ਪੀ.ਐਸ.ਟੀ.ਸੀ. ਪੋਰਟਲ ’ਤੇ ਦਰਜ ਸ਼ਿਕਾਇਤਾਂ ਦਾ ਸੰਬੰਧਿਤ ਵਿਭਾਗ ਇਕ ਹਫ਼ਤੇ ਵਿਚ ਨਿਪਟਾਰਾ ਕਰਨ-ਅਕਾਸ਼ ਬਾਂਸਲ
ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ)-ਪੀ. ਐਸ.
ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ)-ਪੀ.ਐਸ.ਟੀ.ਸੀ. ਪੋਰਟਲ ‘ਤੇ ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਸਬੰਧਿਤ ਵਿਭਾਗ ਇਕ ਹਫ਼ਤੇ ਦੇ ਅੰਦਰ ਨਿਪਟਾਰਾ ਕਰਨ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਚ ਵਪਾਰੀਆਂ ਵਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਪੀ.ਐਸ.ਟੀ.ਸੀ. ਪੋਰਟਲ ‘ਤੇ ਵਪਾਰੀਆਂ ਵਲੋਂ 392 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਜਿਨ੍ਹਾਂ ਵਿਚੋਂ 184 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦਕਿ 105 ਸ਼ਿਕਾਇਤਾਂ ਲਾਗੂ ਕਰਨ ਦੀ ਪ੍ਰਕਿਰਿਆ ਅਧੀਨ ਤੇ 12 ਹੈੱਡ ਕੁਆਰਟਰ ਨੂੰ ਯੋਗ ਕਰਵਾਈ ਲਈ ਭੇਜੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ 16 ਨਵੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜੋ ਲੋੜੀਂਦੀਆਂ ਕਾਰਵਾਈਆਂ ਲਈ ਸਬੰਧਿਤ ਵਿਭਾਗਾਂ ਨੂੰ ਭੇਜੀਆਂ ਜਾਣਗੀਆਂ | ਤਾਸ਼ਪੁਰ ਮਾਰਕੀਟ ਵਿਚ ਵਾਟਰ ਸਪਲਾਈ ਲਾਈਨ ਵਿਛਾਉਣ ਦੀ ਵਪਾਰੀਆਂ ਦੀ ਮੰਗ ਬਾਰੇ ਡਿਪਟੀ ਕਮਿਸ਼ਨਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਤੁਰੰਤ ਤਜਵੀਜ਼ ਭੇਜਣ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੀ ਫੰਡ ਜਾਰੀ ਕਰਨ ਦਾ ਮਾਮਲਾ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ | ਇਸੇ ਤਰ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਨਡਾਲਾ ਤੋਂ ਭੁਲੱਥ ਨਾਲ ਸੜਕ ਨਾਲ ਸਬੰਧਿਤ ਮਾਮਲੇ ਨੂੰ ਹੱਲ ਕਰਨ ਦੀ ਤਜਵੀਜ਼ ਭੇਜਣ ਲਈ ਕਿਹਾ ਤਾਂ ਜੋ ਲੋੜੀਂਦੇ ਫੰਡ ਪ੍ਰਾਪਤ ਕਰਕੇ ਇਸ ਕੰਮ ਨੂੰ ਜੰਗੀ ਪੱਧਰ ‘ਤੇ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਹਰੇਕ ਸ਼ਿਕਾਇਤ ‘ਤੇ ਵੱਖਰੇ ਤੌਰ ‘ਤੇ ਚਰਚਾ ਕੀਤੀ ਜਾਵੇ ਤੇ ਬਕਾਏ ਸ਼ਿਕਾਇਤਾਂ ਦਾ ਨਿਪਟਾਰਾ ਇਕ ਹਫ਼ਤੇ ਵਿਚ ਕਰਨਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਤਕਨੀਕੀ ਤੇ ਪ੍ਰਸ਼ਾਸਨਿਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਵਾਪ ਰੀਆਂ ਦੇ ਮਸਲਿਆਂ ਦੇ ਸਮੇਂ ਸਿਰ ਹੱਲ ਲਈ ਨਿਯਮਿਤ ਤਾਲਮੇਲ ਬਣਾਈ ਰੱਖਣ ਦੀ ਹਦਾਇਤ ਕੀਤੀ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿੱਥੇ ਵੀ ਲੋੜ ਹੋਵੇ ਉਹ ਵਪਾਰੀਆਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਫ਼ੀਲਡ ਮੁਆਇਨਾ ਕੀਤਾ ਜਾਵੇ ਤਾਂ ਜੋ ਜ਼ਮੀਨੀ ਪੱਧਰ ‘ਤੇ ਮਸਲਿਆਂ ਦਾ ਸਹੀ ਮੁਲਾਂਕਣ ਕਰਕੇ ਉਨ੍ਹਾਂ ਦਾ ਸੁਚਾਰੂ ਤਰੀਕੇ ਨਾਲ ਹੱਲ ਕੀਤਾ ਜਾ ਸਕੇ | ਮੀਟਿੰਗ ਵਿਚ ਰਣਦੀਪ ਸਿੰਘ ਹੀਰ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਕਮ ਕਮਿਸ਼ਨਰ ਨਗਰ ਨਿਗਮ, ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ ਦੇ ਨਾਲ ਕਪੂਰਥਲਾ, ਫਗਵਾੜਾ, ਭੁਲੱਥ ਤੇ ਸੁਲਤਾਨਪੁਰ ਲੋਧੀ ਦੇ ਵਪਾਰੀਆਂ ਵਲੋਂ ਪੋਰਟਲ ‘ਤੇ ਦਰਜ ਕਰਵਾਈਆਂ ਸ਼ਿਕਾਇਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਰਣਦੀਪ ਸਿੰਘ ਹੀਰ ਨੇ ਮੀਟਿੰਗ ਵਿਚ ਵਾਪਰੀਆਂ ਨੂੰ ਭਰੋਸਾ ਦਿਵਾਇਆ ਕਿ ਸਮੂਹ ਸਬੰਧਿਤ ਵਿਭਾਗ ਵਪਾਰੀਆਂ ਦੇ ਸਮੱਸਿਆਵਾਂ ਦੇ ਜਲਦੀ ਹੱਲ ਲਈ ਆਪਸੀ ਤਾਲਮੇਲ ਕਰਨ | ਮੀਟਿੰਗ ਵਿਚ ਪੰਜਾਬ ਟਰੇਡਰਜ਼ ਕਮਿਸ਼ਨ ਦੇ ਜ਼ਿਲ੍ਹਾ ਚੇਅਰਪਰਸਨ ਕੰਵਰ ਇਕਬਾਲ ਸਿੰਘ, ਹਰਿੰਦਰ ਮਨੋਚਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ |