ਜਲੰਧਰ, 9 ਨਵੰਬਰ (ਐੱਮ.ਐੱਸ. ਲੋਹੀਆ)-ਗੁਰਦੁਆਰਾ ਡੇਰਾ ਸੰਤਗੜ੍ਹ ਟਿੱਬੀ ਸਾਹਿਬ ਪਿੰਡ ਜੈਤੇਵਾਲੀ, ਜੰਡੂਸਿੰਘਾ ਰੋਡ, ਜਲੰਧਰ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 10 ਨਵੰਬਰ ਨੂੰ ਕਰਵਾਏ ਜਾ ਰਹੇ ਹਨ। ਹਰਖੋਵਾਲੀਏ ਸੰਪਰਦਾਇ ਦੇ ਮੁਖੀ ਬਾਬਾ ਭਗਵਾਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਸੰਬੰਧੀ ਸਜਾਏ ਜਾ ਰਹੇ ਸਵੇਰ ਦੇ ਵਿਸ਼ੇਸ਼ ਦੀਵਾਨਾਂ ਅੰਦਰ ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ ਸੰਤਗੜ੍ਹ, ਜਲੰਧਰ) ਦਾ ਜਥਾ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰੇਗਾ, ਭਾਈ ਹਰੀ ਸਿੰਘ ਸੰਤਗੜ੍ਹ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਗੁਰਇਤਿਹਾਸ ਤੋਂ ਜਾਣੂ ਕਰਵਾਉਣਗੇ। ਸੰਤ ਜਵਾਲਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀ ਕਥਾ ਤੇ ਕੀਰਤਨ ਦੁਆਰਾ ਹਾਜ਼ਰੀ ਲਗਵਾਉਣਗੇ।