18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੁੜੀ ਪੁੜੀ ਪੁੜੀ ਪੁੜੀ

ਪੁੜੀ ਪੁੜੀ ਪੁੜੀ ਪੁੜੀ

Ad Position 21
No active advertisement
ਅਜੀਤ ਡੈਸਕ 18-10-2026

ਨਵੀਂ ਵਿਆਹੀ ਧੀ ਦੇ ਸਹੁਰਿਆਂ ਤੋਂ ਆਏ ਫੋਨ ਨਾਲ ਉਸ ਦੀ ਚਿੰਤਾ ਹੀ ਨਹੀਂ ਵਧੀ, ਸਗੋਂ ਤਰ੍ਹਾਂ-ਤਰ੍ਹਾਂ ਦੇ ਖਿਆਲ ਆਉਣ ਨਾਲ ਉਸ ਦੀ ਰਾਤਾਂ ਦੀ ਨੀਂਦ ਵੀ ਉੱਡ ਗਈ | ਉਸ ਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ ਕਿ ਕਿਹੜੇ ਸਾਕ-ਸੰਬੰਧੀ ਨਾਲ ਕੀ ਗੱਲ ਕਰੇ | ਤਾਣਾ-ਪੇਟਾ ਸਭ ਉਲਝਦਾ ਲੱਗਦਾ | 

 

ਮੈਂ ਤਾਂ ਉਸ ਦੇ ਪਿਓ ਦੀ ਐਕਸੀਡੈਂਟ ਨਾਲ ਹੋਈ ਮੌਤ ਦੇ ਮਿਲੇ ਪੈਸਿਆਂ ਨਾਲ ਚੰਗੇ ਸਰਦੇ-ਪੁੱਜਦੇ ਘਰ ਵਿਆਹ ਕੀਤਾ ਸੀ ਕਿ ਮੇਰੀ ਧੀ ਸਾਰੀ ਉਮਰ ਰਾਜ ਕਰੇਗੀ | ਮੇਰਾ ਕੀ ਆ ਜਿੱਥੇ ਦੋ ਰੋਟੀਆਂ ਮਿਲਣਗੀਆਂ ਖਾ ਲਿਆ ਕਰੂੰ |
ਉਸ ਨੇ ਫੋਨ 'ਤੇ ਇਹ ਸਭ ਸਮਝਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਅੱਗੋਂ ਧੀ ਦੇ ਇਹ ਗੱਲਾਂ ਸਿਰ ਉੱਪਰੋਂ ਦੀ ਲੰਘਦੀਆਂ ਲੱਗਦੀਆਂ ਸਨ |  ਮਾਂ ਨੇ ਕੁਝ ਦਿਨ ਉਧੇੜ-ਬੁਣ ਕਰਦਿਆਂ ਭੰਨਾ ਘੜਤਾਂ 'ਚ ਲੰਘਾ ਤਾਂ ਲਏ ਪਰ ਉਸ ਦੇ ਮਨ ਨੂੰ ਕਿਤੇ ਵੀ ਟਿਕਾ ਨਾ ਮਿਲਿਆ | 'ਕਹਿੰਦੇ ਨੇ ਕਲੇਸ਼ ਦਾ ਮੂੰਹ ਕਾਲਾ ਹੁੰਦਾ, ਕਿਤੇ ਕੋਈ ਅਣਹੋਣੀ ਨਾ ਹੋ ਜਾਵੇ |'
ਇਕ ਦਿਨ ਉਹ ਹੌਸਲਾ ਜਿਹਾ ਕਰ ਕੁੜੀ ਕੋਲ ਉਸਦੇ ਸਹੁਰੇ ਘਰ ਜਾ ਪਹੁੰਚੀ | ਉਸ ਦੂਰ ਅੰਦੇਸ਼ੀ ਨਾਲ ਸੋਚਿਆ |  ਨਿੱਤ ਦਿਹਾੜੇ ਘਰ ਵਿਚਲੇ ਝਗੜੇ ਦਾ ਕਾਰਨ ਉਸ ਨੂੰ ਸਮਝਦਿਆਂ ਦੇਰ ਨਾ ਲੱਗੀ | ਧੀ ਦੀ ਜਰੈਂਦ ਤੇ ਕਾਰ -  ਵਿਵਹਾਰ ਉਸ ਤੋਂ ਕੁਝ ਲੁਕਿਆ ਨਹੀਂ ਸੀ ਹੋਇਆ | ਇਸ ਲਈ ਧੀ ਨੂੰ ਨਾਲ ਲੈ ਆਥਣੇ ਆਪਣੇ ਘਰ ਆ ਪਹੁੰਚੀ | 
ਜਦੋਂ ਆਪਸ ਵਿਚ ਦੋਹਾਂ ਦੀ ਗੱਲਬਾਤ ਹੋਈ ਤਾਂ ਮਾਂ ਨੇ ਆਖਿਆ, 'ਦੇਖ ਧੀਏ ਮੇਰੇ ਕੋਲ ਤਾਂ ਜੋ ਕੁਝ ਸੀ ਉਹ ਸਭ ਤੇਰੇ ਵਿਆਹ 'ਤੇ ਖਰਚ ਕਰਤਾ | ਜੇ ਤੂੰ ਤਲਾਕ ਦੀ ਗੱਲ ਕਰਦੀ ਹੈਂ ਤਾਂ ਮੁੜ ਇਸੇ ਘਰ 'ਚ ਮਿਹਨਤ ਮਜ਼ਦੂਰੀ ਕਰ ਜੀਵਨ ਬਸਰ ਕਰਨਾ ਪਊ | ਕਿਉਂ ਨਾ ਹੋਵੇ ਆਪਾਂ ਤੇਰੇ ਘਰ ਵਾਲੇ ਨੂੰ ਕੁਝ ਦੇ ਕੇ ਮਾਰ ਦਈਏ, ਤਾਂ ਕਿ ਤੂੰ ਅੱਧੀ ਜਾਇਦਾਦ ਦੀ ਮਾਲਕ ਬਣ ਸਕੇਂ | ਸਾਰੀ ਉਮਰ ਐਸ਼ ਕਰੇਂਗੀ' ਕੁੜੀ ਦੇ ਇਹ ਗੱਲ ਮਨ ਲੱਗ ਗਈ | 'ਇਹ ਗੱਲ ਆਪਣੇ ਦੋਵਾਂ ਵਿਚ ਰਹੇ | ਇਸ ਕੰਮ ਲਈ ਤੈਨੂੰ ਥੋੜ੍ਹੀ ਮਿਹਨਤ ਕਰਨੀ ਪਵੇਗੀ |' ਮਾਂ ਦੀ ਗੱਲ ਸੁਣ ਕੇ ਸਾਹਮਣੇ ਬੈੱਡ 'ਤੇ ਢੋ ਲਾਈ ਬੈਠੀ ਕੁੜੀ ਨੇ ਹਾਂ 'ਚ ਸਿਰ ਹਿਲਾਇਆ ਤੇ ਜਲਦੀ ਨਾਲ ਉਤਾਵਲੀ ਹੋ ਕੇ ਪੁੱਛਿਆ 'ਉਹ ਕਿਵੇਂ?'
'ਬਸ ਤੂੰ 40 ਦਿਨ ਘਰ ਚ ਕਲੇਸ਼ ਨਹੀਂ ਪੈਣ ਦੇਣਾ ਆਪਣੇ ਸਹੁਰੇ ਪਰਿਵਾਰ ਦੀ ਹਰ ਤਰ੍ਹਾਂ ਦੀ ਗੱਲ ਮੰਨਣੀ ਐ | ਦਾਲ ਸਬਜ਼ੀ ਵਧੀਆ ਬਣਾ ਕੇ ਆਹ ਪੁੜੀ 'ਚੋਂ ਇਕ ਚੁਟਕੀ ਜ਼ਹਿਰ ਘਰ ਵਾਲੇ ਦੀ ਦਾਲ ਸਬਜ਼ੀ  'ਚ ਪਾ ਕੇ ਦੇਣੀ ਆ | ਬਾਬੇ ਦੇ ਦਿੱਤੇ ਸਮੇਂ ਮੁਤਾਬਕ ਉਸ ਦਾ ਮਰਨਾ ਪੂਰੀ ਤਰ੍ਹਾਂ ਤੈਅ ਆ |'
