ਜਲੰਧਰ, 9 ਨਵੰਬਰ(ਅ.ਬ.)- ਅਕਾਲ ਆਈ ਹਸਪਤਾਲ ਐਂਡ ਲੇਸਿਕ ਲੇਜ਼ਰ ਸੈਂਟਰ, ਮਾਡਲ ਟਾਊਨ, ਜਲੰਧਰ ਵਲੋਂ ਸਿੰਘ ਸਾਹਿਬ ਗਿਆਨੀ ਸਾਧੂ ਸਿੰਘ ਭੌਰਾ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਦੀ ਪਵਿੱਤਰ ਯਾਦ ’ਚ ਲੋੜਵੰਦ ਤੇ ਆਰਥਿਕ ਤੌਰ ‘ਤੇ ਕਮਜ਼ੋਰ ਮਰੀਜ਼ਾਂ ਲਈ ਆਧੁਨਿਕ ਫੇਕੋ ਵਿਧੀ ( Phacoemulsification) ਰਾਹੀਂ ਲੈਂਜ਼ ( IOL ) ਪਾ ਕੇ ਮੋਤੀਆਬਿੰਦ ਦੇ ਮੁਫ਼ਤ ਅਪਰੇਸ਼ਨ ਕਰਨ ਦੀ ਵਿਸ਼ੇਸ਼ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੁੱਖ ਅੱਖਾਂ ਦੇ ਸਰਜਨ ਅਤੇ ਮੈਡੀਕਲ ਡਾਇਰੈਕਟਰ ਡਾ. ਬਲਬੀਰ ਸਿੰਘ ਭੌਰਾ ਨੇ ਦੱਸਿਆ ਕਿ ਹਰ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਤੇ ਅਪਰੇਸ਼ਨ ਲਈ ਅਪਾਇੰਟਮੈਂਟ ਦਿੱਤੀ ਜਾਵੇਗੀ। ਐਤਵਾਰ ਨੂੰ ਦਿੱਤੀਆਂ ਗਈਆਂ ਅਪਾਇੰਟਮੈਂਟਾਂ ਅਨੁਸਾਰ ਮਰੀਜ਼ਾਂ ਦੇ ਅਪਰੇਸ਼ਨ ਸੋਮਵਾਰ ਤੋਂ ਸਨਿਚਰਵਾਰ ਤੱਕ ਕੀਤੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਐਤਵਾਰ ਦਾ ਦਿਨ ਸਿਰਫ਼ ਮਰੀਜ਼ਾਂ ਦੀ ਜਾਂਚ, ਰਜਿਸਟ੍ਰੇਸ਼ਨ ਅਤੇ ਅਪਰੇਸ਼ਨ ਦੀ ਤਾਰੀਖ਼ ਨਿਰਧਾਰਤ ਕਰਨ ਲਈ ਰੱਖਿਆ ਗਿਆ ਹੈ, ਜਦਕਿ ਅਪਰੇਸ਼ਨ ਹਫ਼ਤੇ ਦੇ ਬਾਕੀ ਛੇ ਦਿਨਾਂ ਦੌਰਾਨ ਪਹਿਲਾਂ ਦਿੱਤੀ ਗਈ ਅਪਾਇੰਟਮੈਂਟ ਅਨੁਸਾਰ ਹੀ ਕੀਤੇ ਜਾਣਗੇ। ਡਾ. ਭੌਰਾ ਨੇ ਦੱਸਿਆ ਕਿ ਫੇਕੋ ਵਿਧੀ ਰਾਹੀਂ ਅੱਖ ’ਚ ਛੋਟਾ ਚੀਰਾ ਲਗਾ ਕੇ ਮੋਤੀਆਬਿੰਦ ਵਾਲੇ ਧੁੰਦਲੇ ਕੁਦਰਤੀ ਲੈਂਜ਼ ਨੂੰ ਹਟਾਇਆ ਜਾਂਦਾ ਹੈ ਤੇ ਉਸ ਦੀ ਥਾਂ ਨਵਾਂ ਬਣਾਉਟੀ ਲੈਂਜ਼ ( Intraocular Lens – IOL ) ਲਗਾਇਆ ਜਾਂਦਾ ਹੈ। ਇਸ ਆਧੁਨਿਕ ਤਕਨੀਕ ਨਾਲ ਮਰੀਜ਼ਾਂ ਨੂੰ ਆਮ ਤੌਰ ‘ਤੇ ਜਲਦੀ ਸਿਹਤਯਾਬੀ ਅਤੇ ਨਜ਼ਰ ਵਿੱਚ ਸੁਧਾਰ ਦਾ ਲਾਭ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਸਿੰਘ ਸਾਹਿਬ ਗਿਆਨੀ ਸਾਧੂ ਸਿੰਘ ਭੌਰਾ ਜੀ ਦੇ ਨਿਸ਼ਕਾਮ ਸੇਵਾ ਅਤੇ ਸਰਬੱਤ ਦੇ ਭਲੇ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ।