ਚੋਰਾਂ ਨੇ ਐਨ. ਆਰ. ਆਈ. ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਾਮਾਨ ਲੈ ਕੇ ਹੋਏ ਫ਼ਰਾਰ
ਭੁਲੱਥ, 6 ਅਗਸਤ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਭਟਨੂਰਾ ਕਲਾਂ ਵਿਖੇ ਇਕ ਐਨ. ਆਰ.
ਭੁਲੱਥ, 6 ਅਗਸਤ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਭਟਨੂਰਾ ਕਲਾਂ ਵਿਖੇ ਇਕ ਐਨ.ਆਰ.ਆਈ. ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਉਸ ਦੇ ਘਰੋਂ ਘਰੇਲੂ ਸਾਮਾਨ ਤੇ ਘਰ ਦੀਆਂ ਟੂਟੀਆਂ ਆਦਿ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਗਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਭਟਨੂਰਾ ਕਲਾਂ ਜੋ ਕਿ ਵਿਦੇਸ਼ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੋ ਕਿ ਪਿੰਡ ਵਿਚ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਰਹਿੰਦੇ ਹਨ ਨੇ ਦੇਖਿਆ ਕਿ ਉਹਨਾਂ ਦੇ ਘਰ ਦੀ ਬਾਰੀ ਖੁੱਲੀ ਹੋਈ ਹੈ | ਸ਼ੱਕ ਪੈਣ ’ਤੇ ਉਹਨਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤੇ ਉਹਨਾਂ ਦੇ ਘਰ ਅੰਦਰ ਪੂਰੀ ਤਰ੍ਹਾਂ ਫੋਲਾ ਫਰੋਲੀ ਕੀਤੀ ਹੋਈ ਸੀ | ਘਰ ਦੇ ਵਿਚ ਪਿਆ ਸਾਮਾਨ ਪੂਰੀ ਤਰ੍ਹਾਂ ਖਿਲਾਰਿਆ ਪਿਆ ਸੀ | ਉਹਨਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ਵਿਚ ਪਈਆਂ ਵਿਦੇਸ਼ੀ ਘੜੀਆਂ, ਕੈਮਰੇ, ਕੱਪੜੇ, ਘਰ ਵਿਚ ਲੱਗੀਆਂ ਸਾਰੀਆਂ ਟੂਟੀਆਂ ਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਜਾ ਚੁੱਕਾ ਸੀ | ਚੋਰ ਘਰ ਵਿਚ ਪਿਛਲੇ ਪਾਸੇ ਤੋਂ ਲੱਗਦੀ ਬਾਰੀ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਕੀਮਤੀ ਸਾਮਾਨ ਚੁਰਾ ਕੇ ਫ਼ਰਾਰ ਹੋ ਗਏ | ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਹਨਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਵਾਪਰੀ ਚੋਰੀ ਦੀ ਘਟਨਾ ਦਾ ਜਾਇਜ਼ਾ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ | ਇਸ ਸਬੰਧੀ ਘਰ ਦੇ ਮਾਲਕਾਂ ਦਾ ਕਹਿਣਾ ਸੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਹਨਾਂ ਦਾ ਸਾਮਾਨ ਵਾਪਸ ਦਿਵਾਇਆ ਜਾਵੇ ਅਤੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ |