ਭਾਗਸਰ ਮਾਈਨਰ ’ਚ ਮਹੀਨੇ ਬਾਅਦ ਮੁੜ ਪਿਆ 50 ਫੁੱਟ ਲੰਮਾ ਪਾੜ
ਮੰਡੀ ਲੱਖੇਵਾਲੀ, 5 ਅਕਤੂਬਰ (ਮਿਲਖ ਰਾਜ)-ਪਿੰਡ ਲੱਖੇਵਾਲੀ ਕੋਲੋਂ ਲੰਘਦੇ ਭਾਗਸਰ ਮਾਈਨਰ ਵਿਚ ਦੁਬਾਰਾ ਫ਼ਿਰ ਇਕ ਮਹੀਨੇ ਬਾਅਦ ਕਰੀਬ 50 ਫੁੱਟ ਲੰਮਾ ਪਾੜ ਪੈ ਗਿਆ, ਜਿਸ ਨਾਲ ਜਿੱਥੇ ਨਹਿਰੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲੱਗਿਆ ਹੈ, ਉੱਥੇ ਹੀ ਝੋਨੇ ਦੀ ਪੱਕੀ ਫ਼ਸਲ ਵਿਚ ਪਾਣੀ ਭਰਨ ਦੇ ਨਾਲ-ਨਾਲ ਨਹਿਰ ਬੰਦ ਹੋਣ ਨਾਲ ਦਰਜਨਾਂ ਪਿੰਡਾਂ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਮੁਤਾਬਕ ਇਹ ਮਾਈਨਰ ਹੁਣ ਇਕ ਹਫ਼ਤੇ ਤੋਂ ਵੱਧ ਬੰਦ ਰਹਿ ਸਕਦੀ ਹੈ।
ਮੰਡੀ ਲੱਖੇਵਾਲੀ, 5 ਅਕਤੂਬਰ (ਮਿਲਖ ਰਾਜ)-ਪਿੰਡ ਲੱਖੇਵਾਲੀ ਕੋਲੋਂ ਲੰਘਦੇ ਭਾਗਸਰ ਮਾਈਨਰ ਵਿਚ ਦੁਬਾਰਾ ਫ਼ਿਰ ਇਕ ਮਹੀਨੇ ਬਾਅਦ ਕਰੀਬ 50 ਫੁੱਟ ਲੰਮਾ ਪਾੜ ਪੈ ਗਿਆ, ਜਿਸ ਨਾਲ ਜਿੱਥੇ ਨਹਿਰੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲੱਗਿਆ ਹੈ, ਉੱਥੇ ਹੀ ਝੋਨੇ ਦੀ ਪੱਕੀ ਫ਼ਸਲ ਵਿਚ ਪਾਣੀ ਭਰਨ ਦੇ ਨਾਲ-ਨਾਲ ਨਹਿਰ ਬੰਦ ਹੋਣ ਨਾਲ ਦਰਜਨਾਂ ਪਿੰਡਾਂ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਮੁਤਾਬਕ ਇਹ ਮਾਈਨਰ ਹੁਣ ਇਕ ਹਫ਼ਤੇ ਤੋਂ ਵੱਧ ਬੰਦ ਰਹਿ ਸਕਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਈਨਰ ਦੇ ਅਖ਼ੀਰਲੇ ਪਿੰਡ ਨਰਮੇ ਦੀ ਖੇਤੀ ਵਾਲੇ ਅਤੇ ਸਿਰਫ਼ ਇਸ ਉਪਰ ਹੀ ਨਿਰਭਰ ਹਨ, ਕਿਉਂਕਿ ਉਨ੍ਹਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਅਤੇ ਨਾ-ਵਰਤਣਯੋਗ ਹੈ। ਇਸ ਤੋਂ ਇਲਾਵਾ ਇਲਾਕੇ ਦੇ ਸਾਰੇ ਹੀ ਪਿੰਡਾਂ ਦੇ ਵਾਟਰ ਵਰਕਸ ਵੀ ਇਸ ਉਪਰ ਨਿਰਭਰ ਹਨ, ਜੋ ਬੰਦ ਹੋਣ ਕਾਰਨ ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਨਗੇ। ਕਿਸਾਨਾਂ ਮੁਤਾਬਕ ਇਹ ਮਾਈਨਰ ਇਸ ਸੀਜ਼ਨ ਦੌਰਾਨ ਕਰੀਬ ਚਾਰ ਵਾਰ ਟੁੱਟ ਚੁੱਕਿਆ ਹੈ। ਇਸ ਮਾਈਨਰ ਦੀ ਸਫ਼ਾਈ ਹੋਈ ਨੂੰ ਲੰਮਾ ਸਮਾਂ ਹੋ ਗਿਆ ਹੈ ਅਤੇ ਮਾਈਨਰ ਵਿਚ ਰੇਤ ਦੀ ਮੋਟੀ ਪਰਤ ਜਮ੍ਹਾਂ ਹੋਣ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਦਰੱਖ਼ਤ ਤੇ ਘਾਹ-ਫੂਸ ਉਗਿਆ ਹੋਇਆ ਹੈ, ਜੋ ਕਿ ਇਸ ਮਾਈਨਰ ਦੇ ਵਾਰ-ਵਾਰ ਟੁੱਟਣ ਦਾ ਕਾਰਨ ਬਣਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਰਹੀ ਲੰਮੀ ਬੰਦੀ ਦੌਰਾਨ ਇਸ ਨੂੰ ਸਾਫ਼ ਕਿਉਂ ਨਹੀਂ ਕਰਵਾਇਆ ਗਿਆ। ਹੁਣ ਜਦੋਂ ਝੋਨਾ ਤੇ ਨਰਮੇ ਦੀ ਪੱਕਣ ’ਤੇ ਆਈ ਫ਼ਸਲ ਨੂੰ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤਾਂ ਫ਼ਿਰ ਮਹਿਕਮੇ ਦੀ ਅਣਗਹਿਲੀ ਕਾਰਨ ਇਹ ਮਾਈਨਰ ਵਾਰ-ਵਾਰ ਟੁੱਟ ਰਿਹਾ ਹੈ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਸੰਬੰਧੀ ਵਿਭਾਗ ਦੇ ਸੰਬੰਧਿਤ ਜੇ.ਈ. ਆਕਾਸ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਆਖਿਆ ਕਿ ਹੁਣ ਇਸ ਮਾਈਨਰ ਦੀ ਮੁਕੰਮਲ ਸਾਫ਼-ਸਫ਼ਾਈ ਕਰਵਾ ਕੇ ਅਤੇ ਟੁੱਟੀਆਂ ਥਾਵਾਂ ਨੂੰ ਪੱਕਾ ਕਰਨ ਬਾਅਦ ਹੀ ਚਲਾਇਆ ਜਾਵੇਗਾ, ਇਸ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।