ਜਲੰਧਰ, 9 ਅਗਸਤ (ਐੱਮ. ਐੱਸ. ਲੋਹੀਆ) - ਡਾਕਟਰਾਂ ਅਤੇ ਮੈਡੀਕਲ ਸਟਾਫ਼ ਨਾਲ ਹੋਣ ਵਾਲੀ ਹਿੰਸਾ ਦੇ ਵਿਰੋਧ ’ਚ ਅੱਜ ਫੈਡਰੇਸ਼ਨ ਆਫ਼ ਓਬਸਟੇਟ੍ਰਿਕ ਐੰਡ ਗਾਇਨੇਕਾਲੋਜੀਕਲ ਸੁਸਾਇਟੀ ਆਫ਼ ਇੰਡੀਆ (ਫੋਗਸੀ) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੀਆਂ ਜਲੰਧਰ ਸ਼ਾਖਾਵਾਂ ਨੇ ‘‘ਡਾਕਟਰਾਂ ਵਿਰੁੱਧ ਹਿੰਸਾ ਨਹੀਂ’’ ਦੇ ਸਲੋਗਨ ਤਹਿਤ ‘‘ਅਭੈ ਦਿਵਸ’’ ਮਨਾਇਆ ਅਤੇ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਸੁਚੇਤ ਕਰਨ ਲਈ ਮੋਮਬੱਤੀ ਮਾਰਚ ਕੱਢਿਆ। ਇਸ ਸੰਬੰਧੀ ਆਈ.ਐੱਮ.ਏ. ਹਾਊਸ ਵਿਖੇ ਫੋਗਸੀ ਜਲੰਧਰ ਦੀ ਪ੍ਰਧਾਨ ਡਾ. ਸੀਮਾ ਪਸਰੀਚਾ ਅਤੇ ਆਈ.ਐੱਮ.ਏ. ਦੇ ਜ਼ਿਲ੍ਹਾ ਪ੍ਰਧਾਨ ਡਾ. ਧੀਰਜ ਭਾਟੀਆ ਦੀ ਅਗਵਾਈ ਹੇਠ ਡਾਕਟਰਾਂ ਦੀ ਇਕ ਬੈਠਕ ਹੋਈ, ਜਿਸ ’ਚ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਇਹ ਸੁਨਿਸ਼ਚਿਤ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਹਸਪਤਾਲ ਜਾਂ ਸਿਹਤ ਕੇਂਦਰ ’ਤੇ ਕੋਈ ਵੀ ਵਿਅਕਤੀ ਦਹਿਸ਼ਤ ਨਾ ਫੈਲਾ ਸਕੇ ਅਤੇ ਨਾ ਹੀ ਕੋਈ ਮਾੜਾ ਅੰਸਰ ਡਾਕਟਰਾਂ ਅਤੇ ਸਿਹਤ ਕਰਮੀਆਂ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਏ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਸਿਹਤ ਕਰਮੀਆਂ ਖ਼ਿਲਾਫ਼ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਮਿਸਾਲੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਡਾਕਟਰ ਬਿਨਾ ਕਿਸੇ ਦਬਾਅ ਜਾਂ ਪ੍ਰੇਸ਼ਾਨੀ ਦੇ ਮਰੀਜ਼ਾਂ ਦੀ ਸਹੀ ਢੰਗ ਨਾਲ ਦੇਖਭਾਲ ਕਰ ਸਕਣ। ਇਸ ਮੌਕੇ ਫੋਗਸੀ ਦੀ ਸਕੱਤਰ ਡਾ. ਜੈਸਮੀਨ ਕੌਰ ਦਹੀਆ, ਡਾ. ਸੁਸ਼ਮਾ ਚਾਵਲਾ, ਡਾ. ਯਸ਼ ਸ਼ਰਮਾ, ਡਾ. ਗੁਰਦੇਵ ਸਿੰਘ ਪਰਮਾਰ, ਡਾ. ਕਮਲ ਗੁਪਤਾ, ਡਾ. ਦੀਪਾਲੀ ਲੂਥਰਾ, ਡਾ. ਵੰਦਨਾ ਲਾਲਵਾਨੀ, ਡਾ. ਜੇ.ਪੀ. ਸਿੰਘ, ਡਾ. ਦੀਪਕ ਚਾਵਲਾ, ਡਾ. ਹਰੀਸ਼ ਭਾਰਦਵਾਜ, ਡਾ. ਹਰਪ੍ਰੀਤ ਕੌਰ, ਡਾ. ਪੂਜਾ ਕਪੂਰ, ਡਾ. ਨਰੇਸ਼ ਅਤੇ ਹੋਰ ਹਾਜ਼ਰ ਸਨ।