ਹਰਿਆਣਾ ਵਿਚ ਵੋਟਾਂ ਦੀ ਚੋਰੀ ਦਾ ਇਸ ਤੋਂ ਵੱਡਾ ਸਬੂਤ ਕੀ ਹੋਵੇਗਾ ਕਿ ਪੋਲਿੰਗ 61 ਫ਼ੀਸਦੀ ਸੀ ਤੇ ਗਿਣਤੀ ਵੇਲੇ 68 ਫ਼ੀਸਦੀ ਕਿਵੇਂ ਹੋ ਗਈ- ਦੀਪੇਂਦਰ ਹੁੱਡਾ
ਕਰਨਾਲ, 18 ਨਵੰਬਰ (ਗੁਰਮੀਤ ਸਿੰਘ ਸੱਗੂ)- ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਅੱਜ ਘਰੌਂਡਾ ਵਿਧਾਨ ਸਭਾ ਹਲਕੇ ਦੇ ਪਿੰਡ ਕੈਰਵਾਲੀ ਅਤੇ ਫੂਸਗੜ੍ਹ ਵਿਚ ‘ਵੋਟ ਬਚਾਓ, ਦੇਸ਼ ਬਚਾਓ’ ਚੌਪਾਲ ਮੁਹਿੰਮ ਤਹਿਤ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਵਿਚ ਭਾਜਪਾ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੇ ਆਧਾਰ ’ਤੇ ਨਹੀਂ, ਸਗੋਂ ਮੈਨੇਜਮੈਂਟ, ਚੋਣ ਕਮਿਸ਼ਨ ਦੀ ਦੁਰਵਰਤੋਂ ਅਤੇ ਕਾਲੇ ਧਨ ਦੇ ਸਹਾਰੇ ਬਣੀ ਹੈ।
ਕ
ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਘਰੌਂਡਾ ਵਿਧਾਨ ਸਭਾ ਹਲਕੇ ਦੇ ਪਿੰਡ ਕੈਰਵਾਲੀ ਅਤੇ ਫੂਸਗੜ੍ਹ ਵਿਚ ‘ਵੋਟ ਬਚਾਓ, ਦੇਸ਼ ਬਚਾਓ’ ਚੌਪਾਲ ਮੁਹਿੰਮ ਤਹਿਤ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ । ਤਸਵੀਰ : ਗੁਰਮੀਤ ਸਿੰਘ ਸੱਗੂ
19-11-2026
ਕਰਨਾਲ, 18 ਨਵੰਬਰ (ਗੁਰਮੀਤ ਸਿੰਘ ਸੱਗੂ)- ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਅੱਜ ਘਰੌਂਡਾ ਵਿਧਾਨ ਸਭਾ ਹਲਕੇ ਦੇ ਪਿੰਡ ਕੈਰਵਾਲੀ ਅਤੇ ਫੂਸਗੜ੍ਹ ਵਿਚ ‘ਵੋਟ ਬਚਾਓ, ਦੇਸ਼ ਬਚਾਓ’ ਚੌਪਾਲ ਮੁਹਿੰਮ ਤਹਿਤ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਵਿਚ ਭਾਜਪਾ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੇ ਆਧਾਰ ’ਤੇ ਨਹੀਂ, ਸਗੋਂ ਮੈਨੇਜਮੈਂਟ, ਚੋਣ ਕਮਿਸ਼ਨ ਦੀ ਦੁਰਵਰਤੋਂ ਅਤੇ ਕਾਲੇ ਧਨ ਦੇ ਸਹਾਰੇ ਬਣੀ ਹੈ। ਇਸੇ ਕਾਰਨ ਸਰਕਾਰ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਚੱਲ ਰਹੀ ਹੈ ਅਤੇ ਅੱਜ ਹਰ ਵਰਗ ਇਸ ਤੋਂ ਦੁਖੀ ਹੈ। ਦੀਪੇਂਦਰ ਹੁੱਡਾ ਨੇ ਕਿਹਾ ਕਿ ‘ਦਿ ਰਿਪੋਰਟਰਜ਼ ਕਲੈਕਟਿਵ’ ਦੀ ਰਿਪੋਰਟ ਅਨੁਸਾਰ ਤਿੰਨ ਸੂਬਿਆਂ ਦੀਆਂ 200 ਸੀਟਾਂ, ਜਿਨ੍ਹਾਂ ਵਿਚ ਹਰਿਆਣਾ ਦੀਆਂ 23 ਸੀਟਾਂ ਵੀ ਸ਼ਾਮਿਲ ਹਨ, ’ਤੇ ਸ਼ਾਮ 5 ਵਜੇ ਤੋਂ ਬਾਅਦ ਪਈਆਂ ਵੋਟਾਂ ਦਾ ਅੰਕੜਾ ਚੋਣ ਕਮਿਸ਼ਨ ਦੀ ਰਿਪੋਰਟ ਵਿਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ 5 ਅਕਤੂਬਰ 2024 ਨੂੰ ਹਰਿਆਣਾ ਵਿਚ ਪੋਲਿੰਗ 61 ਫ਼ੀਸਦੀ ਦੱਸੀ ਗਈ ਸੀ, ਜਦਕਿ ਵੋਟਾਂ ਦੀ ਗਿਣਤੀ ਵੇਲੇ ਇਹ ਅੰਕੜਾ 68 ਫ਼ੀਸਦੀ ਕਿਵੇਂ ਹੋ ਗਿਆ। ਇਨ੍ਹਾਂ ਸੱਤ ਫ਼ੀਸਦੀ ਵੋਟਾਂ ਦਾ ਵਾਧਾ ਕਿਵੇਂ ਹੋਇਆ, ਇਹ ਵੱਡਾ ਸਵਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐੱਸ. ਆਈ. ਆਰ. ਤੋਂ ਬਾਅਦ ਹਰਿਆਣਾ ਵਿਚ ਲਗਭਗ 40 ਲੱਖ ਵੋਟਾਂ, ਜੋ ਕੁੱਲ ਵੋਟਾਂ ਦਾ 18 ਤੋਂ 20 ਫ਼ੀਸਦੀ ਬਣਦੀਆਂ ਹਨ, ਨੂੰ ਗਲਤ ਦੱਸ ਕੇ ਕੱਟਿਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਹ ਵੋਟਾਂ ਫ਼ਰਜ਼ੀ ਸਨ ਤਾਂ ਚੋਣਾਂ ਦੌਰਾਨ ਇਹ ਵੋਟਾਂ ਕਿਸ ਨੇ ਪਾਈਆਂ। ਇਸ ਨਾਲ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਦੀਪੇਂਦਰ ਹੁੱਡਾ ਨੇ ਕਿਹਾ ਕਿ ਹਰਿਆਣਾ ਦੇ ਲੋਕ ਭਾਜਪਾ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੇ ਸਨ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਜੇਕਰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 10 ਸਾਲਾਂ ਵਿਚ ਚੰਗਾ ਕੰਮ ਕੀਤਾ ਹੁੰਦਾ ਤਾਂ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਬਦਲਣ ਦੀ ਲੋੜ ਨਾ ਪੈਂਦੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਹਰਿਆਣਾ ਵਿਚ ਵਿਕਾਸ ਦੇ ਨਾਂਅ ’ਤੇ ਕੁਝ ਨਹੀਂ ਕੀਤਾ। 12 ਸਾਲਾਂ ਵਿਚ ਨਾ ਕੋਈ ਯੂਨੀਵਰਸਿਟੀ ਬਣੀ, ਨਾ ਹਸਪਤਾਲ ਅਤੇ ਨਾ ਹੀ ਕਾਲਜ, ਪਰ ਭਾਜਪਾ ਨੇ ਦੇਸ਼ ਭਰ ਵਿਚ ਆਪਣੇ ਵੱਡੇ-ਵੱਡੇ ਦਫ਼ਤਰ ਜ਼ਰੂਰ ਬਣਾ ਲਏ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਭਾਜਪਾ ਦੇ ਚੋਣ ਵਾਅਦਿਆਂ ਦਾ ਜ਼ਿਕਰ ਕਰਦਿਆਂ ਪਿੰਡ ਵਾਸੀਆਂ ਨੂੰ ਪੁੱਛਿਆ ਕਿ ਕੀ ਭਾਜਪਾ ਸਰਕਾਰ ਨੇ ਕਿਸੇ ਐੱਸ. ਸੀ. ਜਾਂ ਬੀਸੀ ਪਰਿਵਾਰ ਨੂੰ 100-100 ਗਜ਼ ਦੇ ਪਲਾਟ ਦਿੱਤੇ ਹਨ। ਇਸ ’ਤੇ ਲੋਕਾਂ ਨੇ ਇਕਸੁਰ ਹੋ ਕੇ ਨਾਂਹ ਵਿਚ ਜਵਾਬ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਲੋਕਾਂ ਦਾ ਦਿਲ ਜਿੱਤ ਕੇ ਨਹੀਂ, ਸਗੋਂ ਭ੍ਰਿਸ਼ਟਾਚਾਰ ਦੇ ਪੈਸੇ ਅਤੇ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ ਸਰਕਾਰ ਬਣਾਈ ਹੈ। ਅੱਜ ਬੇਰੁਜ਼ਗਾਰੀ, ਨਸ਼ਿਆਂ ਅਤੇ ਅਪਰਾਧ ਦੇ ਮਾਮਲੇ ਵਿਚ ਹਰਿਆਣਾ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ। ਨੌਜਵਾਨ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਹਰਿਆਣਾ ਦੀ ਕਦੇ ਚੰਗੀ ਕਾਨੂੰਨ ਵਿਵਸਥਾ ਲਈ ਮਿਸਾਲ ਦਿੱਤੀ ਜਾਂਦੀ ਸੀ, ਅੱਜ ਉੱਥੇ ਗੈਂਗਸਟਰਾਂ ਅਤੇ ਫਿਰੌਤੀਖੋਰਾਂ ਦਾ ਬੋਲਬਾਲਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਮੰਤਰੀ, ਸੰਸਦ ਮੈਂਬਰ ਅਤੇ ਵੱਡੇ ਆਗੂ ਗੈਰ-ਕਾਨੂੰਨੀ ਕਾਲੋਨੀਆਂ ਅਤੇ ਮਾਈਨਿੰਗ ਵਾਲੇ ਟਰੱਕਾਂ ਦੇ ਮਾਮਲਿਆਂ ਵਿਚ ਪਰਚੀਆਂ ਜਾਰੀ ਕਰ ਰਹੇ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਜਾ ਕੇ ਉੱਥੇ ਇਕ ਵਾਰ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਇਕ ਹਫ਼ਤੇ ਵਿਚ ਸਾਰੇ ਗੈਂਗਸਟਰਾਂ ਨੂੰ ਬਾਹਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਚਾਲਾਕ ਤਾਕਤਾਂ ਹਨ, ਜਿਨ੍ਹਾਂ ਦੀਆਂ ਸਾਜ਼ਿਸ਼ਾਂ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵਿਰੋਧੀ ਵੋਟਾਂ ਵੰਡਣ ਲਈ ਬੀ ਅਤੇ ਸੀ ਟੀਮਾਂ ਖੜ੍ਹੀਆਂ ਕਰਦੀ ਹੈ ਅਤੇ ਅਜਿਹੇ ਉਮੀਦਵਾਰ ਮੈਦਾਨ ਵਿਚ ਉਤਾਰਦੀ ਹੈ, ਇਸ ਲਈ ਲੋਕਾਂ ਨੂੰ ਇਨ੍ਹਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਇਸ ਮੌਕੇ ਸੰਸਦ ਮੈਂਬਰ ਵਰੁਣ ਮੁਲਾਣਾ, ਅਨਿਲ ਚੌਧਰੀ, ਵਰਿੰਦਰ ਰਾਠੌਰ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਵੈਦ, ਸਾਬਕਾ ਵਿਧਾਇਕ ਰਾਕੇਸ਼ ਕੰਬੋਜ, ਸਾਬਕਾ ਮੰਤਰੀ ਭੀਮ ਸੈਨ ਮਹਿਤਾ, ਸਾਬਕਾ ਵਿਧਾਇਕ ਬਖ਼ਸ਼ੀ ਸਿੰਘ ਵਿਰਕ, ਕਾਰਜਕਾਰੀ ਪ੍ਰਧਾਨ ਸੁਰੇਸ਼ ਗੁਪਤਾ, ਸੁਰਿੰਦਰ ਨਰਵਾਲ, ਸਤੀਸ਼ ਰਾਣਾ, ਨਹਿਰ ਸਿੰਘ ਸੰਧੂ, ਜ਼ਿਲ੍ਹਾ ਪਰਿਸ਼ਦ ਮੈਂਬਰ ਰਾਮਫਲ ਕਮਾਲਪੁਰ, ਸਤੀਸ਼ ਬੁਢਨਪੁਰ, ਰਾਮ ਸ਼ਰਨ ਭੋਲਾ, ਰਾਜੀਵ ਮਾਮੂਰਾਮ ਗੋਂਦਰ, ਕ੍ਰਿਸ਼ਨਾ ਬਸਤਾਰਾ, ਨੈਨਪਾਲ ਰਾਣਾ, ਰਜਤ ਲਾਠਰ, ਸਿੰਘ ਰਾਮ ਰਾਣਾ, ਰੌਬਿਨ ਮਾਈਕਲ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ, ਕਮਾਂਡੈਂਟ ਸੁਰਿੰਦਰ ਗੌੜ ਸਮੇਤ ਕਈ ਆਗੂ ਅਤੇ ਵੱਡੀ ਗਿਣਤੀ ਵਿਚ ਸਥਾਨਕ ਵਰਕਰ ਤੇ ਪਤਵੰਤੇ ਹਾਜ਼ਰ ਸਨ।