'ਤੇਰਾ ਪਿਆਰ ਮੁਹੱਬਤ ਦੇਖ ਕੇ ਕਿਸੇ ਦੇ ਸ਼ੱਕ ਦੀ ਸੂਈ ਤੇਰੇ ਵੱਲ ਨਹੀਂ ਆਵੇਗੀ | ਕਹਿੰਦੇ ਹੁੰਦੇ ਆ ਸੱਪ  ਵੀ ਮਰਜੂ ਤੇ ਸੋਟੀ ਵੀ ਨਹੀਂ ਟੁੱਟੂ |'
ਹੁਣ ਧੀ ਦੇ ਸਹੁਰੀਂ ਜਾਣ ਤੋਂ ਬਾਅਦ ਕਈ ਦਿਨਾਂ ਤੱਕ ਕੋਈ ਤਲਖੀ ਭਰਿਆ ਫੋਨ ਨਾ ਆਇਆ ਜਿਵੇਂ ਮਾਂ ਦੀ ਸਕੀਮ ਕੰਮ ਕਰ ਰਹੀ ਹੋਵੇ | ਅੱਜ ਸਵੇਰੇ ਤੜਕੇ ਬਨੇਰੇ 'ਤੇ ਕਾਂ ਬੋਲਣ ਲੱਗਿਆ |
ਮਾਂ ਜਲਦੀ ਨਾਲ ਝਾੜੂ ਚੁੱਕ ਵਿਹੜਾ ਸੁੰਭਰਨ ਲੱਗੀ ਤਾਂ ਬਾਰ ਅੱਗੇ ਆ ਧੀ - ਜਵਾਈ ਦਾ ਮੋਟਰਸਾਈਕਲ ਰੁਕਿਆ | ਉਸ ਤੋਂ ਉਤਰੇ ਧੀ-ਜਵਾਈ ਨੂੰ ਦੇਖ ਉਹ ਹੱਕੀ-ਬੱਕੀ ਰਹਿ ਗਈ | ਧੀ ਭੱਜ ਕੇ ਆ ਮਾਂ ਦੇ ਗਲ ਲੱਗ ਹੁਬਕੀਂ-ਹੁਬਕੀਂ ਰੋਣ ਲੱਗੀ |
'ਮੈਥੋਂ ਬਹੁਤ ਵੱਡਾ ਗੁਨਾਹ ਹੋ ਗਿਆ ਮਾਂ | ਰੱਬ ਨੇ ਕਦੇ ਮੈਨੂੰ ਮਾਫ਼ ਨਹੀਂ ਕਰਨਾ | ਜਿਹਨੂੰ ਮੈਂ ਰੋਜ਼ ਦਿਹਾੜੇ ਮਾਰਨ ਲਈ ਜ਼ਹਿਰ ਪਾ ਕੇ ਦੇ ਰਹੀ ਆਂ, ਉਹ ਮੇਰਾ ਮਿੰਟ ਦਾ ਵਸਾਹ ਨਹੀਂ ਕਰਦਾ | ਮੇਰੇ ਸਾਹ 'ਚ ਸਾਹ ਲੈਂਦਾ, ਪਿਆਰ ਨਾਲ ਬੋਲਦਾ,  ਪਿਆਰ ਨਾਲ ਰਹਿੰਦਾ, ਮੈਂ ਇਹ ਕੀ ਕਰ ਬੈਠੀ? ਮੇਰੀ ਕਿਉਂ ਮੱਤ ਮਾਰੀ ਗਈ |'
'ਧੀਏ ਤੇਰੀ ਕੋਈ ਮੱਤ ਨਹੀਂ ਮਾਰੀ ਗਈ, ਮੇਰੇ ਵਲੋਂ ਦਿੱਤੀ ਪੁੜੀ 'ਚ ਕੋਈ ਜ਼ਹਿਰ ਨਹੀਂ ਸੀ | ਉਸ ਵਿਚ ਤਾਂ ਮਨ 'ਚ ਮਿਠਾਸ ਘੋਲਣ ਲਈ ਮਿਸ਼ਰੀ ਪਾਊਡਰ ਲਪੇਟਿਆ ਹੋਇਆ ਸੀ |'
ਇਹ ਸੁਣ ਧੀ ਨੇ ਮਾਂ ਦੇ ਗਲ ਪਾਈਆਂ ਬਾਹਾਂ ਦੀ ਜਕੜ ਹੋਰ ਵਧੇਰੇ ਕੱਸ ਲਈ | ਉਸ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਤੈਰਨ ਲੱਗੇ | ਉਸ ਦੇ ਮੂੰਹੋਂ ਆਪ-ਮੁਹਾਰੇ ਸ਼ਬਦ ਨਿਕਲੇ, 'ਜੇ ਸਾਰੀਆਂ ਮਾਵਾਂ ਆਪਣੀਆਂ ਧੀਆਂ ਨੂੰ ਅਜਿਹੀ ਅਕਲ ਵਾਲੀਆਂ ਪੁੜੀਆਂ ਦੇਣ ਤਾਂ ਕੋਰਟ-ਕਚਹਿਰੀਆਂ 'ਚ ਭੀੜ ਘੱਟ ਸਕਦੀ ਆ |'

-ਪਿੰਡ ਤੇ ਡਾਕਖਾਨਾ ਕੁਹਾੜਾ
ਸੰਪਰਕ : 84370-48523

 

Ad Position 22
No active advertisement
ਪਿਛਲੀ ਖ਼ਬਰ ਤਪਦੇ ਸੂਰਜ੍ਰ ਅਗਲੀ ਖ਼ਬਰ ਸੂਚਨਾ ਦੇ ਅਧਿਕਾਰ ਦੇ 21 ਸਾਲਾਂ ਦੇ ਸਫ਼ਰ ਨੂੰ ਦਰਸਾਉਂਦੀ ਪੁਸਤਕ ਲੋਕ ਅਰਪਣ
Ad Position 24