ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵਲੋਂ ਇਥੇ ਫਰੀਮਾਂਟ ਦੇ ਪੈਰਾਡਈਜ਼ ਬਾਲਰੂਮ ਵਿਖੇ 26ਵੀਂ ਵਿਸ਼ਵ ਪੰਜਾਬੀ ਸਾਹਿਤਕ ਕਾਨਫ਼ਰੰਸ ਕਰਵਾਈ ਗਈ, ਜਿਸ ਵਿਚ ਭਾਰਤ, ਪਾਕਿਸਤਾਨ, ਕੈਨੇਡਾ, ਯੂ.ਕੇ. ਅਤੇ ਅਮਰੀਕਾ ਤੋਂ ਨਾਮਵਰ ਵਿਦਵਾਨਾਂ, ਲੇਖਕਾਂ, ਕਵੀਆਂ ਅਤੇ ਸਾਹਿਤ-ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ | ਸਮੁੱਚੀ ਕਾਨਫ਼ਰੰਸ ਦੌਰਾਨ ਪੰਜਾਬੀ ਭਾਸ਼ਾ ਦੇ ਵਰਤਮਾਨ, ਸਾਹਿਤ ਦੇ ਸਰੋਕਾਰਾਂ ਅਤੇ ਨਵੀਂ ਪੀੜ੍ਹੀ ਤੱਕ ਪੰਜਾਬੀ ਨੂੰ ਪਹੁੰਚਾਉਣ ਦੀਆਂ ਚੁਣੌਤੀਆਂ ਬਾਰੇ ਗੰਭੀਰ ਅਤੇ ਸਾਰਥਕ ਵਿਚਾਰ-ਵਟਾਂਦਰਾ ਹੋਇਆ | 26 ਸਤੰਬਰ ਦੀ ਸ਼ਾਮ ਨੂੰ ਕੈਲਫ਼ੋਰਨੀਆ ਦੀ ਸਹਿਯੋਗੀ ਸੰਸਥਾ ਪੰਜਾਬ ਲੋਕ ਰੰਗ ਵਲੋਂ ਸੁਰਿੰਦਰ ਸਿੰਘ ਧਨੋਆ ਦੀ ਨਿਰਦੇਸ਼ਨਾ ਹੇਠ 'ਬੰਦਾ ਸਿੰਘ ਬਹਾਦਰ' ਨਾਟਕ ਖੇਡਿਆ ਗਿਆ | ਡਾ. ਆਤਮ ਸਿੰਘ ਰੰਧਾਵਾ ਅਤੇ ਡਾ. ਨਬੀਲਾ ਰਹਿਮਾਨ ਨੇ ਇਤਿਹਾਸ ਨੂੰ ਨਿਰਪੱਖ ਅਤੇ ਲੋਕਾਈ ਦੇ ਨਜ਼ਰੀਏ ਤੋਂ ਪੇਸ਼ ਕਰਨ ਲਈ ਨਾਟਕ ਦੀ ਪ੍ਰਸੰਸਾ ਕੀਤੀ |
ਕਾਨਫ਼ਰੰਸ ਦੀ ਸ਼ੁਰੂਆਤ ਵਿਚ ਪੰਡਿਤ ਹਬੀਬ ਖਾਨ ਨੇ ਸਿਤਾਰ ਵਾਦਨ ਰਾਹੀਂ ਸਰੋਤਿਆਂ ਨੂੰ ਸੰਗੀਤਕ ਰਸ ਨਾਲ ਜੋੜਿਆ ਤੇ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੇ ਆਪਣੀ ਗਾਇਨ ਕਲਾ ਨਾਲ ਸੰਗੀਤਕ ਮਾਹੌਲ ਸਿਰਜਿਆ | ਪ੍ਰਧਾਨਗੀ ਭਾਸ਼ਣ ਵਿਚ ਵਿਪਸਾ ਦੇ ਪ੍ਰਧਾਨ ਕੁਲਵਿੰਦਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ | 'ਪੰਜਾਬ, ਭਾਰਤ ਅਤੇ ਵਿਦੇਸ਼ ਵਿਚ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਚੁਣੌਤੀਆਂ' ਵਿਸ਼ੇ 'ਤੇ ਚਰਚਾ ਦੌਰਾਨ ਕੇਂਦਰਿਤ ਸੈਸ਼ਨ ਦੇ ਮੁੱਖ ਮਹਿਮਾਨ ਡਾ. ਜਸਵੀਰ ਗਿੱਲ, ਡਾ. ਨਬੀਲਾ ਰਹਿਮਾਨ ਤੇ ਮੁੱਖ ਵਕਤਾ ਖਾਲਸਾ ਕਾਲਜ ਅੰਮਿ੍ਤਸਰ ਦੇ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਪੰਜਾਬੀ ਭਾਸ਼ਾ ਦੇ ਵਿਕਾਸ, ਇਸ ਦੇ ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਅਤੇ ਵਿਦੇਸ਼ਾਂ ਵਿਚ ਪੰਜਾਬੀ ਦੇ ਭਵਿੱਖ ਬਾਰੇ ਵਿਚਾਰ ਪੇਸ਼ ਕੀਤੇ |
ਹੋਰਨਾਂ ਵਿਚ ਡਾ. ਪਿ੍ਥੀਪਾਲ ਸਿੰਘ ਸੋਹੀ, ਸੁਖਵਿੰਦਰ ਕੰਬੋਜ, ਡਾ. ਮੋਨੋਜੀਤ, ਹਰਜਿੰਦਰ ਕੰਗ, ਅਮਰਜੀਤ ਪੰਨੂੰ ਤੇ ਕਰਨੈਲ ਕੈਲ ਸ਼ਾਮਿਲ ਸਨ ਤੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਨਬੀਲਾ ਰਹਿਮਾਨ ਨੇ ਦੋਹਾਂ ਪੰਜਾਬਾਂ ਵਿਚ ਹੀ ਪੰਜਾਬੀਆਂ ਵਲੋਂ ਆਪਣੀ ਮਾਂ ਬੋਲੀ ਨੂੰ ਅਪਣਾਉਣ ਤੋਂ ਪਾਸਾ ਵੱਟਣ ਨਾਲ ਹੋਇਆ ਵੱਡਾ ਨੁਕਸਾਨ ਦੱਸਿਆ | ਕਾਨਫ਼ਰੰਸ ਦਾ ਦੂਜਾ ਸੈਸ਼ਨ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਸਾਂਝੇ ਇਤਿਹਾਸ ਅਤੇ ਚੁਣੌਤੀਆਂ ਨਾਲ ਸੰਬੰਧਿਤ ਸੀ ਤੇ ਸੈਸ਼ਨ ਵਿਚ ਮੁੱਖ-ਵਕਤਾ ਲਹਿੰਦੇ ਪੰਜਾਬ ਤੋਂ ਓਰੀਐਂਟਲ ਕਾਲਜ ਲਾਹੌਰ ਦੀ ਪਿ੍ੰਸੀਪਲ ਡਾ. ਨਬੀਲਾ ਰਹਿਮਾਨ, ਡਾ. ਰਾਜੇਸ਼ ਸ਼ਰਮਾ, ਭੁਪਿੰਦਰ ਮੱਲ੍ਹੀ, ਸੁਰਜੀਤ ਸਖੀ ਤੇ ਸੁਰਿੰਦਰ ਸੀਰਤ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆਂ ਗਿਆ |
ਤੀਜਾ ਸੈਸ਼ਨ 'ਸਾਹਿਤ ਅਤੇ ਸਾਹਿਤਕਾਰ - ਜਿੱਥੇ ਭਾਸ਼ਾ ਦੀ ਤਕਦੀਰ ਬਦਲਦੀ ਹੈ' ਵਿਸ਼ੇ 'ਤੇ ਕੇਂਦਰਿਤ ਰਿਹਾ | ਪ੍ਰਸਿੱਧ ਸ਼ਾਇਰ ਜਸਵਿੰਦਰ ਇਸ ਸੈਸ਼ਨ ਦੇ ਮੁੱਖ ਮਹਿਮਾਨ ਸਨ, ਜਦਕਿ ਪ੍ਰਧਾਨਗੀ ਡਾ. ਗੁਰਪ੍ਰੀਤ ਧੁੱਗਾ ਨੇ ਕੀਤੀ | ਮੁੱਖ ਬੁਲਾਰੇ ਡਾ. ਰਾਜੇਸ਼ ਸ਼ਰਮਾ ਨੇ ਸਾਹਿਤ ਦੀ ਪਰਿਭਾਸ਼ਾ, ਸਾਹਿਤਕਾਰ ਦੀ ਭੂਮਿਕਾ ਅਤੇ ਸਾਹਿਤ ਦੇ ਸਮਾਜ ਨਾਲ ਰਿਸ਼ਤੇ ਸਮੇਤ ਕਈ ਅਹਿਮ ਪੱਖਾਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਹਿਤਕਾਰ ਨੂੰ ਭਾਸ਼ਾ ਦੇ ਸਿਰਜਕ ਵਜੋਂ ਆਪਣੀ ਭੂਮਿਕਾ ਪਹਿਚਾਨਣ ਦੀ ਲੋੜ ਹੈ |
ਚੌਥਾ ਸੈਸ਼ਨ 'ਨਵੀਂ ਪੀੜ੍ਹੀ ਅਤੇ ਅਮਰੀਕਾ ਵਿਚ ਪੰਜਾਬੀ ਭਾਸ਼ਾ ਦਾ ਪ੍ਰਸਾਰ ਅਤੇ ਸਿੱਖਿਆ' ਵਿਸ਼ੇ ਨੂੰ ਸਮਰਪਿਤ ਸੀ | ਇਸ ਦੇ ਮੁੱਖ ਮਹਿਮਾਨ ਬਲਵਿੰਦਰ ਸਿੰਘ (ਲਾਲੀ) ਧਨੋਆ ਸਨ ਅਤੇ ਪ੍ਰਧਾਨਗੀ ਡਾ. ਪਿਆਰਾ ਸਿੰਘ ਕੁੱਦੋਵਾਲ ਨੇ ਕੀਤੀ | ਇਸ ਸੈਸ਼ਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਨਵੀਂ ਪੀੜ੍ਹੀ ਨਾਲ ਸੰਬੰਧਿਤ ਬੱਚਿਆਂ, ਅਸੀਸ ਕੌਰ, ਨਵਨੂਰ ਕੌਰ ਅਤੇ ਹਰਮੇਹਰ ਕੌਰ ਨੇ ਖ਼ੁਦ ਪੰਜਾਬੀ ਭਾਸ਼ਾ ਸਿੱਖਣ ਦੇ ਆਪਣੇ ਤਜਰਬੇ ਬਾਰੇ ਵਿਚਾਰ ਸਾਂਝੇ ਕੀਤੇ | ਦਲਜੀਤ ਸਰਾਂ, ਮਨਜੀਤ ਕੌਰ ਸੇਖੋਂ, ਐਸ, ਅਸ਼ੋਕ ਭੌਰਾ, ਬਲਬੀਰ ਸਿੰਘ ਐਮ. ਏ. ਤੇ ਮਸੂਦ ਮੱਲ੍ਹੀ ਨੇ ਵਿਸ਼ੇ ਨੂੰ ਗੰਭੀਰਤਾ ਨਾਲ ਛੋਹਿਆ | ਵਿਪਸਾ ਦੇ ਬਾਨੀ ਮੈਂਬਰ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸੂਫ਼ੀ ਅਤੇ ਮਿਆਰੀ ਲੋਕ ਗਾਇਕੀ ਨਾਲ ਸ਼ਿੱਦਤ ਨਾਲ ਜੁੜੇ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੂੰ ਉਨ੍ਹਾਂ ਦੇ ਪੰਜਾਬੀ ਸੰਗੀਤ ਵਿਚ ਪਾਏ ਗਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ |
ਕਾਨਫ਼ਰੰਸ ਦੇ ਅੰਤ ਵਿਚ ਵਿਸ਼ਾਲ ਕਵੀ ਦਰਬਾਰ ਹੋਇਆ | ਜਿਸ ਵਿਚ ਵੱਡੀ ਗਿਣਤੀ 'ਚ ਪੁੱਜੇ ਸ਼ਾਇਰਾਂ ਨੇ ਬਾ-ਕਮਾਲ ਕਲਾਮ ਪੇਸ਼ ਕੀਤੇ | ਵੱਖ-ਵੱਖ ਸੈਸ਼ਨਾਂ ਦਾ ਖ਼ੂਬਸੂਰਤ ਸੰਚਾਲਨ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ, ਲਾਜ ਨੀਲਮ ਸੈਣੀ, ਹਰਿੰਦਰ ਕੌਰ ਸੋਹੀ ਤੇ ਸ਼ਾਇਰ ਹਰਜਿੰਦਰ ਕੰਗ ਨੇ ਕੀਤਾ | ਇਹ ਕਾਨਫਰੰਸ ਅਮਰੀਕਾ ਵਰਗੇ ਰੁਝੇਵਿਆਂ ਭਰੇ ਮੁਲਕ 'ਚ ਪੰਜਾਬੀ ਦੇ ਵਿਕਾਸ ਤੇ ਪ੍ਰਫੁੱਲਤਾ ਵੱਲ ਵਿਪਸਾ ਦਾ ਵੱਡਾ ਤੇ ਚੰਗਾ ਉੱਦਮ ਸੀ |
ਈ-ਮੇਲ : ashokbhaura@gmail.com