ਸਕੂਲ ਦੇ ਗੇਟ ਅੱਗੇ ਫੈਲੀ ਗੰਦਗੀ ਤੋਂ ਵਿਦਿਆਰਥੀ ਤੇ ਸਟਾਫ਼ ਪ੍ਰੇਸ਼ਾਨ
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਰਸਵਤੀ ਇਲਾਕੇ ਵੱਲ ਜਾਣ ਵਾਲੀ ਸੜਕ ’ਤੇ ਸਰਕਾਰੀ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਰਾਣੀ ਬਾਗ ਹੈ ਅਤੇ ਉਸ ਦੇ ਬਿਲਕੁਲ ਸਾਹਮਣੇ ਕੂੜੇ ਦੇ ਢੇਰ ਲੱਗਣ ਕਰਕੇ ਹਰ ਸਮੇਂ ਬਦਬੂ ਆਉਂਦੀ ਰਹਿੰਦੀ ਹੈ।
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਰਸਵਤੀ ਇਲਾਕੇ ਵੱਲ ਜਾਣ ਵਾਲੀ ਸੜਕ ’ਤੇ ਸਰਕਾਰੀ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਰਾਣੀ ਬਾਗ ਹੈ ਅਤੇ ਉਸ ਦੇ ਬਿਲਕੁਲ ਸਾਹਮਣੇ ਕੂੜੇ ਦੇ ਢੇਰ ਲੱਗਣ ਕਰਕੇ ਹਰ ਸਮੇਂ ਬਦਬੂ ਆਉਂਦੀ ਰਹਿੰਦੀ ਹੈ। ਇਸ ਥਾਂ ’ਤੇ ਰੇਹੜੀਆਂ ਵਾਲੇ ਅਤੇ ਲੋਕ ਅਕਸਰ ਕੂੜਾ ਸੁੱਟਦੇ ਰਹਿੰਦੇ ਹਨ। ਇਹ ਕੂੜਾ ਸੜਕ ’ਤੇ ਅਤੇ ਸਕੂਲ ਦੇ ਗੇਟ ਤੱਕ ਪੁੱਜ ਜਾਂਦਾ ਹੈ। ਸਕੂਲ ਆਉਣ ਵਾਲੇ ਵਿਦਿਆਰਥੀਆਂ ਅਤੇ ਹੋਰ ਸਟਾਫ਼ ਨੂੰ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸਕੂਲ ਨੇ ਕਈ ਵਾਰ ਇਸ ਮਾਮਲੇ ਪ੍ਰਤੀ ਸੰਬੰਧਿਤ ਅਧਿਕਾਰੀਆਂ ਨੂੰ ਵੀ ਕਿਹਾ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਸਮਾਜ ਕਲਿਆਣ ਅਤੇ ਵਿਕਾਸ ਮੰਚ, ਦਿੱਲੀ ਦੇ ਪ੍ਰਧਾਨ ਅਸ਼ੋਕ ਸਭਰਵਾਲ ਦਾ ਕਹਿਣਾ ਹੈ ਕਿ ਇਕ ਪਾਸੇ ਅਸੀਂ ਸਫ਼ਾਈ ਦੀ ਦੁਹਾਈ ਪਾਉਂਦੇ ਰਹਿੰਦੇ ਹਾਂ ਪਰ ਇਸ ਪਈ ਗੰਦਗੀ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਇਕ ਵਿੱਦਿਆ ਦਾ ਮੰਦਰ ਹੁੰਦਾ ਹੈ ਅਤੇ ਜੇਕਰ ਉੱਥੇ ਹੀ ਗੰਦਗੀ ਫੈਲੀ ਰਹਿੰਦੀ ਹੈ ਤਾਂ ਫਿਰ ਗੱਲਾਂ ਕਰਨ ਦਾ ਕੀ ਲਾਭ ਹੈ। ਸਕੂਲ ਦੇ ਬੱਚਿਆਂ ਦੇ ਸਕੂਲ ਵਿਚ ਆਉਣ-ਜਾਣ ਸਮੇਂ ਗੰਦਗੀ ਮੱਥੇ ਲਗਦੀ ਹੈ, ਇਹ ਗੱਲ ਠੀਕ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੂੰ ਇਸ ਪ੍ਰਤੀ ਕੋਈ ਨਾ ਕੋਈ ਕਦਮ ਚੁੱਕਣਾ ਹੈ।