ਐੱਸ. ਏ. ਐੱਸ. ਨਗਰ, 20 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਕੌਂਸਲਰ ਐਡਵੋਕੇਟ ਨਰਪਿੰਦਰ ਸਿੰਘ ਰੰਗੀ ਨੇ ਨਗਰ ਨਿਗਮ ਮੁਹਾਲੀ ਨੂੰ ਅਪੀਲ ਕੀਤੀ ਹੈ ਕਿ ਦੀਵਾਲੀ, ਦੁਸਹਿਰੇ ਅਤੇ ਹੋਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਛੋਟੇ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ ਅਤੇ ਆਰਜ਼ੀ ਸਟਾਲ ਲਗਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਵਪਾਰੀਆਂ ਲਈ ਪਹਿਲਾਂ ਤੋਂ ਹੀ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ‘ਚ ਇਨ੍ਹਾਂ ਵਪਾਰੀਆਂ ਨੂੰ ਬੇਲੋੜਾ ਤੰਗ-ਪ੍ਰੇਸ਼ਾਨ ਕਰਨ ਜਾਂ ਉਨ੍ਹਾਂ ਦੇ ਸਟਾਲ ਚੁੱਕਣ ਦੀ ਬਜਾਏ ਲਾਗੂ ਨਿਯਮਾਂ ਅਨੁਸਾਰ ਢੁਕਵੀਂਆਂ ਥਾਵਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਦੀਵਾਲੀ ਅਤੇ ਦੁਸਹਿਰੇ ਵਰਗੇ ਤਿਉਹਾਰ ਛੋਟੇ ਵਪਾਰੀਆਂ ਲਈ ਸਾਲ ਦਾ ਸਭ ਤੋਂ ਮਹੱਤਵਪੂਰਨ ਕਾਰੋਬਾਰੀ ਸਮਾਂ ਹੁੰਦੇ ਹਨ। ਉਹ ਪਹਿਲਾਂ ਹੀ ਆਪਣੀ ਸੀਮਿਤ ਪੂੰਜੀ ਨਾਲ ਸਾਮਾਨ ਖ਼ਰੀਦਦੇ ਹਨ ਅਤੇ ਤਿਉਹਾਰਾਂ ਦੌਰਾਨ ਹੋਣ ਵਾਲੀ ਵਿਕਰੀ ਦੇ ਆਧਾਰ ‘ਤੇ ਆਪਣੇ ਘਰਾਂ ਦੇ ਖ਼ਰਚਿਆਂ ਦੀ ਯੋਜਨਾ ਬਣਾਉਂਦੇ ਹਨ। ਜੇਕਰ ਇਸ ਮਹੱਤਵਪੂਰਨ ਸਮੇਂ ਦੌਰਾਨ ਉਨ੍ਹਾਂ ਦੇ ਸਟਾਲ ਬਿਨਾਂ ਢੁਕਵੀਂ ਅਗਾਊਂ ਸੂਚਨਾ ਦੇ ਚੁੱਕ ਲਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਛੋਟੇ ਸਟਾਲਾਂ ਦੀ ਮਹੱਤਤਾ ਸਿਰਫ਼ ਵਪਾਰੀਆਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਆਮ ਲੋਕ ਵੀ ਦੀਵੇ, ਲਾਈਟਾਂ, ਸਜਾਵਟੀ ਸਾਮਾਨ, ਕੱਪੜੇ ਅਤੇ ਹੋਰ ਤਿਉਹਾਰੀ ਵਸਤਾਂ ਖ਼ਰੀਦਣ ਲਈ ਇਨ੍ਹਾਂ ਸਟਾਲਾਂ ‘ਤੇ ਜਾਂਦੇ ਹਨ। ਛੋਟੇ ਵਪਾਰੀਆਂ ਦੀ ਮੌਜੂਦਗੀ ਨਾਲ ਲੋਕਾਂ ਨੂੰ ਵੱਖ-ਵੱਖ ਕੀਮਤਾਂ ‘ਤੇ ਸਾਮਾਨ ਖ਼ਰੀਦਣ ਅਤੇ ਆਪਣੇ ਬਜਟ ਅਨੁਸਾਰ ਖਰੀਦਦਾਰੀ ਕਰਨ ਦੇ ਵਧੇਰੇ ਮੌਕੇ ਮਿਲਦੇ ਹਨ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਸੀਜ਼ਨ ਲਈ ਸਮੇਂ ਸਿਰ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇ ਅਤੇ ਛੋਟੇ ਵਪਾਰੀਆਂ ਨਾਲ ਸੰਵਾਦ ਕਾਇਮ ਕਰਕੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਸਟਾਲ ਲਗਾਉਣ ਦੇ ਢੁਕਵੇਂ ਮੌਕੇ ਪ੍ਰਦਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਹੀ ਯੋਜਨਾਬੰਦੀ, ਪਾਰਦਰਸ਼ਤਾ ਅਤੇ ਸਹਿਯੋਗ ਨਾਲ ਛੋਟੇ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਸ਼ਹਿਰ ‘ਚ ਜਨਤਕ ਸਹੂਲਤਾਂ ਨੂੰ ਵੀ ਬਿਹਤਰ ਬਣਾਇਆ ਜਾ ਸਕਦਾ ਹੈ।