ਕਾਲੋਨੀ ਵਾਸੀਆਂ ਨੇ ਡਾ. ਚੱਬੇਵਾਲ ਤੋਂ ਲਗਾਈ ਉਮੀਦ
ਫਗਵਾੜਾ, 22 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਂਅ ’ਤੇ ਬਣੀ ਕਾਲੋਨੀ ਵਿਚ ਰਹਿ ਰਹੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ | ਕਾਲੋਨੀ ਵਾਸੀ ਡਾ. ਰਾਜ ਕੁਮਾਰ ਚੱਬੇਵਾਲ ਤੋਂ ਉਮੀਦ ਲਗਾਈ ਬੈਠੇ ਹਨ ਕਿ ਇਸ ਕਾਲੋਨੀ ਦਾ ਚੱਬੇਵਾਲ ਜ਼ਰੂਰ ਸਵਾਰਨਗੇ | ਪਲਾਹੀ ਰੋਡ ਸਥਿਤ ਕੈਂਬਰਿਜ ਸਕੂਲ ਦੇ ਸਾਹਮਣੇ ਬਣੀ ਇਸ ਕਾਲੋਨੀ ’ਚ ਪ੍ਰਿੰਸੀਪਲ, ਅਧਿਆਪਕ, ਡਾਕਟਰ, ਪ੍ਰਵਾਸੀ ਭਾਰਤੀ ਅਤੇ ਕਾਰੋਬਾਰੀ ਲੋਕ ਰਹਿੰਦੇ ਹਨ ਇਸ ਕਾਲੋਨੀ ਵਿਚ ਨਾ ਤਾਂ ਸੀਵਰੇਜ ਦੀ ਕੋਈ ਸਹੂਲਤ ਹੈ ਅਤੇ ਨਾ ਹੀ ਵਾਟਰ ਸਪਲਾਈ ਨਾ ਹੀ ਪੱਕੀਆਂ ਗਲੀਆਂ ਦੀ ਕੋਈ ਸਹੂਲਤ ਹੈ | ਇੱਥੇ ਰਹਿ ਰਹੇ ਵਸਨੀਕਾਂ ਨੇ ਆਪਣਾ ਦੁਖੜਾ ਪੇਸ਼ ਕਰਦਿਆਂ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਲਈ ਸੂਬੇ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕਰ ਰਹੀਆਂ ਹਨ, ਪਰ ਕਈ ਲੋਕ ਸਰਕਾਰ ਦੇ ਇਨ੍ਹਾਂ ਹੁਕਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾ ਰਹੇ ਹਨ ਜਿਸ ਦੀ ਉਦਾਹਰਨ ਪਲਾਹੀ ਰੋਡ ਸਥਿਤ ਕੈਂਬਰਿਜ ਸਕੂਲ ਦੇ ਸਾਹਮਣੇ ਵਾਲੀ ਕਾਲੋਨੀ ਵਿਚ ਗੈਰ ਕਾਨੂੰਨੀ ਤੌਰ’ ਤੇ ਪਲਾਟ ਮਾਲਕਾਂ ਨੇ ਕਮਰੇ ਬਣਾ ਕੇ ਗੈਰ ਕਾਨੂੰਨੀ ਢੰਗ ਨਾਲ ਕਿਰਾਏ ’ਤੇ ਦਿੱਤੇ ਹੋਏ ਹਨ ਅਤੇ ਉੱਥੇ ਬਿਜਲੀ ਦਾ ਮੀਟਰ ਵੀ ਕਮਰਸ਼ੀਅਲ ਨਹੀਂ ਰਿਹਾਇਸ਼ੀ ਲਗਾਏ ਹੋਏ ਹਨ ਇਨ੍ਹਾਂ ਕਮਰਿਆਂ ’ਚ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਤੌਰ ’ਤੇ ਪ੍ਰਵਾਸੀ ਵਿਅਕਤੀ ਰਹਿੰਦੇ ਹਨ ਜੋ ਮਹਿੰਗੇ ਭਾਅ ਦੀਆਂ ਚੀਜ਼ਾਂ ਦਿਨ ਅਤੇ ਰਾਤ ਵੇਲੇ ਘੁੰਮ ਫਿਰ ਕੇ ਇਕੱਠਿਆਂ ਕਰਦੇ ਹਨ ਅਤੇ ਉਨ੍ਹਾਂ ਦਾ ਕਬਾੜ ਬਣਾ ਕੇ ਉਨ੍ਹਾਂ ਚੀਜ਼ਾਂ ਨੂੰ ਵੇਚ ਕੇ ਰਾਤ ਵੇਲੇ ਖ਼ੂਬ ਮਸਤੀ ਕਰਦੇ ਹਨ, ਪਰ ਇਸ ਸਬੰਧੀ ਫਗਵਾੜਾ ਦੀ ਪੁਲਿਸ ਵੀ ਬਿਲਕੁਲ ਧਿਆਨ ਨਹੀਂ ਦੇ ਰਹੀ ਹੈ | ਇਸ ਸੰਬੰਧੀ ਉੱਥੇ ਦੇ ਰਹਿਣ ਵਾਲੇ ਵਸਨੀਕ ਬਲਵਿੰਦਰ ਸਿੰਘ, ਕੁਲਜੀਤ ਕੌਰ, ਨਵਪ੍ਰੀਤ ਵਾਲੀਆ, ਜੈਸਮੀਨ ਤੇ ਪਲਾਟ ਮਾਲਕ ਅਸ਼ਵਨੀ ਵਾਲੀਆ, ਮਨਜੀਤ ਸਿੰਘ, ਸਰਬਦੀਪ ਸਿੰਘ ਨੇ ਆਖਿਆ ਸਾਡੇ ਆਪਣੇ ਤੇ ਰਿਸ਼ਤੇਦਾਰਾਂ ਦੇ ਇੱਥੇ ਪਲਾਟ ਹਨ ਪਰ ਇਹ ਪ੍ਰਵਾਸੀ ਮਜ਼ਦੂਰ ਸਾਡੇ ਪਲਾਟਾਂ ਵਿਚ ਹੀ ਜੰਗਲ ਪਾਣੀ ਜਾਂਦੇ ਹਨ ਅਤੇ ਅਸੀਂ ਮਕਾਨ ਮਾਲਕਾਂ ਨੂੰ ਵੀ ਕਈ ਵਾਰ ਬੇਨਤੀ ਕੀਤੀ ਕਿ ਤੁਸੀਂ ਆਪਣੇ ਪਲਾਟ ਵਿਚ ਪਖਾਨੇ ਤਾਂ ਜ਼ਰੂਰ ਬਣਾਓ ਪਰ ਉਨ੍ਹਾਂ ਦੇ ਕੰਨਾਂ ਤੇ ਜੰੂ ਨਹੀਂ ਸਰਕਦੀ |