ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ’ਚ ਅਧਿਆਪਕ ਦਿਵਸ ਸੰਬੰਧੀ ਸਮਾਗਮ ਕਰਵਾਇਆ
ਕਪੂਰਥਲਾ, 7 ਸਤੰਬਰ (ਵਿ. ਪ੍ਰ.)
ਕਪੂਰਥਲਾ, 7 ਸਤੰਬਰ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਚ ਅਧਿਆਪਕ ਦਿਵਸ ਦੇ ਸੰਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗੁਰੂ ਵੰਦਨਾ ਨਾਲ ਹੋਈ ਤੇ ਬਾਅਦ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਵਿਦਿਆਰਥੀਆਂ ਨੇ ਅਧਿਆਪਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਲਈ ਕਈ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਜਿਨ੍ਹਾਂ ਵਿਚ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ, ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਕਾਲਜ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਸਮਾਜ ਦੀ ਨੀਂਹ ਹੁੰਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਆਪਣੇ ਆਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਵਿਕਰਮ ਆਨੰਦ ਤੇ ਰੁਚੀ ਅਨੰਦ ਦੀ ਮੌਜੂਦਗੀ ਵਿਚ ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਕੇਕ ਕੱਟਿਆ | ਉਨ੍ਹਾਂ ਕਾਲਜ ਦੇ ਅਧਿਆਪਕਾਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |