ਸ਼ੈਲਰ ਮਾਲਕਾਂ ਵਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਸਰਕਾਰ ਤੁਰੰਤ ਝੋਨੇ ਦੀ ਬੋਲੀ ਸ਼ੁਰੂ ਕਰਵਾਏ-ਖਾਲਸਾ
ਸੁਲਤਾਨਪੁਰ ਲੋਧੀ,17 ਸਤੰਬਰ (ਪ. ਪ.
ਸੁਲਤਾਨਪੁਰ ਲੋਧੀ,17 ਸਤੰਬਰ (ਪ.ਪ. ਰਾਹੀਂ)-ਬਲਾਕ ਸੁਲਤਾਨਪੁਰ ਲੋਧੀ ਦੀਆਂ ਵੱਖ ਵੱਖ ਮੰਡੀਆਂ ਵਿਚ ਝੋਨੇ ਦੀ ਆਮਦ ਤੇਜ਼ ਹੋ ਚੁੱਕੀ ਹੈ ਪਰ ਸਰਕਾਰ ਵਲੋਂ ਖ਼ਰੀਦ ਸ਼ੁਰੂ ਨਾ ਕੀਤੇ ਜਾਣ ਕਰਕੇ ਸ਼ੈਲਰ ਮਾਲਕਾਂ ਵਲੋਂ ਕਿਸਾਨਾਂ ਦੀ ਵੱਡੇ ਪੱਧਰ ’ਤੇ ਲੁੱਟ ਕੀਤੀ ਜਾ ਰਹੀ ਹੈ | ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾਈ ਆਗੂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਬਲਾਕ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਜਿਨ੍ਹਾਂ ਵਿਚ ਟਿੱਬਾ, ਤਲਵੰਡੀ ਚੌਧਰੀਆਂ, ਸੁਲਤਾਨਪੁਰ ਲੋਧੀ, ਡੱਲਾ, ਡਡਵਿੰਡੀ ਆਦਿ ਦਾ ਦੌਰਾ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਐਤਕੀਂ ਝੋਨੇ ਦੀ ਲਵਾਈ ਅਗੇਤੀ ਹੋਣ ਕਰਕੇ ਮੰਡੀਆਂ ਵਿਚ 1 ਅਕਤੂਬਰ ਤੋਂ ਪਹਿਲਾਂ ਹੀ ਵੱਡੇ ਪੱਧਰ ’ਤੇ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਐਤਕੀਂ ਮੌਸਮ ਸਹੀ ਹੋਣ ਕਰਕੇ ਝੋਨੇ ਦੇ ਦਾਣੇ ਦੀ ਕਵਾਲਿਟੀ ਬਹੁਤ ਵਧੀਆ ਆ ਰਹੀ ਹੈ ਪਰ ਪ੍ਰਾਈਵੇਟ ਸ਼ੈਲਰ ਮਾਲਕਾਂ ਵਲੋਂ ਕਿਸਾਨਾਂ ਨੂੰ ਪੂਰਾ ਭਾਅ ਨਹੀਂ ਦਿੱਤਾ ਜਾ ਰਿਹਾ ਹੈ |ਸਰਕਾਰੀ ਮਾਪਦੰਡਾਂ ’ਤੇ ਪੂਰੀ ਉਤਰਨ ਵਾਲੇ ਝੋਨੇ ਉੱਪਰ ਵੀ 200 ਰੁਪਏ ਤੋਂ ਵੱਧ ਦਾ ਕੱਟ ਲਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਟਿੱਬਾ ਮੰਡੀ ਵਿਚ ਝੋਨੇ ਦੀ ਖ਼ਰੀਦ ਕਰ ਰਹੇ ਇੱਕ ਸ਼ੈਲਰ ਮਾਲਕ ਵਲੋਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਜਥੇਬੰਦੀ ਨੇ ਸਖ਼ਤ ਨੋਟਿਸ ਲਿਆ ਹੈ | ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਕਤ ਸ਼ੈਲਰ ਮਾਲਕ ਨੇ ਕਿਸਾਨਾਂ ਦੀ ਲੁੱਟ ਬੰਦ ਨਾ ਕੀਤੀ ਤਾਂ ਜਥੇਬੰਦੀ ਕਿਸਾਨਾਂ ਦੇ ਸਹਿਯੋਗ ਨਾਲ ਉਸ ਦਾ ਘਿਰਾਓ ਕਰੇਗੀ | ਇਸ ਮੌਕੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਲੁੱਟ ਰੋਕਣ ਲਈ ਕੱਲ ਤੋਂ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਜਾਵੇ |