19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਹਕੀਮ ਜੈਫਰੀਜ਼ ਨੂੰ ਸਪੀਕਰ ਅਹੁਦੇ ਲਈ ਡੈਮੋਕ੍ਰੈਟਾਂ ਦੀ ਵੱਡੀ ਹਮਾਇਤ , ਰਚਣਗੇ ਨਵਾਂ ਇਤਿਹਾਸ

ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਪ੍ਰਤੀਨਿਧੀ ਸਭਾ ਦੇ ਡੈਮੋਕ੍ਰੈਟ ਮੈਂਬਰਾਂ ਨੇ ਹਕੀਮ ਜੈਫਰੀਜ਼ ਨੂੰ 251 ਦੇ ਮੁਕਾਬਲੇ 11 ਵੋਟਾਂ ਨਾਲ ਸਪੀਕਰ ਅਹੁਦੇ ਲਈ ਆਪਣਾ ਉਮੀਦਵਾਰ ਚੁਣ ਲਿਆ ਹੈ। ਨਿਊਯਾਰਕ ਦੇ 56 ਸਾਲਾ ਆਗੂ ਖ਼ਿਲਾਫ਼ ਕੋਈ ਹੋਰ ਉਮੀਦਵਾਰ ਮੈਦਾਨ ’ਚ ਨਹੀਂ ਸੀ।

Ad Position 21
No active advertisement
ਅਜੀਤ ਡੈਸਕ 20-11-2026
ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਪ੍ਰਤੀਨਿਧੀ ਸਭਾ ਦੇ ਡੈਮੋਕ੍ਰੈਟ ਮੈਂਬਰਾਂ ਨੇ ਹਕੀਮ ਜੈਫਰੀਜ਼ ਨੂੰ 251 ਦੇ ਮੁਕਾਬਲੇ 11 ਵੋਟਾਂ ਨਾਲ ਸਪੀਕਰ ਅਹੁਦੇ ਲਈ ਆਪਣਾ ਉਮੀਦਵਾਰ ਚੁਣ ਲਿਆ ਹੈ। ਨਿਊਯਾਰਕ ਦੇ 56 ਸਾਲਾ ਆਗੂ ਖ਼ਿਲਾਫ਼ ਕੋਈ ਹੋਰ ਉਮੀਦਵਾਰ ਮੈਦਾਨ ’ਚ ਨਹੀਂ ਸੀ। ਪਾਰਟੀ ਅੰਦਰ ਕੁਝ ਨੀਤੀਗਤ ਮਤਭੇਦਾਂ ਦੇ ਬਾਵਜੂਦ ਉਨ੍ਹਾਂ ਨੂੰ ਵੱਡੀ ਹਮਾਇਤ ਮਿਲੀ। ਇਹ ਪਾਰਟੀ ਦੀ ਅੰਦਰੂਨੀ ਚੋਣ ਹੈ। ਸਪੀਕਰ ਦੀ ਰਸਮੀ ਚੋਣ ਤਿੰਨ ਜਨਵਰੀ 2027 ਨੂੰ ਨਵੀਂ ਕਾਂਗਰਸ ਦਾ ਕੰਮਕਾਜ ਸ਼ੁਰੂ ਹੋਣ ਵੇਲੇ ਪੂਰੀ ਪ੍ਰਤੀਨਿਧੀ ਸਭਾ ਕਰੇਗੀ। ਡੈਮੋਕ੍ਰੈਟਾਂ ਨੂੰ ਮਿਲੇ ਮਜ਼ਬੂਤ ਬਹੁਮਤ ਕਾਰਨ ਜੈਫਰੀਜ਼ ਦੀ ਜਿੱਤ ਦੀ ਉਮੀਦ ਹੈ। ਚੁਣੇ ਜਾਣ ’ਤੇ ਉਹ ਅਮਰੀਕੀ ਇਤਿਹਾਸ ਵਿੱਚ ਪਹਿਲੇ ਅਫ਼ਰੀਕੀ-ਅਮਰੀਕੀ ਸਪੀਕਰ ਹੋਣਗੇ। ਜੈਫਰੀਜ਼ ਦੇ ਕੁਝ ਸਾਥੀ ਉਨ੍ਹਾਂ ਦੀ ਨਾਮਜ਼ਦਗੀ ਬਿਨਾਂ ਵੋਟਾਂ ਦੀ ਗਿਣਤੀ ਤੋਂ ਕਰਵਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਹਰ ਮੈਂਬਰ ਨੂੰ ਆਪਣੀ ਰਾਇ ਦੇਣ ਦਾ ਮੌਕਾ ਦੇਣ ਲਈ ਗੁਪਤ ਵੋਟਿੰਗ ਦਾ ਰਾਹ ਚੁਣਿਆ। ਨਤੀਜੇ ਮਗਰੋਂ ਬੈਠਕ ਵਿੱਚ ਤਾੜੀਆਂ ਵੱਜੀਆਂ ਅਤੇ ਕਈ ਸੀਨੀਅਰ ਆਗੂ ਭਾਵੁਕ ਹੋ ਗਏ। ਨਾਗਰਿਕ ਹੱਕਾਂ ਦੀ ਲਹਿਰ ਨਾਲ ਜੁੜੇ ਜਿਮ ਕਲਾਈਬਰਨ ਨੇ ਬਰਾਬਰੀ ਲਈ ਸੰਘਰਸ਼ ਕਰਨ ਵਾਲੀਆਂ ਪਿਛਲੀਆਂ ਪੀੜ੍ਹੀਆਂ ਨੂੰ ਯਾਦ ਕੀਤਾ। ਸਾਬਕਾ ਸਪੀਕਰ ਨੈਨਸੀ ਪੈਲੋਸੀ ਨੇ ਵੀ ਜੈਫਰੀਜ਼ ਨੂੰ ਵਧਾਈ ਦਿੱਤੀ। ਵਿਰੋਧ ਕਰਨ ਵਾਲੇ ਕੁਝ ਅਗਾਂਹਵਧੂ ਮੈਂਬਰਾਂ ਨੇ ਸਾਰਿਆਂ ਲਈ ਮੈਡੀਕੇਅਰ, ਪਰਵਾਸੀਆਂ ਖ਼ਿਲਾਫ਼ ਆਈਸ ਦੀਆਂ ਕਾਰਵਾਈਆਂ, ਸਿਆਸਤ ਵਿੱਚ ਪੈਸੇ ਦੇ ਅਸਰ ਅਤੇ ਗਾਜ਼ਾ ਜੰਗ ਬਾਰੇ ਹੋਰ ਠੋਸ ਵਾਅਦਿਆਂ ਦੀ ਮੰਗ ਕੀਤੀ ਹੈ। ਉਨ੍ਹਾਂ ਮੁਤਾਬਕ ਜੈਫਰੀਜ਼ ਨਾਲ ਗੱਲਬਾਤ ਵਿੱਚ ਤਰੱਕੀ ਹੋਈ ਹੈ, ਪਰ ਪਾਰਟੀ ਦੇ ਅਗਲੇ ਪ੍ਰੋਗਰਾਮ ਵਿੱਚ ਵੋਟਰਾਂ ਦੀਆਂ ਮੰਗਾਂ ਨੂੰ ਥਾਂ ਦਿਵਾਉਣ ਲਈ ਹੋਰ ਕੰਮ ਬਾਕੀ ਹੈ। ਜੈਫਰੀਜ਼ ਨੇ ਆਪਣੀਆਂ ਤਰਜੀਹਾਂ ਵਿੱਚ ਮਹਿੰਗਾਈ ਦਾ ਬੋਝ ਘਟਾਉਣ ਅਤੇ ਸਰਕਾਰ ਨੂੰ ਜਵਾਬਦੇਹ ਬਣਾਉਣ ਉੱਤੇ ਜ਼ੋਰ ਦਿੱਤਾ ਹੈ। ਉਹ ਸਿਹਤ ਬੀਮੇ ਲਈ ਵਧੀ ਹੋਈ ਟੈਕਸ ਸਹਾਇਤਾ ਬਹਾਲ ਕਰਨ, ਮੈਡੀਕੇਡ ਦੀਆਂ ਕਟੌਤੀਆਂ ਪਲਟਣ ਅਤੇ ਟਰੰਪ ਪ੍ਰਸ਼ਾਸਨ ਦੀਆਂ ਆਯਾਤ ਡਿਊਟੀਆਂ ਹਟਾਉਣ ਦੇ ਹਮਾਇਤੀ ਹਨ। ਉਨ੍ਹਾਂ ਨੇ ਮੈਡੀਕੇਅਰ ਲਈ ਯੋਗਤਾ ਦੀ ਉਮਰ ਘਟਾਉਣ, ਦੰਦਾਂ, ਅੱਖਾਂ ਤੇ ਸੁਣਨ ਨਾਲ ਸਬੰਧਤ ਸੇਵਾਵਾਂ ਜੋੜਨ ਅਤੇ ਸਾਰੇ ਬੱਚਿਆਂ ਲਈ ਸਿਹਤ ਸੁਰੱਖਿਆ ਦਾ ਸਮਰਥਨ ਵੀ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਪੂਰੀ ‘ਸਾਰਿਆਂ ਲਈ ਮੈਡੀਕੇਅਰ’ ਯੋਜਨਾ ਨੂੰ ਅਜੇ ਹਮਾਇਤ ਨਹੀਂ ਦਿੱਤੀ। ਨਵੀਂ ਪ੍ਰਤੀਨਿਧੀ ਸਭਾ ਦੀਆਂ ਕਮੇਟੀਆਂ ਰਾਹੀਂ ਡੈਮੋਕ੍ਰੈਟ ਟਰੰਪ ਪ੍ਰਸ਼ਾਸਨ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਅਧਿਕਾਰਾਂ ਦੀ ਦੁਰਵਰਤੋਂ ਦੇ ਦੋਸ਼ਾਂ ਸਮੇਤ ਈਰਾਨ ਜੰਗ ਨਾਲ ਜੁੜੇ ਫ਼ੈਸਲਿਆਂ ਦੀ ਜਾਂਚ ਅੱਗੇ ਵਧਾਉਣ ਦੀ ਤਿਆਰੀ ਕਰ ਰਹੇ ਹਨ। ਕਾਨੂੰਨੀ ਪ੍ਰੋਗਰਾਮ ਲਾਗੂ ਕਰਵਾਉਣ ਦੇ ਰਾਹ ਵਿੱਚ ਰਾਸ਼ਟਰਪਤੀ ਦੀ ਵੀਟੋ ਤਾਕਤ ਅਤੇ ਸੈਨੇਟ ਵਿੱਚ ਬਹੁਤੇ ਬਿੱਲ ਅੱਗੇ ਵਧਾਉਣ ਲਈ ਲੋੜੀਂਦੀਆਂ 60 ਵੋਟਾਂ ਅਹਿਮ ਰੁਕਾਵਟਾਂ ਰਹਿਣਗੀਆਂ। ਬਰੁਕਲਿਨ ਵਿੱਚ ਪਲੇ ਜੈਫਰੀਜ਼ ਪੇਸ਼ੇ ਤੋਂ ਵਕੀਲ ਰਹੇ ਹਨ ਅਤੇ 2012 ਵਿੱਚ ਪਹਿਲੀ ਵਾਰ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਸਨ। ਪੈਲੋ ਸੀ ਦੇ ਪਿੱਛੇ ਹਟਣ ਮਗਰੋਂ ਉਨ੍ਹਾਂ ਨੇ 2023 ’ਚ ਡੈਮੋਕ੍ਰੈਟਿਕ ਆਗੂ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਹੁਣ ਉਨ੍ਹਾਂ ਸਾਹਮਣੇ ਪਾਰਟੀ ਦੇ ਵੱਖੋ-ਵੱਖ ਧੜਿਆਂ ਨੂੰ ਇਕੱਠੇ ਰੱਖ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਉੱਤੇ ਅਮਲ ਕਰਵਾਉਣ ਦੀ ਚੁਣੌਤੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਵੇਰਕਾ ਬਾਈਪਾਸ ਵਿਖੇ ਪਾਰਸਲ ਕੰਪਨੀ ਤੋਂ ਲੁਟੇਰਿਆਂ ਕੀਤੀ ਪਿਸਤੌਲ ਦਿਖਾ ਕੇ ਲੁੱਟ ਖੋਹ ਅਗਲੀ ਖ਼ਬਰ ਐਡੀਲੇਡ ਦੇ ਹੋਲਡਨ ਹਿੱਲ ਵਿਖੇ ਵੈਦਿਕ ਹਿੰਦੂ ਫਾਊਂਡੇਸ਼ਨ ਮੰਦਰ ਦਾ ਕੱਲ੍ਹ ਨੂੰ ਹੋਵੇਗਾ ਸ਼ਾਨਦਾਰ ਉਦਘਾਟਨ
Ad Position 24