ਪਿਛਲੇ 20 ਸਾਲਾਂ ਤੋਂ ਲੱਖੇਵਾਲੀ ਦੀ ਅਨਾਜ ਮੰਡੀ ਆਬਾਦੀ ਤੋਂ ਬਾਹਰ ਨਹੀਂ ਨਿਕਲੀ
ਮੰਡੀ ਲੱਖੇਵਾਲੀ, 14 ਨਵੰਬਰ (ਮਿਲਖ ਰਾਜ)- ਕਹਿੰਦੇ ਹਨ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਪ੍ਰੰਤੂ ਅਨਾਜ ਮੰਡੀ ਲੱਖੇਵਾਲੀ ਨੂੰ ਬਾਹਰ ਕੱਢਣ ਦੇ ਮਸਲੇ ਨੇ ਇਹ ਕਹਾਵਤ ਵੀ ਝੂਠੀ ਸਾਬਿਤ ਕਰ ਦਿੱਤੀ ਹੈ। ਮਾਮਲਾ ਇਲਾਕੇ ਦੀ ਸਭ ਤੋਂ ਪੁਰਾਣੀ ਅਨਾਜ ਮੰਡੀ ਲੱਖੇਵਾਲੀ ਨੂੰ ਬਾਹਰ ਕੱਢਣ ਦਾ ਹੈ, ਜੋਕਿ ਅੰਗਰੇਜ਼ਾਂ ਨੇ ਆਜ਼ਾਦੀ ਤੋਂ ਪਹਿਲਾਂ ਆਸਪਾਸ ਦੇ ਕਰੀਬ 50 ਪਿੰਡਾਂ ਦੀ ਲੋੜ ਨੂੰ ਦੇਖਦੇ ਹੋਏ ਬਹੁਤ ਹੀ ਸੁੰਦਰ ਨਕਸ਼ੇ ਨਾਲ 8 ਦਰਵਾਜ਼ਿਆਂ ਅਤੇ ਮਜ਼ਬੂਤ ਚਾਰਦੀਵਾਰੀ ਅੰਦਰ ਬਣਾਇਆ ਸੀ।
ਨ
ਨਵੀਂ ਅਨਾਜ ਮੰਡੀ ਦੀ ਉਸਾਰੀ ਦਾ ਨੀਂਹ ਪੱਥਰ ਜੋ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ 04-06-26 ਨੂੰ ਰੱਖਿਆ ਗਿਆ ਅਤੇ ਮੰਡੀ ਦੀ ਬਦਤਰ ਹਾਲਤ ਦਾ ਦ੍ਰਿਸ਼। ਤਸਵੀਰ: ਮਿਲਖ ਰਾਜ
15-11-2026
ਮੰਡੀ ਲੱਖੇਵਾਲੀ, 14 ਨਵੰਬਰ (ਮਿਲਖ ਰਾਜ)- ਕਹਿੰਦੇ ਹਨ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਪ੍ਰੰਤੂ ਅਨਾਜ ਮੰਡੀ ਲੱਖੇਵਾਲੀ ਨੂੰ ਬਾਹਰ ਕੱਢਣ ਦੇ ਮਸਲੇ ਨੇ ਇਹ ਕਹਾਵਤ ਵੀ ਝੂਠੀ ਸਾਬਿਤ ਕਰ ਦਿੱਤੀ ਹੈ। ਮਾਮਲਾ ਇਲਾਕੇ ਦੀ ਸਭ ਤੋਂ ਪੁਰਾਣੀ ਅਨਾਜ ਮੰਡੀ ਲੱਖੇਵਾਲੀ ਨੂੰ ਬਾਹਰ ਕੱਢਣ ਦਾ ਹੈ, ਜੋਕਿ ਅੰਗਰੇਜ਼ਾਂ ਨੇ ਆਜ਼ਾਦੀ ਤੋਂ ਪਹਿਲਾਂ ਆਸਪਾਸ ਦੇ ਕਰੀਬ 50 ਪਿੰਡਾਂ ਦੀ ਲੋੜ ਨੂੰ ਦੇਖਦੇ ਹੋਏ ਬਹੁਤ ਹੀ ਸੁੰਦਰ ਨਕਸ਼ੇ ਨਾਲ 8 