ਪਿੰਡ ਮਧੀਰ ਵਾਸੀ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਹੋਏ ਇਕਜੁੱਟ
ਗਿੱਦੜਬਾਹਾ, 27 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਮਧੀਰ ਵਾਸੀਆਂ ਨੇ ਇਕਜੁੱਟ ਹੁੰਦਿਆਂ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਬੀੜਾ ਚੁੱਕ ਲਿਆ ਹੈ। ਪਿੰਡ ਦੀ ਗ੍ਰਾਮ ਪੰਚਾਇਤ ਨੇ ਮਤਾ ਪਾ ਕੇ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਵੀ ਪਿੰਡ ਦਾ ਮਾਹੌਲ ਖ਼ਰਾਬ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਗਿੱਦੜਬਾਹਾ, 27 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਮਧੀਰ ਵਾਸੀਆਂ ਨੇ ਇਕਜੁੱਟ ਹੁੰਦਿਆਂ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਬੀੜਾ ਚੁੱਕ ਲਿਆ ਹੈ। ਪਿੰਡ ਦੀ ਗ੍ਰਾਮ ਪੰਚਾਇਤ ਨੇ ਮਤਾ ਪਾ ਕੇ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਵੀ ਪਿੰਡ ਦਾ ਮਾਹੌਲ ਖ਼ਰਾਬ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਕਸਰ ਹੀ ਸੁਣਿਆ ਜਾਂਦਾ ਹੈ ਕਿ ਨੌਜਵਾਨਾਂ ਵਿਚਕਾਰ ਲੜਾਈ-ਝਗੜਿਆਂ ਦੌਰਾਨ ਬਾਹਰੀ ਕੁਝ ਮੁਸ਼ਟੰਡਿਆਂ ਨੂੰ ਬੁਲਾ ਕੇ ਲੜਾਈ-ਝਗੜਿਆਂ ਨੂੰ ਗੰਭੀਰ ਅੰਜਾਮ ਦਿੰਦੇ ਹਨ ਅਤੇ ਕਈ ਵਾਰ ਇਹ ਲੜਾਈ-ਝਗੜਿਆਂ ਦੇ ਨਤੀਜੇ ਵੀ ਮਾੜੇ ਨਿਕਲਦੇ ਹਨ। ਇਸ ਨੂੰ ਮੱਦੇਨਜ਼ਰ ਰੱਖਦਿਆਂ ਪਿੰਡ ਮਧੀਰ ਵਾਸੀਆਂ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੱਡਾ ਇਕੱਠ ਕੀਤਾ ਗਿਆ, ਜਿਸ ਵਿਚ ਸਮੂਹ ਗ੍ਰਾਮ ਪੰਚਾਇਤ ਵੀ ਹਾਜ਼ਰ ਸੀ। ਇਸ ਦੌਰਾਨ ਪਿੰਡ ਦੀ ਪੰਚਾਇਤ ਵਲੋਂ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਕੁਝ ਮਤੇ ਪਾਸ ਕਰਦਿਆਂ ਸਰਪੰਚ ਜਗਦੀਪ ਸਿੰਘ ਨੇ ਮਤਾ ਪੜ੍ਹਦਿਆਂ ਕਿਹਾ ਕਿ ਪਿੰਡ ਵਿਚ ਕਬੂਤਰਬਾਜ਼ੀ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਜਾਂਦੀ ਹੈ, ਕਿਉਂਕਿ ਇਸ ਦੌਰਾਨ ਬਾਹਰੀ ਮੰਡੀਰ ਪਿੰਡ ਵਿਚ ਗੈਰ ਜ਼ਿੰਮੇਵਾਰਨਾ ਤੌਰ ’ਤੇ ਪਿੰਡ ਦਾ ਮਾਹੌਲ ਖ਼ਰਾਬ ਕਰਦੀ ਹੈ। ਜੇਕਰ ਕੋਈ ਵੀ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਕਿਸੇ ਤਰ੍ਹਾਂ ਦਾ ਨਾਜਾਇਜ਼ ਇਕੱਠ ਕਰਕੇ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਖ਼ਿਲਾਫ਼ ਪੁਲਿਸ ਕਾਰਵਾਈ ਤੋਂ ਇਲਾਵਾ ਸੰਬੰਧਿਤ ਧਿਰ ਨੁਕਸਾਨ ਦੀ ਭਰਪਾਈ ਕਰੇਗੀ। ਪਿੰਡ ਦੇ ਕਿਸੇ ਮਾਮਲੇ ਜਾਂ ਲੜਾਈ ਝਗੜੇ ਦੌਰਾਨ ਕੋਈ ਵਿਅਕਤੀ ਬਾਹਰੀ ਮੰਡੀਰ ਨੂੰ ਬੁਲਾ ਕੇ ਕੋਈ ਨੁਕਸਾਨ ਕਰਦਾ ਹੈ ਤਾਂ ਸੰਬੰਧਿਤ ਵਿਅਕਤੀ ਅਤੇ ਬਾਹਰੀ ਮੰਡੀਰ ਖ਼ਿਲਾਫ਼ ਪਿੰਡ ਵਾਸੀ ਆਪਣਾ ਸਖ਼ਤ ਐਕਸ਼ਨ ਲੈਣਗੇ। ਪਿੰਡ ਦੀ ਸੱਥ ਜਾਂ ਸਾਂਝੀ ਜਗ੍ਹਾ ’ਤੇ ਕੋਈ ਵਿਅਕਤੀ ਨਸ਼ਾ ਜਾਂ ਗੈਰ ਸਮਾਜਿਕ ਕੰਮ ਕਰਦਾ ਹੈ ਤਾ ਉਸ ਖ਼ਿਲਾਫ਼ ਵੀ ਪੰਚਾਇਤ ਆਪਣਾ ਐਕਸ਼ਨ ਲੈਣ ਦੀ ਹੱਕਦਾਰ ਹੋਵੇਗੀ ਅਤੇ ਕੋਈ ਪਿੰਡ ਵਾਸੀ ਅਜਿਹੇ ਗੈਰ ਸਮਾਜਿਕ ਅਨਸਰਾਂ ਦੀ ਮਦਦ ਨਹੀਂ ਕਰੇਗਾ। ਉਕਤ ਮਤਿਆਂ ਨੂੰ ਸਮੂਹ ਪਿੰਡ ਵਾਸੀਆਂ ਵਲੋਂ ਹੱਥ ਖੜੇ੍ ਕਰਕੇ ਸਹਿਮਤੀ ਦਿੱਤੀ ਗਈ।