ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਰਿਸਰਚ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ
ਮੋਗਾ, 8 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.
ਮੋਗਾ, 8 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਐਮ.ਫਾਰਮ ਵਿਦਿਆਰਥੀਆਂ ਦੇ ਖੋਜ ਕਾਰਜਾਂ ਦੀ ਸਮੀਖਿਆ ਕਰਨ ਲਈ ਰਿਸਰਚ ਐਡਵਾਈਜ਼ਰੀ ਕਮੇਟੀ (ਆਰ.ਏ.ਸੀ.) ਦੀ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਮੀਟਿੰਗ ਦੌਰਾਨ ਐਮ.ਫਾਰਮ ਦੇ ਹਰੇਕ ਵਿਦਿਆਰਥੀ ਵਲੋਂ ਆਪਣੇ ਖੋਜ ਕਾਰਜ ਨੂੰ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਰਿਸਰਚ ਐਂਡ ਐਡਵਾਈਜ਼ਰੀ ਕਮੇਟੀ ਦੇ ਡੀਨ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਵਿਦਿਆਰਥੀਆਂ ਨੂੰ ਖੋਜ ਕਾਰਜ ਦੌਰਾਨ ਰਿਸਰਚ ਐਥਿਕਸ, ਸਹੀ ਅਤੇ ਪ੍ਰਮਾਣਿਕ ਡਾਟਾ ਦੀ ਵਰਤੋਂ ਕਰਨ ਦੇ ਨਾਲ-ਨਾਲ ਆਧੁਨਿਕ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਸਮੇਂ ਪੂਰੀ ਸਾਵਧਾਨੀ ਵਰਤਣ ਲਈ ਪ੍ਰੇਰਿਤ ਕੀਤਾ। ਮੀਟਿੰਗ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਖੋਜ ਪ੍ਰੋਜੈਕਟਾਂ ‘ਤੇ ਕਮੇਟੀ ਦੇ ਮੈਂਬਰਾਂ ਵਲੋਂ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਦਿਆਰਥੀਆਂ ਨੂੰ ਤਰਕਸੰਗਤ ਖੋਜ, ਹਾਈਪੋਥਿਸਿਸ, ਉਦੇਸ਼ਾਂ ਅਤੇ ਖੋਜ ਕਾਰਜ ਦੀ ਵਿਧੀ ਸਮੇਤ ਵੱਖ-ਵੱਖ ਪੱਖਾਂ ਸਬੰਧੀ ਮਹੱਤਵਪੂਰਨ ਤਕਨੀਕੀ ਸੁਝਾਅ ਦਿੱਤੇ ਗਏ। ਖੋਜ ਦੌਰਾਨ ਪੇਸ਼ ਕੀਤੇ ਜਾਣ ਵਾਲੇ ਡਾਟਾ ਅਤੇ ਨਤੀਜਿਆਂ ਦੀ ਵੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਡਾ. ਜੀ.ਐਸ. ਸ਼ਰਮਾ, ਡਾ. ਬਾਲਕ ਦਾਸ ਕੁਰਮੀ, ਡਾ. ਸੌਰਭ ਕੋਸੇ, ਡਾ. ਸੰਤ ਕੁਮਾਰ ਵਰਮਾ, ਡਾ. ਵੇਦਪਾਲ, ਡਾ. ਭੀਮਾ ਕਿਰਨ, ਡਾ. ਖੜਗ ਰਾਜ, ਡਾ. ਸਿਧਾਰਥ ਮੇਹਨ, ਡਾ. ਵਿਵੇਕ ਅਸਾਠੀ, ਡਾ. ਪ੍ਰੀਤੀ ਪਟੇਲ, ਡਾ. ਨਿਧੀ ਗੁਪਤਾ, ਡਾ. ਸ਼ੁਭਮ ਠਾਕੁਰ, ਡਾ. ਅਮਨਦੀਪ ਸਿੰਘ, ਡਾ. ਸ਼ੁਭਮ ਸਿੰਘ, ਡਾ. ਸ਼ਿਵਮ ਕੁਮਾਰ ਪਾਂਡੇ, ਡਾ. ਮਾਧਵ ਦਿਵੇਦੀ, ਸੀਮਾ ਬਰਾੜ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਖੋਜ ਕਾਰਜ ਸਬੰਧੀ ਤਕਨੀਕੀ ਸੁਝਾਅ ਦਿੱਤੇ। ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੀ ਰਿਸਰਚ ਐਡਵਾਈਜ਼ਰੀ ਕਮੇਟੀ ਵਲੋਂ ਹਰ ਤਿੰਨ ਮਹੀਨੇ ਬਾਅਦ ਵਿਦਿਆਰਥੀਆਂ ਦੇ ਖੋਜ ਕਾਰਜਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਖੋਜ ਕਾਰਜ ਵਿਚ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਮਾਰਗ-ਦਰਸ਼ਨ ਦੇਣ ਦੇ ਨਾਲ-ਨਾਲ ਅੱਗੇ ਵਧਣ ਲਈ ਲੋੜੀਂਦੀ ਤਕਨੀਕੀ ਜਾਣਕਾਰੀ ਅਤੇ ਸੰਸਥਾ ਵਲੋਂ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਗੁਣਵੱਤਾਪੂਰਨ ਅਤੇ ਸਮਾਜ ਲਈ ਲਾਭਦਾਇਕ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਵਲੋਂ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ ਨਾਲ ਲੈਸ ਲੈਬਾਰਟਰੀਆਂ ਅਤੇ ਖੋਜ ਸਹੂਲਤਾਂ ਨੂੰ ਲਗਾਤਾਰ ਅਪਗ੍ਰੇਡ ਕਰਨ ਲਈ ਸੰਸਥਾ ਵਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।