ਦਰਵਾਜ਼ਿਆਂ ਅਤੇ ਮਜ਼ਬੂਤ ਚਾਰਦੀਵਾਰੀ ਅੰਦਰ ਬਣਾਇਆ ਸੀ। ਆਜ਼ਾਦੀ ਦੇ 79 ਸਾਲਾਂ ਬਾਅਦ ਅਨਾਜ ਮੰਡੀ ਵਿਚ ਬੇਹੱਦ ਸੰਘਣੀ ਆਬਾਦੀ, ਭੀੜ ਭਰੇ ਬਾਜ਼ਾਰ ਵਧ ਜਾਣ ਅਤੇ ਹਰੀ ਕ੍ਰਾਂਤੀ ਬਾਅਦ ਅਨਾਜ ਉਤਪਾਦਨ ਵਿਚ ਵੱਡਾ ਵਾਧਾ ਹੋਣ ਦੇ ਬਾਵਜੂਦ ਇਸ ਨੂੰ ਬਾਹਰ ਖੁੱਲ੍ਹੀ ਜਗ੍ਹਾ ਵਿਚ ਨਹੀਂ ਕੱਢਿਆ ਗਿਆ। ਲਿਹਾਜ਼ਾ ਸੀਜਨ ਦੇ 2-2 ਮਹੀਨੇ ਇਹ ਮੰਡੀ ਧੂੜ ਭਰੇ ਅੰਬਾਰ ਦਾ ਰੂਪ ਲੈ ਲੈਂਦੀ ਹੈ, ਜਿਸ ਵਿਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਰਹਿੰਦੀ ਕਸਰ ਹੁਣ ਗੰਦੇ ਪਾਣੀ ਦੀ ਨਿਕਾਸੀ ਦੇ ਫ਼ੇਲ੍ਹ ਹੋ ਚੁੱਕੇ ਸਿਸਟਮ ਅਤੇ ਇਸ ਦੇ ਪਿੜਾਂ ਤੋਂ ਆਸਪਾਸ ਦੀਆਂ ਉਚੀਆਂ ਹੋ ਚੁੱਕੀਆਂ ਸੜਕਾਂ ਨੇ ਕੱਢ ਦਿੱਤੀ ਹੈ, ਜਿਸ ਕਾਰਨ ਪਿੜਾਂ ਤੇ ਗਲੀਆਂ ਉਪਰ ਸੀਵਰੇਜ ਦਾ ਗੰਦਾ ਪਾਣੀ ਹਰ ਵੇਲੇ ਭਰਿਆ ਰਹਿੰਦਾ ਹੈ। ਸੰਘਣੀ ਆਬਾਦੀ ਤੇ ਭੀੜ ਭਰੇ ਬਾਜ਼ਾਰ ਕਾਰਨ ਸਭ ਤੋਂ ਵੱਡੀ ਪ੍ਰੇਸ਼ਾਨੀ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਟਰਾਂਸਪੋਰਟਰਾਂ, ਰਿਹਾਇਸ਼ੀ ਪਰਿਵਾਰਾਂ ਸਮੇਤ ਆਮ ਲੋਕਾਂ ਨੂੰ ਹੋ ਰਹੀ ਹੈ। 1997 ਵਿਚ ਬਣੀ ਅਕਾਲੀ-ਭਾਜਪਾ ਸਰਕਾਰ ਵੇਲੇ ਉਸ ਸਮੇਂ ਦੇ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਇਕ ਸੰਗਤ ਦਰਸ਼ਨ ਦੌਰਾਨ ਇਲਾਕਾ ਵਾਸੀਆਂ ਨੇ ਇਹ ਮੰਗ ਉਠਾਈ ਤਾਂ ਉਨ੍ਹਾਂ ਝੱਟ ਮਨਜ਼ੂਰ ਕਰਦਿਆਂ ਪੰਚਾਇਤੀ ਜ਼ਮੀਨ ਦੇਣ ਦੀ ਗੱਲ ਕਹੀ, ਜਿਸ ਦੇ ਸਰਕਾਰ ਨੇ ਪੈਸੇ ਵੀ ਦੇਣੇ ਸਨ, ਲੇਕਿਨ ਬਾਅਦ ਵਿਚ ਲੋਕਲ ਆਗੂਆਂ ਦੀ ਆਪਸੀ ਸਿਆਸੀ ਖਿੱਚੋਤਾਣ ਸਦਕਾ ਪੰਚਾਇਤੀ ਮਤਾ ਨਾ ਪੈਣ ਕਾਰਨ ਇਹ ਮੰਗ ਫ਼ਿਰ ਲਟਕ ਗਈ। ਪਿਛਲੀ ਕਾਂਗਰਸ ਸਰਕਾਰ ਦੌਰਾਨ ਉਸ ਸਮੇਂ ਦੀ ਗ੍ਰਾਮ ਪੰਚਾਇਤ ਲੱਖੇਵਾਲੀ ਨੇ ਮੰਡੀ ਨੂੰ ਬਾਹਰ ਕੱਢਣ ਲਈ ਜ਼ਮੀਨ ਵੀ ਮੰਡੀਕਰਨ ਬੋਰਡ ਦੇ ਨਾਂਅ ਮੁਫ਼ਤ ਰੂਪ ਵਿਚ ਕਰ ਦਿੱਤੀ ਸੀ, ਪ੍ਰੰਤੂ ਅਨਾਜ ਮੰਡੀ ’ਤੇ ਮੰਡੀਕਰਨ ਬੋਰਡ ਦੀ ਮਿਹਰਬਾਨੀ ਫ਼ਿਰ ਨਾ ਹੋਈ ਤੇ ਇਹ ਮਾਮਲਾ ਇਤਰਾਜਾਂ ਵਿਚਕਾਰ ਲਟਕ ਗਿਆ। ਇਸੇ ਦੌਰਾਨ ਮੰਡੀ ਦਾ ਨਿਕਾਸੀ ਸਿਸਟਮ ਵੀ ਜਵਾਬ ਦੇਣ ਲੱਗ ਪਿਆ, ਜਿਸ ਨਾਲ ਲਹਿੰਦੇ ਪਾਸੇ ਰਹਿੰਦੀ ਆਬਾਦੀ ਦੇ ਹਾਲਾਤ ਨਰਕਮਈ ਬਣਦੇ ਗਏ। ਹੋਰ ਕੋਈ ਚਾਰਾ ਨਾ ਚੱਲਦਾ ਵੇਖ ਲੋਕਾਂ ਨੇ ਵੱਡੀਆਂ ਆਸਾਂ ਨਾਲ 2022 ਵਿਚ ਬਦਲਾਅ ਦਾ ਨਾਅਰਾ ਮਾਰਨ ਵਾਲੀ ਨਵੀਂ ਆਮ ਆਦਮੀ ਪਾਰਟੀ ਦੀ ਸੰਭਾਵਿਤ ਵਿਧਾਇਕਾ ਨੂੰ ਮੌਕਾ ਵਿਖਾਇਆ ਅਤੇ ਪਾਰਟੀ ਵਲੋਂ ਦਿੱਤੇ ਵੱਡੇ ਭਰੋਸੇ ਨਾਲ ਅੱਜ ਤੱਕ ਦੀਆਂ ਰਿਕਾਰਡ ਬੰਪਰ ਵੋਟਾਂ ਨਾਲ ‘ਆਪ’ ਨੂੰ ਨਿਵਾਜ ਦਿੱਤਾ। ‘ਆਪ’ ਦੀ ਡਾ. ਬਲਜੀਤ ਕੌਰ ਵਿਧਾਇਕਾ ਬਣੇ ਤੇ ਫ਼ਿਰ ਕੈਬਨਿਟ ਮੰਤਰੀ ਬਣ ਗਏ। ਨਵੀਂ ਸਰਕਾਰ ਤੋਂ ਵੱਡੀਆਂ ਆਸਾਂ ਨਾਲ ਸਮੁੱਚੀ ਗ੍ਰਾਮ ਪੰਚਾਇਤ ਵੀ ‘ਆਪ’ ਨੂੰ ਸੌਂਪ ਦਿੱਤੀ। ਕੈਬਨਿਟ ਮੰਤਰੀ ਦੀ ਲਗਾਤਾਰ ਚਾਰ ਸਾਲਾਂ ਦੀ ਮਿਹਨਤ ਨਾਲ ਅਨਾਜ ਮੰਡੀ ਤੇ ਸੀਵਰੇਜ ਮਨਜ਼ੂਰ ਹੋਇਆ। ਅਨਾਜ ਮੰਡੀ ਦਾ ਉਦਘਾਟਨ ਕੀਤਾ ਗਿਆ ਅਤੇ ਮੰਡੀ ਵਾਸੀਆਂ ਨੇ ਖ਼ੁਸ਼ ਹੋ ਕੇ ਕੈਬਨਿਟ ਮੰਤਰੀ ਨੂੰ ਸਨਮਾਨਿਤ ਵੀ ਕਰ ਦਿੱਤਾ। ਗੰਦੇ ਪਾਣੀ ਦੀ ਨਿਕਾਸੀ ਬਾਰੇ ਉਨ੍ਹਾਂ ਆਖਿਆ ਕਿ ਅਨਾਜ ਮੰਡੀ ਬਾਹਰ ਨਿਕਲਣ ਸਾਰ ਮੰਡੀਕਰਨ ਬੋਰਡ ਐਨ.