ਬਰਫ਼ ’ ਚ ਢੱਕੇ ਵੈਨਕੂਵਰ ਦੇ ਪਹਾੜਾਂ ’ ਤੇ ਸਰਦ ਰੁੱਤ ਦੀਆਂ ਖੇਡਾਂ ਲਈ ਤਿਆਰੀਆਂ
ਵੈਨਕੂਵਰ, 26 ਨਵੰਬਰ (ਮਲਕੀਤ ਸਿੰਘ)-ਵੈਨਕੂਵਰ ਅਤੇ ਇਸ ਦੇ ਆਸ-ਪਾਸ ਸਥਿਤ ਪਹਾੜਾਂ ’ਤੇ ਹੋਈ ਬਰਫ਼ਬਾਰੀ ਨਾਲ ਸਰਦ ਰੁੱਤ ਦੀਆਂ ਖੇਡਾਂ ਦੇ ਸ਼ੌਕੀਨਾਂ ਵਿਚ ਉਤਸ਼ਾਹ ਵਧ ਗਿਆ ਹੈ। ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੇ ਪਹਾੜ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੇ ਹਨ।
ਵੈਨਕੂਵਰ, 26 ਨਵੰਬਰ (ਮਲਕੀਤ ਸਿੰਘ)-ਵੈਨਕੂਵਰ ਅਤੇ ਇਸ ਦੇ ਆਸ-ਪਾਸ ਸਥਿਤ ਪਹਾੜਾਂ ’ਤੇ ਹੋਈ ਬਰਫ਼ਬਾਰੀ ਨਾਲ ਸਰਦ ਰੁੱਤ ਦੀਆਂ ਖੇਡਾਂ ਦੇ ਸ਼ੌਕੀਨਾਂ ਵਿਚ ਉਤਸ਼ਾਹ ਵਧ ਗਿਆ ਹੈ। ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੇ ਪਹਾੜ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੇ ਹਨ। ਗਰਾਊਸ ਮਾਊਂਟੇਨ, ਸਾਈਪਰਸ ਮਾਊਂਟੇਨ ਅਤੇ ਮਾਊਂਟ ਸੀਮੋਰ ਵਿਖੇ ਸਰਦ ਰੁੱਤ ਦੀਆਂ ਖੇਡਾਂ ਦਾ ਆਨੰਦ ਮਾਣਨ ਲਈ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰਮੁੱਖ ਸੈਲਾਨੀ ਸ਼ਹਿਰ ਵਿਸਲਰ ਵਿਖੇ 25 ਨਵੰਬਰ ਤੋਂ ਸਰਦ ਰੁੱਤ ਦੀਆਂ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ, ਜਦਕਿ ਬਲੈਕਕੌਂਬ ਪਹਾੜੀ ਵਿਖੇ 20 ਨਵੰਬਰ ਤੋਂ ਹੀ ਬਰਫ਼ੀਲੀਆਂ ਖੇਡਾਂ ਦਾ ਆਗਾਜ਼ ਹੋ ਚੁੱਕਾ ਹੈ। ਵਿਸਲਰ ਵਿਖੇ ਹਰ ਸਾਲ ਲੱਖਾਂ ਦੀ ਗਿਣਤੀ ਚ ਸੈਲਾਨੀ ਪਹੁੰਚਦੇ ਹਨ। ਵਿਸਲਰ ਅਤੇ ਬਲੈਕਕੌਂਬ ਪਹਾੜੀਆਂ ਵਿਖੇ 8 ਹਜ਼ਾਰ ਏਕੜ ਤੋਂ ਵੱਧ ਰਕਬੇ ਵਿਚ ਬਰਫ਼ੀਲੀਆਂ ਖੇਡਾਂ ਖੇਡਣ ਲਈ 200 ਤੋਂ ਵੱਧ ਨਿਰਧਾਰਿਤ ਮਾਰਗ ਹਨ। ਉੱਤਰੀ ਵੈਨਕੂਵਰ ਸਥਿਤ ਮਾਊਂਟ ਸੀਮੋਰ ਵਿਖੇ 11 ਦਸੰਬਰ ਤੋਂ ਸਰਦ ਰੁੱਤ ਦੀਆਂ ਖੇਡਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਦਕਿ ਗਰਾਊਸ ਮਾਊਂਟੇਨ ਅਤੇ ਪੱਛਮੀ ਵੈਨਕੂਵਰ ਸਥਿਤ ਸਾਈਪਰਸ ਮਾਊਂਟੇਨ ਵਿਖੇ 18 ਦਸੰਬਰ ਤੋਂ ਬਰਫ਼ੀਲੀਆਂ ਖੇਡਾਂ ਸ਼ੁਰੂ ਹੋਣ ਦਾ ਅਨੁਮਾਨ ਹੈ। ਹਾਲਾਂਕਿ ਇਨ੍ਹਾਂ ਦੋਵਾਂ ਪਹਾੜੀਆਂ ਦੇ ਪ੍ਰਬੰਧਕਾਂ ਵਲੋਂ ਅਜੇ ਅਧਿਕਾਰਤ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ। ਸਾਈਪਰਸ ਮਾਊਂਟੇਨ ਵਿਖੇ 600 ਏਕੜ ਰਕਬੇ ਵਿਚ ਬਰਫ਼ੀਲੀਆਂ ਖੇਡਾਂ ਖੇਡਣ ਦੀ ਵਿਵਸਥਾ ਤੋਂ ਇਲਾਵਾ 11 ਕਿਲੋਮੀਟਰ ਲੰਮੇ ਬਰਫ਼ੀਲੇ ਪੈਦਲ ਮਾਰਗ ਵੀ ਹਨ। ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਇਨ੍ਹਾਂ ਪਹਾੜੀਆਂ ਵਿਖੇ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਦੇ ਪਹੁੰਚਣ ਦੀ ਉਮੀਦ ਹੈ