ਵਰਿੰਦਰ ਨਗਰ ’ਚ ਕੂੜੇ ਦੇ ਡੰਪ ਤੋਂ ਲੋਕ ਪ੍ਰੇਸ਼ਾਨ ਪਾਰਕ ਵੱਲ ਵੀ ਕੂੜਾ ਫੈਲਣ ਲੱਗਾ, ਨਿਗਮ ਤੋਂ ਡੰਪ ਹਟਾਉਣ ਦੀ ਮੰਗ
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਵਰਿੰਦਰ ਨਗਰ ਵਿਖੇ ਸਥਿਤ ਕੂੜੇ ਦੇ ਡੰਪ ਕਾਰਨ ਇਲਾਕਾ ਵਾਸੀ ਲੰਮੇ ਸਮੇਂ ਤੋਂ ਪ੍ਰੇਸ਼ਾਨ ਹਨ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਕੂੜੇ ਦਾ ਢੇਰ ਵਰਿੰਦਰ ਪਾਰਕ ਵੱਲ ਵੀ ਫੈਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਇਲਾਕੇ ‘ਚ ਬਦਬੂ ਅਤੇ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ | ਗੱਲਬਾਤ ਕਰਦਿਆਂ ਇਲਾਕਾ ਵਾਸੀ ਰਮਨ ਨਹਿਰਾ ਤੇ ਹੋਰਨਾਂ ਨੇ ਦੱਸਿਆ ਕਿ ਕੂੜੇ ਦੇ ਡੰਪ ਕਾਰਨ ਇਲਾਕੇ ‘ਚ ਹਰ ਸਮੇਂ ਬਦਬੂ ਫੈਲੀ ਰਹਿੰਦੀ ਹੈ | ਹੁਣ ਕੂੜਾ ਪਾਰਕ ਵਾਲੇ ਪਾਸੇ ਵੀ ਪਹੁੰਚਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪਾਰਕ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਹਿਲਾਂ ਵੀ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕੋਈ ਠੋਸ ਹੱਲ ਨਹੀਂ ਕੀਤਾ ਗਿਆ | ਇਲਾਕਾ ਵਾਸੀਆਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਵਰਿੰਦਰ ਨਗਰ ਵਿਚੋਂ ਕੂੜੇ ਦਾ ਡੰਪ ਤੁਰੰਤ ਹਟਾਇਆ ਜਾਵੇ ਅਤੇ ਪਾਰਕ ਸਮੇਤ ਇਲਾਕੇ ਦੀ ਸਫ਼ਾਈ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਗੰਦਗੀ ਅਤੇ ਬਦਬੂ ਤੋਂ ਰਾਹਤ ਮਿਲ ਸਕੇ |