ਓ.ਸੀ. ਦੇਵੇਗਾ ਤਾਂ ਤੁਰੰਤ ਸੀਵਰੇਜ ਦਾ ਕੰਮ ਸ਼ੁਰੂ ਹੋ ਜਾਵੇਗਾ। ਮਹੀਨਾ ਬੀਤਣ ਬਾਅਦ ਅਨਾਜ ਮੰਡੀ ਦਾ ਫ਼ਿਰ ਵੀ ਕੰਮ ਨਾ ਚੱਲਿਆ ਤਾਂ ਪਤਾ ਲੱਗਿਆ ਕਿ ਅਨਾਜ ਮੰਡੀ ਵਾਲੀ ਜਗ੍ਹਾ ਮਿੱਟੀ ਘੱਟ ਹੈ। ਮੰਡੀ ਵਾਸੀ ਤੇ ਆੜ੍ਹਤੀ ਮਿੱਟੀ ਪਵਾਉਣ। ਮੰਡੀ ਵਾਸੀਆਂ ਵਲੋਂ ਪੈਸੇ ਇਕੱਤਰ ਕੀਤੇ ਗਏ ਤੇ ਮਿੱਟੀ ਪਵਾਈ ਗਈ। ਕੰਮ ਫ਼ਿਰ ਵੀ ਨਾ ਚੱਲਿਆ। ਆਗੂਆਂ ਨੂੰ ਪੁੱਛਿਆ ਤਾਂ ਕਹਿੰਦੇ ਇੱਟਾਂ ਦਾ ਰੇਟ ਵਧ ਗਿਆ। ਰੇਟ ਵਧਾਉਣ ਦੀ ਫਾਈਲ ਮੁੜ ਚੰਡੀਗੜ੍ਹ ਗਈ ਹੈ। ਇੱਟਾਂ ਦਾ ਸਰਕਾਰੀ ਰੇਟ ਵਧਿਆ ਤਾਂ ਪਤਾ ਲੱਗਿਆ ਕਿ ਠੇਕੇਦਾਰ ਨੂੰ ਇੱਟ ਨਹੀਂ ਮਿਲ ਰਹੀ, ਜਦੋਂਕਿ ਇੱਟ ਹਰ ਭੱਠੇ ’ਤੇ ਪਈ ਹੈ। ਥੱਕ ਹਾਰ ਕੇ ਮੰਡੀ ਤੇ ਇਲਾਕਾ ਵਾਸੀ ‘ਊਠ ਦੇ ਬੁੱਲ ਵੱਲ ਦੇਖ ਰਹੇ ਹਨ ਕਿ ਕਦੋਂ ਡਿੱਗੇਗਾ’ ਵਾਂਗ ਅਨਾਜ ਮੰਡੀ ਦੀ ਜ਼ਮੀਨ ਵਿਚ ਉਗੇ ਸਰਕੰਡੇ ਤੇ ਝਾੜ ਬੂਟੇ ਵੇਖ ਛੱਡਦੇ ਹਨ। ਉਹ ਲੀਡਰਾਂ ਤੇ ਅਫ਼ਸਰਸ਼ਾਹੀ ਤੋਂ ਕਾਫ਼ੀ ਨਿਰਾਸ਼ ਹਨ। ਅਨਾਜ ਮੰਡੀ ਲਈ ਪਿਛਲੇ ਕਰੀਬ 8 ਸਾਲਾਂ ਤੋਂ ਖ਼ਾਲੀ ਪਈ ਬੇਹੱਦ ਉਪਜਾਊ ਜ਼ਮੀਨ ਤੋਂ ਹੋਣ ਵਾਲੀ ਆਮਦਨ ਦਾ ਨੁਕਸਾਨ ਵੀ ਪਿੰਡ ਵਾਸੀ ਝੱਲ ਰਹੇ ਹਨ ਅਤੇ ਅਨਾਜ ਮੰਡੀ ਵੀ ਨਹੀਂ ਬਣ ਸਕੀ। ਭਾਵੇਂ ਕਿ ਇਸ ਸਰਕਾਰ ਕੋਲ ਸ਼ੁਰੂ ਤੋਂ ਸਿਰਫ਼ ਇਹੀ ਦੋ ਮੰਗਾਂ ਰੱਖੀਆਂ ਗਈਆਂ ਸਨ, ਜੋ ਪੂਰੀਆਂ ਨਹੀਂ ਹੋ ਸਕੀਆਂ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਇਸ ਅਨਾਜ ਮੰਡੀ ਬਾਰੇ ਪੁੱਛਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ।