ਡੀ. ਏ. ਵੀ. ਸਕੂਲ ਟੋਹਾਣਾ ਦੇ ਵਿਦਿਆਰਥੀ ਦੀ ਗਤਕੇ ਦੇ ਨੈਸ਼ਨਲ ਮੁਕਾਬਲੇ ਲਈ ਚੋਣ
ਟੋਹਾਣਾ, 27 ਸਤੰਬਰ (ਮਨਜੀਤ ਸਿੰਘ)- ਡੀਏਵੀ ਸਕੂਲ ਟੋਹਾਣਾ ਦੀ ਅੱਠਵੀਂ ਜਮਾਤ ਦੇ ਵਿਦਿਆਰਥੀ ਸੁਖਰਾਜ ਸਿੰਘ ਨੇ ਗਤਕੇ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ’ਤੇ ਆਪਣੀ ਥਾਂ ਬਣਾਈ ਹੈ। ਰਤੀਆ ਵਿਖੇ ਹੋਏ ਗਤਕਾ ਮੁਕਾਬਲੇ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਉਪਰੰਤ ਸੁਖਰਾਜ ਸਿੰਘ ਦੀ ਚੋਣ ਜੰਮੂ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਹੋਈ ਹੈ।
ਟੋਹਾਣਾ, 27 ਸਤੰਬਰ (ਮਨਜੀਤ ਸਿੰਘ)- ਡੀਏਵੀ ਸਕੂਲ ਟੋਹਾਣਾ ਦੀ ਅੱਠਵੀਂ ਜਮਾਤ ਦੇ ਵਿਦਿਆਰਥੀ ਸੁਖਰਾਜ ਸਿੰਘ ਨੇ ਗਤਕੇ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ’ਤੇ ਆਪਣੀ ਥਾਂ ਬਣਾਈ ਹੈ। ਰਤੀਆ ਵਿਖੇ ਹੋਏ ਗਤਕਾ ਮੁਕਾਬਲੇ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਉਪਰੰਤ ਸੁਖਰਾਜ ਸਿੰਘ ਦੀ ਚੋਣ ਜੰਮੂ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਹੋਈ ਹੈ। ਇਸ ਪ੍ਰਾਪਤੀ ਨਾਲ ਸਕੂਲ, ਮਾਪਿਆਂ ਅਤੇ ਟੋਹਾਣਾ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਤਕੇਬਾਜ਼ੀ ਦਾ ਸ਼ੌਂਕ ਹੈ ਅਤੇ ਉਹ ਇਸ ਖੇਡ ਵਿੱਚ ਅੱਗੇ ਵਧਣ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ। ਉਸ ਦਾ ਮੁੱਖ ਨਿਸ਼ਾਨਾ ਗਤਕੇ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਪ੍ਰਮੁੱਖ ਖੇਡ ਵਜੋਂ ਹੋਰ ਉਤਸ਼ਾਹਿਤ ਕਰਨਾ ਹੈ। ਉਸ ਨੇ ਕਿਹਾ ਕਿ ਉਸ ਦੇ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਉਸ ਨੂੰ ਲਗਾਤਾਰ ਹੌਸਲਾ ਅਤੇ ਪੂਰਾ ਸਹਿਯੋਗ ਮਿਲ ਰਿਹਾ ਹੈ। ਗੁਰਦੁਆਰਾ ਸਿੰਘ ਸਭਾ ਟੋਹਾਣਾ ਦੇ ਪ੍ਰਧਾਨ ਸ : ਜਸਕੰਵਰ ਸਿੰਘ ਨੇ ਸੁਖਰਾਜ ਸਿੰਘ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਨ, ਜਿਨ੍ਹਾਂ ਦੀ ਕਿਰਪਾ ਸਦਕਾ ਬੱਚੇ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਬੱਚੇ ਦੇ ਮਾਤਾ-ਪਿਤਾ ਵੱਲੋਂ ਦਿੱਤੇ ਜਾ ਰਹੇ ਸਹਿਯੋਗ, ਸਕੂਲ ਦੇ ਅਧਿਆਪਕਾਂ ਅਤੇ ਸਮੁੱਚੇ ਸਟਾਫ ਵੱਲੋਂ ਕੀਤੀ ਹੌਸਲਾ ਅਫਜ਼ਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੁਖਰਾਜ ਨੇ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਹੁਣ ਰਾਸ਼ਟਰੀ ਪੱਧਰ ’ਤੇ ਚੁਣਿਆ ਜਾਣਾ ਟੋਹਾਣਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਜੰਮੂ ਵਿਖੇ ਹੋਣ ਵਾਲੇ ਮੁਕਾਬਲੇ ਵਿੱਚ ਸੁਖਰਾਜ ਦੀ ਕਾਮਯਾਬੀ ਲਈ ਅਰਦਾਸ ਕੀਤੀ। ਡੀਏਵੀ ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਵੀ ਸੁਖਰਾਜ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਸ ਦਾ ਵਿਦਿਆਰਥੀ ਖੇਡ ਦੇ ਖੇਤਰ ਵਿੱਚ ਸਕੂਲ ਦਾ ਨਾਮ ਰੌਸ਼ਨ ਕਰਦਿਆਂ ਅਗਲੇ ਪੱਧਰ ’ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਗਤਕਾ ਇੱਕ ਮਾਰਸ਼ਲ ਆਰਟ ਹੋਣ ਦੇ ਨਾਲ-ਨਾਲ ਸਿੱਖ ਵਿਰਾਸਤ ਨਾਲ ਜੁੜੀ ਮਹੱਤਵਪੂਰਨ ਖੇਡ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਨਾ ਸਮੇਂ ਦੀ ਲੋੜ ਹੈ। ਸੁਖਰਾਜ ਸਿੰਘ ਦੇ ਮਾਤਾ-ਪਿਤਾ ਨੇ ਵੀ ਆਪਣੇ ਪੁੱਤਰ ਦੀ ਹੌਸਲਾ ਅਫਜ਼ਾਈ ਕਰਦਿਆਂ ਉਸ ਦੀ ਅਗਲੀ ਕਾਮਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੁਖਰਾਜ ਗਤਕੇ ਦੇ ਖੇਤਰ ਵਿੱਚ ਹੋਰ ਮਿਹਨਤ ਕਰਕੇ ਦੇਸ਼ ਅਤੇ ਵਿਦੇਸ਼ ਵਿੱਚ ਆਪਣਾ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰੇ।