ਰੈਲੀ ਵਿਚ ਭਾਰੀ ਇਕੱਠ ਕਰਨ ਲਈ ਲੇਬਰ ਚੌਕ ਵਿਚ ਖੜੋਤੇ ਸਾਰੇ ਮਜ਼ਦੂਰਾਂ ਨੂੰ ਟਰੱਕ ਵਿਚ ਬਿਠਾ ਲਿਆ | ਆਪਣੇ ਸਾਥੀਆਂ ਨਾਲ ਰੋਟੀ ਵਾਲਾ ਥੈਲਾ ਲੈ ਕੇ ਉਹ ਵੀ ਟਰੱਕ 'ਤੇ ਚੜ੍ਹ ਗਿਆ | ਲੈ ਕੇ ਜਾਣ ਵਾਲਾ ਆਗੂ ਉਨ੍ਹਾਂ ਨੂੰ ਕਹਿ ਰਿਹਾ ਸੀ, 'ਥੋਡੇ ਰੋਟੀ-ਪਾਣੀ ਦਾ ਉਥੇ ਵਧੀਆ ਪ੍ਰਬੰਧ ਐ | ਬਸ ਨਿਚਲੇ ਹੋ ਕੇ ਇਕੱਠ ਵਿਚ ਬਹਿ ਜਾਇਓ | ਜਿਵੇਂ ਹੋਰ ਨਾਅਰੇ ਲਾਉਣਗੇ, ਤੁਸੀਂ ਵੀ ਉਵੇਂ-ਜਿਵੇਂ ਉੱਚੀ ਆਵਾਜ਼ ਵਿਚ ਨਾਅਰੇ ਲਾਉਣੇ ਨੇ |' ਚਾਰ-ਪੰਜ ਘੰਟੇ ਲੀਡਰ ਰੈਲੀ ਵਿਚ ਭਾਸ਼ਨ ਕਰਦੇ ਰਹੇ | ਉਸ ਦੇ ਕੱਖ ਪੱਲੇ ਨਹੀਂ ਪਿਆ | ਉਸ ਦਾ ਧਿਆਨ ਤਾਂ ਘਰ ਦੀਆਂ ਲੋੜਾਂ 'ਤੇ ਕੇਂਦਰਤ ਸੀ | ਰੈਲੀ ਖਤਮ ਹੋਣ ਉਪਰੰਤ ਆਗੂ ਨੇ ਉਨ੍ਹਾਂ ਨੂੰ ਫਿਰ ਟਰੱਕ ਵਿਚ ਤੁੰਨ ਦਿੱਤਾ | ਅਗਾਂਹ ਜਾ ਕੇ ਇਕ ਸ਼ਰਾਬ ਦੇ ਠੇਕੇ ਮੂਹਰੇ ਟਰੱਕ ਰੁਕ ਗਿਆ | ਆਗੂ ਨੇ ਹੁੱਬ ਕੇ ਸਾਰਿਆਂ ਨੂੰ ਕਿਹਾ, 'ਪੀ ਲਓ, ਜਿੰਨਾ ਥੋਡਾ ਦਿਲ ਕਰਦੈ |'
![]()
ਉਸ ਦੇ ਸਾਥੀ ਠੇਕੇ ਵੱਲ ਉਲਰ ਗਏ | ਉਹ ਨਿੰਮੋਝੂਣਾ ਜਿਹਾ ਹੋ ਕੇ ਟਰੱਕ ਤੋਂ ਉਤਰਿਆ ਅਤੇ ਆਗੂ ਕੋਲ ਜਾ ਕੇ ਕਹਿਣ ਲੱਗਿਆ, 'ਮੈਂ ਜੀ ਦਾਰੂ ਨਹੀਂ ਪੀਂਦਾ | ਮੈਨੂੰ ਤਾਂ ਘਰ ਲਈ ਰਾਸ਼ਨ ਲੈ ਦਿਓ | ਮੇਰੇ ਗਏ ਤੋਂ ਘਰ ਚੁੱਲ੍ਹਾ ਬਲਣੈ, ਨਹੀਂ ਫਿਰ ਸਾਰਾ ਟੱਬਰ ਭੁੱਖੇ ਪੇਟ ਸਊਾਗਾ |'
ਆਗੂ ਨੇ ਅਹਿਸਾਨ ਜਿਤਾਉਂਦਿਆਂ ਉਸ ਦੀ ਤਲੀ 'ਤੇ ਪੰਜਾਹ-ਪੰਜਾਹ ਦੇ ਚਾਰ ਨੋਟ ਰੱਖ ਦਿੱਤੇ |
-ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ |
ਮੋਬਾਈਲ : 94171-48866