ਨਵਾਂ ਟਾਊਨ ਹਾਲ ਬਣਾਉਣ ਲਈ ਕਈ ਵਾਰ ਬਣਾਈ ਗਈ ਯੋਜਨਾ-ਟੀਟੂ ਨੇ ਵੀ ਹਾਊਸ ਵਿਚ ਉਠਾਇਆ ਸੀ ਮੁੱਦਾ
ਜਲੰਧਰ , 28 ਅਗਸਤ ( ਸ਼ਿਵ )- ਸ਼ਹਿਰ ਵਿਚ ਚਾਹੇ ਕਰੋੜਾਂ ਰੁਪਏ ਦੇ ਕੰਮ ਕਰਵਾਏ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਨਗਰ ਨਿਗਮ ਕੋਲ ਅੱਜ ਵੀ ਆਪਣੇ ਕੌਂਸਲਰਾਂ ਦੀ ਹਾਊਸ ਮੀਟਿੰਗ ਕਰਵਾਉਣ ਲਈ ਢੁੱਕਵਾਂ ਟਾਊਨ ਹਾਲ ਨਹੀਂ ਹੈ । ਨਗਰ ਨਿਗਮ ਹਾਊਸ ਦੀਆਂ ਮੀਟਿੰਗਾਂ ਪਿਛਲੇ ਲਗਭਗ ਛੇ ਸਾਲਾਂ ਤੋਂ ਰੈਡ ਕ੍ਰਾਸ ਭਵਨ ਵਿੱਚ ਕਰਵਾਈਆਂ ਜਾ ਰਹੀਆਂ ਹਨ ।
ਜਲੰਧਰ , 28 ਅਗਸਤ ( ਸ਼ਿਵ )- ਸ਼ਹਿਰ ਵਿਚ ਚਾਹੇ ਕਰੋੜਾਂ ਰੁਪਏ ਦੇ ਕੰਮ ਕਰਵਾਏ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਨਗਰ ਨਿਗਮ ਕੋਲ ਅੱਜ ਵੀ ਆਪਣੇ ਕੌਂਸਲਰਾਂ ਦੀ ਹਾਊਸ ਮੀਟਿੰਗ ਕਰਵਾਉਣ ਲਈ ਢੁੱਕਵਾਂ ਟਾਊਨ ਹਾਲ ਨਹੀਂ ਹੈ । ਨਗਰ ਨਿਗਮ ਹਾਊਸ ਦੀਆਂ ਮੀਟਿੰਗਾਂ ਪਿਛਲੇ ਲਗਭਗ ਛੇ ਸਾਲਾਂ ਤੋਂ ਰੈਡ ਕ੍ਰਾਸ ਭਵਨ ਵਿੱਚ ਕਰਵਾਈਆਂ ਜਾ ਰਹੀਆਂ ਹਨ । ਹਾਲਾਤ ਇਹ ਹਨ ਕਿ ਨਗਰ ਨਿਗਮ ਵਿੱਚ ਕੌਂਸਲਰਾਂ ਦੀ ਗਿਣਤੀ 80 ਤੋਂ ਵੱਧ ਕੇ ਹੁਣ 85 ਹੋ ਚੁੱਕੀ ਹੈ , ਪਰ ਇੰਨੀ ਵੱਡੀ ਗਿਣਤੀ ਵਾਲੇ ਹਾਊਸ ਲਈ ਅਜੇ ਤੱਕ ਨਵਾਂ ਟਾਊਨ ਹਾਲ ਤਿਆਰ ਨਹੀਂ ਹੋ ਸਕਿਆ । ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਨਗਰ ਨਿਗਮ ਦੇ ਮੌਜੂਦਾ ਟਾਊਨ ਹਾਲ ਵਿੱਚ ਹੀ ਹਾਊਸ ਦੀਆਂ ਮੀਟਿੰਗਾਂ ਕਰਵਾਈਆਂ ਜਾਂਦੀਆਂ ਸਨ । ਪਰ ਟਾਊਨ ਹਾਲ ਦੀ ਜਗ੍ਹਾ ਕਾਫੀ ਤੰਗ ਹੋਣ ਕਾਰਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਸਮਾਜਿਕ ਦੂਰੀ ਦੀਆਂ ਲੋੜਾਂ ਨੂੰ ਦੇਖਦੇ ਹੋਏ ਇੱਥੇ ਮੀਟਿੰਗਾਂ ਕਰਵਾਉਣੀਆਂ ਬੰਦ ਕਰ ਦਿੱਤੀਆਂ ਗਈਆਂ । ਇਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਖਤਮ ਹੋਣ ਦੇ ਬਾਵਜੂਦ ਨਗਰ ਨਿਗਮ ਹਾਊਸ ਦੀਆਂ ਮੀਟਿੰਗਾਂ ਮੁੜ ਪੁਰਾਣੇ ਟਾਊਨ ਹਾਲ ਵਿੱਚ ਸ਼ੁਰੂ ਨਹੀਂ ਹੋਈਆਂ ਅਤੇ ਰੈਡ ਕ੍ਰਾਸ ਭਵਨ ਹੀ ਮੀਟਿੰਗਾਂ ਦਾ ਸਥਾਈ ਸਥਾਨ ਬਣਿਆ ਹੋਇਆ ਹੈ । ਸਾਬਕਾ ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਦੇ ਮੌਜੂਦਾ ਕੰਪਲੈਕਸ ਦੀ ਚੌਥੀ ਮੰਜ਼ਿਲ ’ ਤੇ ਨਵਾਂ ਟਾਊਨ ਹਾਲ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ । ਇਸ ਤਹਿਤ ਨਵੀਂ ਜਗ੍ਹਾ ਤਿਆਰ ਕਰਕੇ ਕੌਂਸਲਰਾਂ ਦੀਆਂ ਮੀਟਿੰਗਾਂ ਲਈ ਵੱਡਾ ਹਾਲ ਬਣਾਉਣ ਬਾਰੇ ਵਿਚਾਰ ਕੀਤਾ ਗਿਆ ਸੀ । ਹਾਲਾਂਕਿ ਬਾਅਦ ਵਿੱਚ ਇਸ ਬਾਰੇ ਯੋਜਨਾ ਸਿਰੇ ਨਹੀਂ ਚੜੀ ਸੀ ਕਿਉਂਕਿ ਮੌਜੂਦਾ ਇਮਾਰਤ ’ ਤੇ ਹੋਰ ਭਾਰ ਪਾਉਣਾ ਤਕਨੀਕੀ ਤੌਰ ’ ਤੇ ਠੀਕ ਨਹੀਂ ਸਮਝਿਆ ਗਿਆ । ਇਸ ਤੋਂ ਇਲਾਵਾ ਨਗਰ ਨਿਗਮ ਦੀ ਪੁਰਾਣੀ ਵਰਕਸ਼ਾਪ ਵਾਲੀ ਜ਼ਮੀਨ ’ ਤੇ ਵੀ ਨਵਾਂ ਟਾਊਨ ਹਾਲ ਬਣਾਉਣ ਦੀ ਯੋਜਨਾ ’ ਤੇ ਵਿਚਾਰ ਕੀਤਾ ਗਿਆ ਸੀ । ਪਰ ਬਾਅਦ ਵਿੱਚ ਇਸ ਜਗ੍ਹਾ ’ ਤੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਚਲਾਈਆਂ ਜਾਣ ਵਾਲੀਆਂ ਬੱਸਾਂ ਲਈ ਡਿਪੂ ਬਣਾਉਣ ਦੀ ਯੋਜਨਾ ਸਾਹਮਣੇ ਆਉਣ ਕਾਰਨ ਇਹ ਪ੍ਰਸਤਾਵ ਵੀ ਅੱਗੇ ਨਹੀਂ ਵਧ ਸਕਿਆ । ਲਗਭਗ ਸਵਾ ਸਾਲ ਪਹਿਲਾਂ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ਵਿੱਚ ਪੰਜ ਨਵੇਂ ਵਾਰਡ ਜੋੜੇ ਗਏ ਸਨ । ਇਸ ਨਾਲ ਨਗਰ ਨਿਗਮ ਵਿੱਚ ਕੌਂਸਲਰਾਂ ਦੀ ਗਿਣਤੀ 80 ਤੋਂ ਵੱਧ ਕੇ 85 ਹੋ ਗਈ । ਕੌਂਸਲਰਾਂ ਦੀ ਗਿਣਤੀ ਵਧਣ ਤੋਂ ਬਾਅਦ ਨਗਰ ਨਿਗਮ ਲਈ ਵੱਡੇ ਅਤੇ ਸੁਵਿਧਾਜਨਕ ਟਾਊਨ ਹਾਲ ਦੀ ਲੋੜ ਹੋਰ ਵੀ ਮਹਿਸੂਸ ਕੀਤੀ ਜਾ ਰਹੀ ਹੈ । ਪਰ ਦੂਜੇ ਪਾਸੇ ਨਗਰ ਨਿਗਮ ਕੋਲ ਅਜਿਹੀ ਕੋਈ ਆਪਣੀ ਢੁੱਕਵੀਂ ਜਗ੍ਹਾ ਨਹੀਂ ਜਿੱਥੇ 85 ਕੌਂਸਲਰਾਂ ਸਮੇਤ ਅਧਿਕਾਰੀਆਂ ਅਤੇ ਮੀਡੀਆ ਦੀ ਮੌਜੂਦਗੀ ਵਿੱਚ ਹਾਊਸ ਦੀ ਮੀਟਿੰਗ ਸੁਚੱਜੇ ਢੰਗ ਨਾਲ ਕਰਵਾਈ ਜਾ ਸਕੇ । ਇਸ ਕਾਰਨ ਹਰ ਵਾਰ ਰੈਡ ਕ੍ਰਾਸ ਭਵਨ ’ ਤੇ ਨਿਰਭਰ ਰਹਿਣਾ ਪੈ ਰਿਹਾ ਹੈ । ਕੁਝ ਦਿਨ ਪਹਿਲਾਂ ਹੋਈ ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਭਾਜਪਾ ਦੇ ਵਿਰੋਧੀ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ ਵੱਲੋਂ ਵੀ ਨਵੇਂ ਟਾਊਨ ਹਾਲ ਬਣਾਉਣ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਸੀ । ਉਨ੍ਹਾਂ ਕਿਹਾ ਸੀ ਕਿ ਜੇਕਰ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਨਗਰ ਨਿਗਮ ਹਾਊਸ ਦੀ ਮੀਟਿੰਗ ਲਈ ਆਪਣਾ ਟਾਊਨ ਹਾਲ ਤੱਕ ਨਹੀਂ ਹੈ । ਟੀਟੂ ਵੱਲੋਂ ਇਸ ਗੱਲ ’ ਤੇ ਸਵਾਲ ਚੁੱਕਿਆ ਗਿਆ ਕਿ ਨਗਰ ਨਿਗਮ ਸ਼ਹਿਰ ਦੇ ਵਿਕਾਸ ਲਈ ਵੱਡੇ - ਵੱਡੇ ਪ੍ਰਾਜੈਕਟਾਂ ’ ਤੇ ਪੈਸਾ ਖਰਚ ਕਰ ਰਿਹਾ ਹੈ , ਪਰ ਕੌਂਸਲਰਾਂ ਦੀਆਂ ਮੀਟਿੰਗਾਂ ਲਈ ਇੱਕ ਢੁੱਕਵਾਂ ਅਤੇ ਸਥਾਈ ਟਾਊਨ ਹਾਲ ਤਿਆਰ ਕਰਨ ਵੱਲ ਲੋੜੀਂਦਾ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ । ਨਗਰ ਨਿਗਮ ਦੇ ਪੁਰਾਣੇ ਟਾਊਨ ਹਾਲ ਦੀ ਸਥਿਤੀ ਵੀ ਹੁਣ ਪਹਿਲਾਂ ਵਰਗੀ ਨਹੀਂ ਰਹੀ । ਇੱਥੇ ਹਾਊਸ ਦੀਆਂ ਵੱਡੀਆਂ ਮੀਟਿੰਗਾਂ ਕਰਵਾਉਣ ਦੀ ਬਜਾਏ ਦਫ਼ਤਰੀ ਕੰਮਕਾਜ ਅਤੇ ਆਮ ਮੀਟਿੰਗਾਂ ਕਰਵਾਈਆਂ ਜਾਂਦੀਆਂ ਹਨ । ਇਸ ਤੋਂ ਇਲਾਵਾ ਨਗਰ ਨਿਗਮ ਦੇ ਕਰਮਚਾਰੀਆਂ ਦੇ ਬੈਠਣ ਲਈ ਵੀ ਇਸ ਜਗ੍ਹਾ ਦੀ ਵਰਤੋਂ ਕੀਤੀ ਜਾ ਰਹੀ ਹੈ । ਨਗਰ ਨਿਗਮ ਕੰਪਲੈਕਸ ਵਿੱਚ ਕੌਂਸਲਰਾਂ ਲਈ ਬਣਿਆ ਕੌਂਸਲਰ ਰੂਮ ਵੀ ਹੁਣ ਆਪਣੀ ਅਸਲ ਵਰਤੋਂ ਲਈ ਕਾਫੀ ਹੱਦ ਤੱਕ ਅਣਉਪਲਬਧ ਹੋ ਗਿਆ ਹੈ । ਇੱਥੇ ਫਾਈਲਾਂ ਦੇ ਢੇਰ ਲੱਗੇ ਹੋਏ ਹਨ ਅਤੇ ਕਰਮਚਾਰੀ ਵੀ ਕੰਮ ਕਰਦੇ ਹਨ । ਇਸ ਕਾਰਨ ਕੌਂਸਲਰਾਂ ਦੇ ਬੈਠਣ ਅਤੇ ਆਪਸੀ ਵਿਚਾਰ - ਵਟਾਂਦਰੇ ਲਈ ਲੋੜੀਂਦੀ ਜਗ੍ਹਾ ਨਹੀਂ ਬਚੀ ।