ਸਫ਼ਾਈ ਮੁਲਾਜ਼ਮਾਂ ਦੇ ਹੱਕ ’ਚ ਵਕੀਲਾਂ ਦੀ ਕਾਨੂੰਨੀ ਪਹਿਲ, ਹਾਈਕੋਰਟ ਤੋਂ ‘ਸੁਓ ਮੋਟੋ’ ਨੋਟਿਸ ਲੈਣ ਦੀ ਮੰਗ
ਡੱਬਵਾਲੀ, 2 ਸਤੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣਾ ਵਿੱਚ ਸਫਾਈ ਮੁਲਾਜ਼ਮਾਂ ਦੀ ਹੜਤਾਲ ਦੇ ਹੱਕ ਵਿੱਚ ਹੁਣ ਵਕੀਲ ਵੀ ਕਾਨੂੰਨੀ ਲੜਾਈ ਲਈ ਮੈਦਾਨ ਵਿੱਚ ਆ ਗਏ ਹਨ। ਚੌਟਾਲਾ ਵਾਸੀ ਵਕੀਲ ਦਇਆ ਰਾਮ ਜੋਈਆ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਈ-ਮੇਲ ਰਾਹੀਂ ਪੱਤਰ ਭੇਜ ਕੇ ਮਾਮਲੇ ਦਾ ‘ਸੁਓ ਮੋਟੋ’ ਨੋਟਿਸ ਲੈਣ ਦੀ ਮੰਗ ਕੀਤੀ ਹੈ।
ਡੱਬਵਾਲੀ, 2 ਸਤੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣਾ ਵਿੱਚ ਸਫਾਈ ਮੁਲਾਜ਼ਮਾਂ ਦੀ ਹੜਤਾਲ ਦੇ ਹੱਕ ਵਿੱਚ ਹੁਣ ਵਕੀਲ ਵੀ ਕਾਨੂੰਨੀ ਲੜਾਈ ਲਈ ਮੈਦਾਨ ਵਿੱਚ ਆ ਗਏ ਹਨ। ਚੌਟਾਲਾ ਵਾਸੀ ਵਕੀਲ ਦਇਆ ਰਾਮ ਜੋਈਆ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਈ-ਮੇਲ ਰਾਹੀਂ ਪੱਤਰ ਭੇਜ ਕੇ ਮਾਮਲੇ ਦਾ ‘ਸੁਓ ਮੋਟੋ’ ਨੋਟਿਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ 1983 ਦੇ ਸੁਪਰੀਮ ਕੋਰਟ ਦੇ ‘ਬੰਧੂਆ ਮੁਕਤੀ ਮੋਰਚਾ ਬਨਾਮ ਕੇਂਦਰ ਸਰਕਾਰ’ ਫ਼ੈਸਲੇ ਦਾ ਹਵਾਲਾ ਦਿੰਦਿਆਂ ਠੇਕਾ ਪ੍ਰਥਾ ਨੂੰ ‘ਬੰਧੂਆ ਮਜ਼ਦੂਰੀ’ ਵਾਂਗ ਦੱਸਿਆ ਤੇ ਪੱਤਰ ਨੂੰ ਸੰਵਿਧਾਨ ਦੀ ਧਾਰਾ 226 ਤਹਿਤ ਜਨਹਿੱਤ ਪਟੀਸ਼ਨ ਵਜੋਂ ਪ੍ਰਵਾਨ ਕਰਨ ਦੀ ਅਪੀਲ ਕੀਤੀ। ਇੱਥੇ ਬਾਰ ਲਾਇਬ੍ਰੇਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਕੀਲ ਜੋਈਆ ਨੇ ਦੋਸ਼ ਲਾਇਆ ਕਿ ਸਰਕਾਰ ਸਫਾਈ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ ਪੁਲੀਸ ਤੇ ਪ੍ਰਸ਼ਾਸਨ ਰਾਹੀਂ ਉਨ੍ਹਾਂ ‘ਤੇ ਦਬਾਅ ਬਣਾ ਰਹੀ ਹੈ। ਉਨ੍ਹਾਂ ‘ਹਲਕੇ ਬਲ ਪ੍ਰਯੋਗ’ ਦੇ ਨਾਂਅ ਹੇਠ ਸਫਾਈ ਮੁਲਾਜ਼ਮਾਂ ‘ਤੇ ਕੀਤੇ ਜਾ ਰਹੇ ਲਾਠੀਚਾਰਜ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ 13 ਮਈ ਨੂੰ ਠੇਕਾ ਪ੍ਰਥਾ ਖ਼ਤਮ ਕਰਨ ਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ ਪਰ 5 ਅਗਸਤ ਦੀ ਮੀਟਿੰਗ ਵਿੱਚ ਇਸ ਤੋਂ ਸਾਫ਼ ਮੁਕਰ ਗਈ। ਉਨ੍ਹਾਂ ਠੇਕਾ ਪ੍ਰਥਾ ਨੂੰ ਮੁਲਾਜ਼ਮਾਂ ਦੇ ਸੋਸ਼ਣ ਦਾ ਜ਼ਰੀਆ ਦੱਸਦੇ ਕਿਹਾ ਕਿ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਕਿਸੇ ਵੀ ਵੇਲੇ ਨੌਕਰੀ ਤੋਂ ਹਟਾਇਆ ਜਾ ਸਕਦਾ ਹੈ। ਉਨ੍ਹਾਂ ਹੋਰ ਵਕੀਲਾਂ ਨੂੰ ਵੀ ਸਫਾਈ ਮੁਲਾਜ਼ਮਾਂ ਦੇ ਹੱਕ ਵਿੱਚ ਹਾਈਕੋਰਟ ਨੂੰ ਪੱਤਰ ਲਿਖਣ ਦੀ ਅਪੀਲ ਕੀਤੀ। ਵਕੀਲ ਲਛਮਣ ਦਾਸ ਕਨਵਾੜੀਆ ਨੇ ਇਸ ਕਾਨੂੰਨੀ ਪਹਿਲ ਦੀ ਹਮਾਇਤ ਕਰਦੇ ਕਿਹਾ ਕਿ ਠੇਕੇਦਾਰੀ ਪ੍ਰਥਾ ਕਾਰਨ ਮਿਹਨਤਕਸ਼ ਮੁਲਾਜ਼ਮਾਂ ਦੇ ਹੱਕ ਮਾਰੇ ਜਾ ਰਹੇ ਹਨ ਤੇ ਵਕੀਲ ਉਨ੍ਹਾਂ ਦੀ ਕਾਨੂੰਨੀ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਸਫਾਈ ਮੁਲਾਜ਼ਮ ਆਗੂ ਸੂਰਜ ਕੁਮਾਰ ਨੇ ਵਕੀਲਾਂ ਦੀ ਪਹਿਲ ਦਾ ਸਵਾਗਤ ਕਰਦਿਆਂ ਦੋਸ਼ ਲਾਇਆ ਕਿ ਪਿਛਲੇ 13 ਸਾਲਾਂ ਦੌਰਾਨ ਸਰਕਾਰ ਨੇ ਇੱਕ ਵੀ ਸਫਾਈ ਮੁਲਾਜ਼ਮ ਪੱਕਾ ਭਰਤੀ ਨਹੀਂ ਕੀਤਾ ਜਦਕਿ ਚਪੜਾਸੀ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਪੱਕੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ 12 ਮੰਗਾਂ ਮੰਨਣ ਦੇ ਜ਼ੁਬਾਨੀ ਦਾਅਵੇ ਕਰ ਰਹੀ ਹੈ ਜਦਕਿ ਮੁਲਾਜ਼ਮ ਲਿਖਤੀ ਹੁਕਮਾਂ ਦੀ ਮੰਗ ਕਰ ਰਹੇ ਹਨ। ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮੁਅੱਤਲੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਲਿਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਠੇਕਾ ਪ੍ਰਥਾ ਖ਼ਤਮ ਹੋਣ ਤੱਕ ਹੜਤਾਲ ਜਾਰੀ ਰਹੇਗੀ।