ਓ.ਐਫ.ਸੀ. ਕੈਨੇਡਾ ਵਲੋਂ ਮਾਂ-ਬੋਲੀ ਨੂੰ ਸਮਰਪਿਤ ਸਮਾਗਮ ਕਰਵਾਉਣਾ ਸ਼ਲਾਘਾਯੋਗ-ਡਾ. ਜੌਹਲ
ਰਤੀਆ, 16 ਨਵੰਬਰ (ਬੇਅੰਤ ਕੌਰ ਮੰਡੇਰ)- ਓਂਟਾਰੀਓ ਫਰੈਂਡਜ਼ ਕਲੱਬ (ਓ. ਐਫ.
ਰਤੀਆ, 16 ਨਵੰਬਰ (ਬੇਅੰਤ ਕੌਰ ਮੰਡੇਰ)- ਓਂਟਾਰੀਓ ਫਰੈਂਡਜ਼ ਕਲੱਬ (ਓ.ਐਫ.ਸੀ.) ਕੈਨੇਡਾ ਵਲੋਂ ਮਾਂ-ਬੋਲੀ ਦੀ ਅਹਿਮੀਅਤ ਵਿਸ਼ੇ ’ਤੇ ਆਨਲਾਈਨ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ’ਚ ਪ੍ਰਸਿੱਧ ਵਿਦਵਾਨ ਡਾ. ਲਖਵਿੰਦਰ ਸਿੰਘ ਜੋਹਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਸਮਾਰੋਹ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ਡਾ. ਰਵਿੰਦਰ ਸਿੰਘ ਕੰਗ ਨੇ ਕੀਤੀ। ਸਮਾਗਮ ਦੇ ਆਰੰਭ ਵਿਚ ਓ.ਐਫ.ਸੀ. ਦੇ ਵੁਮੈਨ ਸੈੱਲ ਦੇ ਸਰਪ੍ਰਸਤ ਡਾ. ਕੰਵਲਦੀਪ ਕੌਰ ਨੇ ਡਾ. ਲਖਵਿੰਦਰ ਸਿੰਘ ਜੋਹਲ ਦੀ ਸਾਹਿਤਕ ਦੇਣ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਡਾ. ਜੋਹਲ ਨੇ ਕਿਹਾ ਕਿ ਮਾਂ-ਬੋਲੀ ਦੀ ਸੇਵਾ ਲਈ ਸ਼ਬਦਾਂ ਦੀ ਸੁਚੱਜੀ ਚੋਣ, ਆਪਸੀ ਸਾਂਝ, ਸ਼ਬਦ-ਗੁਰੂ ਦੀ ਮਹਿਮਾ ਅਤੇ ਸੋਚ ਨੂੰ ਸਿਰਜਣਾਤਮਿਕਤਾ ਨਾਲ ਜੋੜਨ ਦੀ ਪਹੁੰਚ ਬੇਹੱਦ ਜ਼ਰੂਰੀ ਹੈ। ਉਨ੍ਹਾਂ ਓ.ਐਫ.ਸੀ. ਕੈਨੇਡਾ ਵਲੋਂ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਕਰਵਾਏ ਜਾ ਰਹੇ ਸੰਵਾਦਾਂ ਅਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਪੰਜਾਬੀ ਨੂੰ ਆਪਣੀ ਮਾਂ-ਬੋਲੀ ਦੀ ਸੰਭਾਲ ਅਤੇ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਉਨ੍ਹਾਂ ਆਪਣੀ ਮਕਬੂਲ ਕਵਿਤਾ ‘ਰੋਟੀ ਅਤੇ ਭਾਸ਼ਾ’ ਦਾ ਜ਼ਿਕਰ ਕਰਦਿਆਂ ਆਪਣੀ ਪ੍ਰਸਿੱਧ ਰਚਨਾ ‘ਦਿੱਲੀ’ ਪੇਸ਼ ਕੀਤੀ, ਜਿਸ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਦੀ ਕਵਿਤਾ ਵਿਚ ਭਾਸ਼ਾ, ਸਮਾਜ ਅਤੇ ਮਨੁੱਖੀ ਜੀਵਨ ਨਾਲ ਜੁੜੇ ਸਰੋਕਾਰਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਸਮਾਗਮ ਨੂੰ ਵਿਸ਼ੇਸ਼ ਸਾਹਿਤਕ ਰੰਗਤ ਪ੍ਰਦਾਨ ਕੀਤੀ। ਕਲੱਬ ਚੇਅਰਮੈਨ ਡਾ. ਰਵਿੰਦਰ ਸਿੰਘ ਕੰਗ ਅਤੇ ਭਾਰਤ ਵਿੰਗ ਦੇ ਪ੍ਰਧਾਨ ਡਾ. ਨਾਇਬ ਸਿੰਘ ਮੰਡੇਰ ਨੇ ਪੰਜਾਬੀ ਸਾਹਿਤ ਦੀ ਅਮੀਰੀ ’ਚ ਡਾ. ਜੋਹਲ ਦੀ ਸਾਹਿਤਕ ਸੇਵਾ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਕਰਦਿਆਂ ਡਾ. ਸਤਿੰਦਰਜੀਤ ਕੌਰ ਬੁੱਟਰ ਨੇ ‘ਅਰਸ਼ੀ ਕਲਮਾਂ’ ਸਮਾਰੋਹ ਨੂੰ ਮਾਂ-ਬੋਲੀ ਪੰਜਾਬੀ ਦੇ ਨਾਂਅ ਸਮਰਪਿਤ ਕਰਦਿਆਂ ਵੱਖ-ਵੱਖ ਕਵੀਆਂ ਅਤੇ ਸਾਹਿਤਕਾਰਾਂ ਨੂੰ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਸੱਦਾ ਦਿੱਤਾ। ਸੁਖਦੇਵ ਸਿੰਘ ਗੰਡਵਾਂ, ਸਰਦੂਲ ਸਿੰਘ ਭੱਲਾ, ਗੁਰਚਰਨ ਸਿੰਘ ਜੋਗੀ, ਡਾ. ਵੀਨਾ ਮਸਾਉਣ, ਅਮਰ ਕੌਰ ਬੇਦੀ, ਭੁਪਿੰਦਰ ਕੌਰ ਭੁਪਾਲ, ਅਣੀਮੇਸ਼ਵਰ ਕੌਰ, ਜਸ਼ਨਦੀਪ ਕੌਰ ਸਿੱਧੂ, ਪ੍ਰਕਾਸ਼ ਕੌਰ ਪਾਸ਼ਾ, ਸੰਦੀਪ ਕੌਰ, ਪਰਵਿੰਦਰ ਕੌਰ ਸੁੱਖ, ਕੁਲਵਿੰਦਰ ਗਾਖਲ ਅਤੇ ਡਾ. ਸਤਿੰਦਰ ਬੁੱਟਰ ਨੇ ਕਵਿਤਾਵਾਂ ਰਾਹੀਂ ਸਮਾਗਮ ਨੂੰ ਸਾਹਿਤਕ ਰੰਗ ’ਚ ਰੰਗਿਆ। ਕਲੱਬ ਕੋਆਰਡੀਨੇਟਰ ਡਾ. ਪਵਨਜੀਤ ਕੌਰ ਨਾਭਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਰਵਿੰਦਰ ਭਾਟੀਆ ਸਮੇਤ ਦੇਸ਼-ਵਿਦੇਸ਼ ਤੋਂ ਕਈ ਵਿਦਵਾਨ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ।