ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ-ਰਜਿੰਦਰ ਸਿੰਘ ਰਾਣਾ, ਰਸ਼ਪਾਲ ਸਿੰਘ
27 ਨੂੰ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਰੈਲੀ ਦਾ ਕੀਤਾ ਸਮਰਥਨ
ਕਪੂਰਥਲਾ, 26 ਅਗਸਤ (ਵਿ. ਪ੍ਰ.)
ਕਪੂਰਥਲਾ, 26 ਅਗਸਤ (ਵਿ.ਪ੍ਰ.)-ਸੰਯੁਕਤ ਕਿਸਾਨ ਮੋਰਚੇ ਦੇ ਕਪੂਰਥਲਾ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ ਤੇ ਜ਼ਿਲ੍ਹਾ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਰੱਤੜਾ ਨੇ ਪੰਜਾਬ ਦੇ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਵਲੋਂ 27 ਅਗਸਤ ਨੂੰ ਦਫ਼ਤਰੀ ਕੰਮਕਾਜ ਠੱਪ ਕਰਕੇ ਡੀ.ਸੀ. ਦਫ਼ਤਰ ਮੂਹਰੇ ਕੀਤੀ ਜਾ ਰਹੀ ਰੈਲੀ ਦੇ ਸਮਰਥਨ ਦਾ ਐਲਾਨ ਕੀਤਾ | ਇਸ ਸਬੰਧ ਵਿਚ ਜਾਰੀ ਇਕ ਬਿਆਨ ਵਿਚ ਇਨ੍ਹਾਂ ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਮੁਲਾਜ਼ਮਾਂ ਦਾ ਹੱਕ ਹੈ ਤੇ ਉਨ੍ਹਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਦੀ ਅਦਾਇਗੀ ਕਰਨੀ ਤੇ ਸਮੇਂ ਸਿਰ ਬਣਦੀਆਂ ਤਨਖ਼ਾਹਾਂ ਦੇਣੀਆਂ, ਵੱਧ ਰਹੀ ਮਹਿੰਗਾਈ ਮੁਤਾਬਿਕ ਬਣਦੇ ਲਾਭ ਤੇ ਭੱਤੇ ਦੇਣੇ ਸਰਕਾਰ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਮੁਲਾਜ਼ਮਾਂ ਵਿਚ ਲਗਾਤਾਰ ਰੋਸ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ ਮੁਲਾਜ਼ਮ, ਆਮ ਲੋਕ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਜਥੇਬੰਦੀਆਂ ਮੁਲਾਜ਼ਮਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੀਆਂ |