ਜਲੰਧਰ, 15 ਅਗਸਤ (ਜਤਿੰਦਰ ਪੰਮੀ)- ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਉਪਰੰਤ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵੀ ਮੌਜੂਦ ਸਨ। ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਦੇਸ਼ ਦੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸੂਬਾ ਵਾਸੀਆਂ ਦੀ ਭਲਾਈ ਲਈ ਹੁਣ ਤੱਕ ਕਰਵਾਏ ਗਏ ਅਤੇ ਹੋਰ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ।
ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਮਾਨ ਸਰਕਾਰ ਦੇ ਸਾਬਕਾ ਫੌਜੀਆਂ, ਸ਼ਹੀਦ ਹੋਣ ਵਾਲੇ ਸੁਰੱਖਿਆ ਫੋਰਸਾਂ ਦੇ ਮੁਲਾਜ਼ਮਾਂ ਦੀ ਐਕਸ਼ਗਰੇਸ਼ੀਆ ਗ੍ਰਾਂਟ ਵਧਾਉਣ, ਮਾਵਾ-ਧੀਆਂ ਸਤਿਕਾਰ ਯੋਜਨਾ, ਸਿਹਤ ਬੀਮਾ ਯੋਜਨਾ, ਮੇਰੀ ਰਸੋਈ ਯੋਜਨਾ, ਮੁੱਖ ਮੰਤਰੀ ਤੀਰਥ ਯਾਤਰਾ ਸਮੇਤ ਹੋਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਭਾਸ਼ਣ ਦੇ ਅਖੀਰ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ।
ਮੁੱਖ ਮਹਿਮਾਨ ਦੇ ਭਾਸ਼ਣ ਉਪਰੰਤ ਵੱਖ-ਵੱਖ ਸੁਰੱਖਿਆ ਫੋਰਸਾਂ ਦੀਆਂ ਟੁਕੜੀਆਂ ਨੇ ਮਾਰਚ ਪਾਸਟ ਕਰਕੇ ਪਰੇਡ ਦੀ ਸਲਾਮੀ ਦਿੱਤੀ ਗਈ। ਮਾਰਚ ਪਾਸਟ ਦੀ ਅਗਵਾਈ ਏ. ਸੀ. ਪੀ. ਆਤਿਸ਼ ਭਾਟੀਆ ਨੇ ਕੀਤੀ। ਇਸ ਤੋਂ ਪਹਿਲਾਂ ਏ. ਡੀ. ਜੀ. ਪੀ. ਨਾਗੇਸ਼ਵਰ ਰਾਓ ਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਪਰੇਡ ਤੋਂ ਬਾਅਦ ਦੇਸ਼ ਲਈ ਸ਼ਹੀਦ ਲਈ ਜਾਨਾਂ ਵਾਰਨ ਵਾਲੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਖ਼ਮੀ ਹੋਣ ਵਾਲੇ ਜਵਾਨਾਂ ਨੂੰ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ। ਸਕੂਲੀ ਬੱਚਿਆਂ ਵਲੋਂ ਲੈਅਬੱਧ ਢੰਗ ਨਾਲ ਪੀ ਟੀ ਸ਼ੋਅ ਦਾ ਦੇਸ਼ ਭਗਤੀ ਦੀਆਂ ਧੁਨਾਂ ਉਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਵੱਖ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਸਭਿਆਚਾਰਕ ਵੰਨਗੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।