ਟੋਹਾਣਾ ਕੂੜੇ ਦੇ ਸੰਕਟ ਨਾਲ ਬੇਹਾਲ , ਵਪਾਰ ਮੰਡਲ ਵਲੋਂ ਵੱਡੇ ਅੰਦੋਲਨ ਦੀ ਚਿਤਾਵਨੀ
ਟੋਹਾਣਾ, 24 ਅਗਸਤ (ਮਨਜੀਤ ਸਿੰਘ) - ਸਫ਼ਾਈ ਕਰਮਚਾਰੀਆਂ ਦੀ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਟੋਹਾਣਾ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਸ਼ਹਿਰ ਦੇ ਮੁੱਖ ਰਸਤਿਆਂ, ਬਾਜ਼ਾਰਾਂ, ਚੌਕਾਂ ਅਤੇ ਵਪਾਰਕ ਇਲਾਕਿਆਂ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ।
ਟੋਹਾਣਾ, 24 ਅਗਸਤ (ਮਨਜੀਤ ਸਿੰਘ) - ਸਫ਼ਾਈ ਕਰਮਚਾਰੀਆਂ ਦੀ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਟੋਹਾਣਾ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਸ਼ਹਿਰ ਦੇ ਮੁੱਖ ਰਸਤਿਆਂ, ਬਾਜ਼ਾਰਾਂ, ਚੌਕਾਂ ਅਤੇ ਵਪਾਰਕ ਇਲਾਕਿਆਂ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਕੂੜੇ ਕਾਰਨ ਫੈਲ ਰਹੀ ਬਦਬੂ ਨੇ ਜਿੱਥੇ ਦੁਕਾਨਦਾਰਾਂ ਤੇ ਵਪਾਰੀਆਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ, ਉੱਥੇ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਮੇ ਸਮੇਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਡਰ ਵੀ ਵਧਦਾ ਜਾ ਰਿਹਾ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਦਫ਼ਤਰ ਵਿਖੇ ਵਪਾਰੀਆਂ ਦੀ ਇੱਕ ਅਹਿਮ ਬੈਠਕ ਹੋਈ। ਬੈਠਕ ਦੀ ਪ੍ਰਧਾਨਗੀ ਵਪਾਰ ਮੰਡਲ ਦੇ ਪ੍ਰਧਾਨ ਰਾਜਿੰਦਰ ਠਕਰਾਲ ਨੇ ਕੀਤੀ, ਜਦਕਿ ਸਰਪ੍ਰਸਤ ਰਮੇਸ਼ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਪ੍ਰਦੇਸ਼ ਸਕੱਤਰ ਰਾਮ ਕੁਮਾਰ ਸੈਣੀ, ਯੁਵਾ ਪ੍ਰਧਾਨ ਜੋਨੀ ਮਹਿਤਾ, ਘਨਈਆ ਲਾਲ ਅਰੋੜਾ ਸਮੇਤ ਸ਼ਹਿਰ ਦੇ ਕਈ ਪ੍ਰਮੁੱਖ ਵਪਾਰੀ ਅਤੇ ਸਮਾਜਿਕ ਨੁਮਾਇੰਦੇ ਮੌਜੂਦ ਸਨ। ਬੈਠਕ ਦੌਰਾਨ ਵਪਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਅਤੇ ਵਪਾਰੀਆਂ ਦਾ ਦੁਕਾਨਾਂ ’ਤੇ ਬੈਠਣਾ ਵੀ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਫ਼ਾਈ ਦਾ ਇਹ ਸੰਕਟ ਜਲਦ ਹੱਲ ਨਾ ਕੀਤਾ ਗਿਆ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਰਾਜਿੰਦਰ ਠਕਰਾਲ ਨੇ ਕਿਹਾ ਕਿ ਸਰਕਾਰ ਨੂੰ ਸਫ਼ਾਈ ਕਰਮਚਾਰੀਆਂ ਨਾਲ ਤੁਰੰਤ ਗੱਲਬਾਤ ਕਰਕੇ ਹੜਤਾਲ ਖ਼ਤਮ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਬਿਮਾਰੀਆਂ ਦੇ ਖ਼ਤਰੇ ਵੱਲ ਧੱਕਣਾ ਕਿਸੇ ਵੀ ਕੀਮਤ ’ਤੇ ਸਹਿਣਯੋਗ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਲਦ ਕੋਈ ਠੋਸ ਹੱਲ ਨਾ ਕੱਢਿਆ ਗਿਆ ਤਾਂ ਵਪਾਰ ਮੰਡਲ ਵੱਲੋਂ ਟੋਹਾਣਾ ਬੰਦ ਅਤੇ ਵੱਡੇ ਪੱਧਰ ’ਤੇ ਅੰਦੋਲਨ ਦਾ ਐਲਾਨ ਕੀਤਾ ਜਾ ਸਕਦਾ ਹੈ। ਵਪਾਰੀਆਂ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਆਰੀਆ ਸਮਾਜ ਮੰਦਰ ਵਿਖੇ ਸਰਬ-ਸੰਸਥਾਗਤ ਮਹਾਂਬੈਠਕ ਸੱਦੀ ਗਈ ਹੈ। ਇਸ ਬੈਠਕ ਵਿੱਚ ਸ਼ਹਿਰ ਦੀਆਂ ਵੱਖ-ਵੱਖ ਵਪਾਰਕ, ਸਮਾਜਿਕ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।