ਲੁਧਿਆਣਾ, 8 ਅਗਸਤ (ਪਰਮਿੰਦਰ ਸਿੰਘ ਆਹੂਜਾ / ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਇਕ ਵਾਰ ਫਿਰ ਕਾਨੂੰਨ-ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਦੁਪਹਿਰ ਮੈਡੀਕਲ ਕਰਵਾਉਣ ਲਈ ਹਸਪਤਾਲ ਪਹੁੰਚੇ ਦੋ ਧੜੇ ਆਪਸ ਵਿਚ ਭਿੜ ਗਏ। ਵੇਖਦੇ ਹੀ ਵੇਖਦੇ ਦੋਵਾਂ ਪੱਖਾਂ ਵਿਚਕਾਰ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ ਅਤੇ ਇੱਟਾਂ-ਪੱਥਰ ਚੱਲਣੇ ਸ਼ੁਰੂ ਹੋ ਗਏ। ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਹੋਏ ਇਸ ਹੰਗਾਮੇ ਕਾਰਨ ਮੌਕੇ 'ਤੇ ਮੌਜੂਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਾਮਲਾ ਇੱਥੇ ਹੀ ਨਹੀਂ ਰੁਕਿਆ। ਹਸਪਤਾਲ ਦੇ ਬਾਹਰ ਇਕ ਧੜੇ ਵਲੋਂ ਦੂਜੇ ਪੱਖ ਦੀ ਗੱਡੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਮਲਾਵਰਾਂ ਨੇ ਡਾਂਗਾਂ ਨਾਲ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ। ਇਸ ਪੂਰੇ ਹੰਗਾਮੇ ਅਤੇ ਗੱਡੀ ਦੀ ਭੰਨਤੋੜ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁੱਝ ਲੋਕ ਬੇਖੌਫ ਹੋ ਕੇ ਗੱਡੀ 'ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ।
ਸਿਵਲ ਹਸਪਤਾਲ ਵਿਚ ਇਸ ਤਰ੍ਹਾਂ ਦੀ ਹਿੰਸਾ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਰ ਐਮਰਜੈਂਸੀ ਵਾਰਡ ਵਰਗੀ ਸੰਵੇਦਨਸ਼ੀਲ ਜਗ੍ਹਾ 'ਤੇ ਦਿਨ-ਦਿਹਾੜੇ ਇੱਟਾਂ-ਪੱਥਰ ਚੱਲਣ ਅਤੇ ਡਾਂਗਾਂ ਨਾਲ ਗੱਡੀ ਦੀ ਭੰਨਤੋੜ ਹੋਣ ਦੀ ਘਟਨਾ ਨੇ ਹਸਪਤਾਲ ਦੀ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।