ਪ੍ਰਧਾਨ ਮੰਤਰੀ ਈ-ਬੱਸ ਸੇਵਾ ਦੇ ਤਹਿਤ ਜਲੰਧਰ ’ਚ ਚਲਾਈਆਂ ਜਾਣਗੀਆਂ 97 ਈ-ਬੱਸਾਂ
ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਈ-ਬੱਸ ਸੇਵਾ ਪ੍ਰਾਜੈਕਟ ਦੇ ਕੰਮਾਂ ਦਾ ਜਾਇਜ਼ਾ, ਕਾਰਜਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼
ਜਲੰਧਰ, 13 ਅਕਤੂਬਰ (ਸ਼ਿਵ)-ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਅੱਜ ਪੀ. ਐੱਮ.
ਜਲੰਧਰ, 13 ਅਕਤੂਬਰ (ਸ਼ਿਵ)-ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਅੱਜ ਪੀ.ਐੱਮ. ਈ-ਬੱਸ ਸੇਵਾ ਸਕੀਮ ਅਧੀਨ ਸ਼ਹਿਰ ’ਚ ਬਣਾਏ ਜਾ ਰਹੇ ਈ-ਬੱਸ ਡਿਪੂਆਂ ਦੇ ਕੰਮ ਦਾ ਜਾਇਜ਼ਾ ਲੈਣ ਲਈ ਲੰਮਾ ਪਿੰਡ ਚੌਕ ਅਤੇ ਨਗਰ ਨਿਗਮ ਦੇ ਦਫ਼ਤਰ ਦੇ ਨਾਲ ਲੱਗਦੇ ਇਲਾਕੇ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੰਬੰਧਿਤ ਕਾਰਜਕਾਰੀ ਏਜੰਸੀ ਦੇ ਨੁਮਾਇੰਦੇ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਸਕੀਮ ਦੇ ਤਹਿਤ ਕੇਂਦਰ ਸਰਕਾਰ ਵਲੋਂ ਬੱਸਾਂ ਜਲੰਧਰ ਲਈ ਜਾਰੀ ਕੀਤੀਆਂ ਜਾਣਗੀਆਂ। ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂੁਰਾ ਕਰਵਾਉਣ ਲਈ ਪਹਿਲਾਂ ਹੀ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ ਤੇ ਅੱਜ ਆਪਣੇ ਦੌਰੇ ਦੌਰਾਨ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਡਿਪੂਆਂ ਦੇ ਸਿਵਲ ਵਰਕ, ਬਿਜਲੀ ਸੰਬੰਧੀ ਬੁਨਿਆਦੀ ਢਾਂਚੇ ਅਤੇ ਈ-ਬੱਸਾਂ ਦੇ ਸੰਚਾਲਨ ਲਈ ਲੋੜੀਂਦੀਆਂ ਹੋਰ ਸਹੂਲਤਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸੰਬੰਧਿਤ ਅਧਿਕਾਰੀਆਂ ਅਤੇ ਕਾਰਜਕਾਰੀ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਸਾਰੇ ਕਾਰਜ ਨਿਰਧਾਰਤ ਮਾਪਦੰਡਾਂ ਅਨੁਸਾਰ ਗੁਣਵੱਤਾ ਨੂੰ ਯਕੀਨੀ ਬਣਾਉਂਦੇ ਹੋਏ ਸਮੇਂ ਸਿਰ ਮੁਕੰਮਲ ਕੀਤੇ ਜਾਣ। ਇਸ ਪ੍ਰੋਜੈਕਟ ਤਹਿਤ ਜਲੰਧਰ ਸ਼ਹਿਰ ਵਿਚ ਕੁੱਲ 97 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਯੋਜਨਾ ਹੈ, ਜਿਨ੍ਹਾਂ ’ਚ 12 ਮੀਟਰ ਲੰਬਾਈ ਵਾਲੀਆਂ 16 ਸਟੈਂਡਰਡ ਬੱਸਾਂ ਅਤੇ 9 ਮੀਟਰ ਲੰਬਾਈ ਵਾਲੀਆਂ 81 ਮਿੰਨੀ ਬੱਸਾਂ ਸ਼ਾਮਿਲ ਹਨ । ਬੱਸਾਂ ਦੀ ਪਾਰਕਿੰਗ ਅਤੇ ਸੰਚਾਲਨ ਲਈ 2 ਡਿਪੂ ਸਥਾਨ ਨਿਰਧਾਰਤ ਕੀਤੇ ਗਏ ਹਨ। ਲੰਮਾ ਪਿੰਡ ਚੌਕ ਵਿਖੇ ਬਣਨ ਵਾਲੇ ਡਿਪੂ ਦੀ ਸਮਰੱਥਾ 55 ਬੱਸਾਂ ਦੀ ਹੋਵੇਗੀ, ਜਦਕਿ ਲਾਲ ਬਹਾਦਰ ਸ਼ਾਸਤਰੀ ਚੌਕ ਨੇੜੇ ਨਗਰ ਨਿਗਮ ਦੇ ਸੈਂਟਰਲ ਟਾਊਨ ਡਿਪੂ ਵਿਖੇ 42 ਬੱਸਾਂ ਖੜ੍ਹੀਆਂ ਕਰਨ ਦੀ ਵਿਵਸਥਾ ਹੋਵੇਗੀ। ਦੋਵਾਂ ਡਿਪੂਆਂ ਦੇ ਸਿਵਲ ਅਤੇ ਬਿਜਲੀ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਲਗਭਗ 12.98 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ, ਜਿਸ ਵਿੱਚ 7.08 ਕਰੋੜ ਰੁਪਏ ਸਿਵਲ ਕੰਮਾਂ ਅਤੇ 5.90 ਕਰੋੜ ਰੁਪਏ ਬਿਜਲੀ ਸੰਬੰਧੀ ਕੰਮਾਂ ਲਈ ਰੱਖੇ ਗਏ ਹਨ। ਪ੍ਰਗਤੀ ਰਿਪੋਰਟ ਅਨੁਸਾਰ ਲੰਮਾ ਪਿੰਡ ਡਿਪੂ ਵਿਖੇ ਸਿਵਲ ਕੰਮ ਲਗਭਗ 13 ਫ਼ੀਸਦੀ ਮੁਕੰਮਲ ਹੋ ਚੁੱਕੇ ਹਨ, ਜਦਕਿ ਨਗਰ ਨਿਗਮ ਦੇ ਸੈਂਟਰਲ ਟਾਊਨ ਡਿਪੂ ਵਿਖੇ ਇਹ ਪ੍ਰਗਤੀ ਲਗਭਗ 49 ਫ਼ੀਸਦੀ ਹੈ। ਕਮਿਸ਼ਨਰ ਨੇ ਕੰਮਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮਾਂ ਦੌਰਾਨ ਆਉਣ ਵਾਲੀਆਂ ਰੁਕਾਵਟਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਸਬੰਧਤ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬਣਾਇਆ ਜਾਵੇ। ਕਮਿਸ਼ਨਰ ਸੁਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਪ੍ਰੋਜੈਕਟ ਨਾਲ ਸਬੰਧਤ ਸਾਰੇ ਕੰਮਾਂ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ ਅਤੇ ਸਿਵਲ ਤੇ ਬਿਜਲੀ ਸਬੰਧੀ ਕਾਰਜਾਂ ਨੂੰ ਆਪਸੀ ਤਾਲਮੇਲ ਨਾਲ ਅੱਗੇ ਵਧਾਇਆ ਜਾਵੇ, ਤਾਂ ਜੋ ਪ੍ਰੋਜੈਕਟ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਪੂਰਾ ਕੀਤਾ ਜਾ ਸਕੇ। ਨਗਰ ਨਿਗਮ ਜਲੰਧਰ ਵਲੋਂ ਸ਼ਹਿਰ ਵਿਚ ਆਧੁਨਿਕ, ਸੁਵਿਧਾਜਨਕ ਅਤੇ ਵਾਤਾਵਰਨ-ਅਨੁਕੂਲ ਜਨਤਕ ਆਵਾਜਾਈ ਪ੍ਰਣਾਲੀ ਵਿਕਸਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਭਵਿੱਖ ਵਿੱਚ ਸ਼ਹਿਰ ਵਾਸੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲ ਸਕਣਗੀਆਂ।