ਤੇ ਮੈਦੇ ਦੀ ਹੁੰਦੀ ਹੈ ਜਿਸ ਦੇ ਭਾਅ ਵਿਚ ਰਿਕਾਰਡਤੋੜ ਤੇਜ਼ੀ ਆਈ ਹੈ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਮਿਠਾਈਆਂ ਦੇ ਭਾਅ ਵਧਾਉਣੇ ਪੈਣਗੇ।
ਉਨ੍ਹਾਂ ਦੱਸਿਆ ਕਿ ਰਾਸ਼ਨ ਸਮੱਗਰੀ ਦੇ ਨਾਲ-ਨਾਲ ਗੈਸ ਸਿਲੰਡਰ ਵੀ ਮਹਿੰਗੇ ਹੋ ਗਏ। ਰੱਖੜੀ ਤੋਂ ਹਲਵਾਈਆਂ ਦੀ ਦੁਕਾਨਾਂ ਤੋਂ ਮਿਠਾਈਆਂ ਦੀ ਵਿਕਰੀ ਸ਼ੁਰੂ ਹੋ ਜਾਂਦੀ ਹੈ ਅਤੇ ਅੱਗੇ ਫਿਰ ਦੁਸਹਿਰਾ, ਕਰਵਾਚੌਥ ਅਤੇ ਦੀਵਾਲੀ ਅਤੇ ਫਿਰ ਵਿਆਹਾਂ ਦੇ ਸੀਜ਼ਨ ਤੱਕ ਮਿਠਾਈਆਂ ਦੀ ਜ਼ਰੂਰਤ ਪੈਂਦੀ ਹੈ। ਹੁਣ ਰਾਸ਼ਨ ਸਮੱਗਰੀ ਦੇ ਭਾਅ ਵੱਧਣ ਕਾਰਨ ਇਹ ਮਿਠਾਈਆਂ ਮਹਿੰਗੀਆਂ ਹੋਣਗੀਆਂ ਜਿਸ ਦਾ ਬੋਝ ਆਮ ਆਦਮੀ ਦੀ ਜੇਬ 'ਤੇ ਸਿੱਧੇ ਤੌਰ ’ਤੇ ਪਵੇਗਾ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰਾਂ ਵਲੋਂ ਤਾਂ ਮਹਿੰਗਾਈ ਨੂੰ ਨੱਥ ਪਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਅੱਜ ਹਰੇਕ ਘਰ ’ਚ ਵਰਤੋਂ ਵਾਲੀ ਰਾਸ਼ਨ ਸਮੱਗਰੀ ’ਤੇ ਮਹਿੰਗਾਈ ਦੀ ਮਾਰ ਨੇ ਆਮ ਆਦਮੀ ਦੀ ਜੇਬ ’ਤੇ ਵਾਧੂ ਬੋਝ ਪਾ ਦਿੱਤਾ ਹੈ।