18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪਸ਼ੂ ਧਨ ਦੇ ਵਾਧੇ ਲਈ ਯੂਨੀਵਰਸਿਟੀ ਦੇ ਉਪਰਾਲੇ

ਪਸ਼ੂ ਧਨ ਦੇ ਵਾਧੇ ਲਈ ਯੂਨੀਵਰਸਿਟੀ ਦੇ ਉਪਰਾਲੇ

Ad Position 21
No active advertisement
ਅਜੀਤ ਡੈਸਕ 18-09-2026

ਪਸ਼ੂ ਪਾਲਣ ਮੇਲੇ 'ਤੇ ਵਿਸ਼ੇਸ਼

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇਸ਼ ਭਰ ਵਿਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੀ ਇਕ ਮੋਹਰੀ ਵਿੱਦਿਅਕ ਸੰਸਥਾ ਹੈ | ਇਸ ਯੂਨੀਵਰਸਿਟੀ ਦੇ ਅਧੀਨ ਦੋ ਵੈਟਰਨਰੀ ਕਾਲਜ (ਲੁਧਿਆਣਾ ਤੇ ਰਾਮਪੁਰਾ ਫੂਲ), ਡੇਅਰੀ ਤੇ ਫੂਡ ਸਾਇੰਸ ਤਕਨਾਲੋਜੀ ਕਾਲਜ, ਫਿਸ਼ਰੀਜ਼ ਕਾਲਜ, ਬਾਇਓ ਤਕਨਾਲੋਜੀ ਕਾਲਜ ਤੇ ਕਾਲਝਰਾਣੀ ਸਥਿਤ ਫਾਰਮੇਸੀ ਪੋਲੀਟੈਕਨਿਕ ਵਿਦਿਆਰਥੀਆਂ ਨੂੰ  ਗੁਣਵੱਤਾ ਭਰਪੂਰ ਉੱਚ ਸਿੱਖਿਆ ਮੁਹੱਈਆ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹਨ | ਇਨ੍ਹਾਂ ਤੋਂ ਬਿਨਾਂ ਅੰਮਿ੍ਤਸਰ ਵਿਖੇ ਇਕ ਪ੍ਰਾਈਵੇਟ ਵੈਟਰਨਰੀ ਕਾਲਜ ਤੇ ਬਾਦਲ ਵਿਖੇ ਇਕ ਪ੍ਰਾਈਵੇਟ ਫਾਰਮੇਸੀ ਪੋਲੀਟੈਕਨਿਕ ਵੀ ਯੂਨੀਵਰਸਿਟੀ ਤੋਂ ਮਾਨਤਾ ਹਾਸਿਲ ਕਰਕੇ ਕਾਰਜਸ਼ੀਲ ਹਨ | ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ 3 ਕ੍ਰਿਸ਼ੀ ਵਿਗਿਆਨ ਕੇਂਦਰ ਤੇ 3 ਖੇਤਰੀ ਖੋਜ ਤੇ ਸਿਖਲਾਈ ਕੇਂਦਰ ਸਰਗਰਮੀ ਨਾਲ ਸੇਵਾਵਾਂ ਨਿਭਾਅ ਰਹੇ ਹਨ | ਉੱਚ ਪੱਧਰੀ ਵਿੱਦਿਆ ਤੇ ਖੋਜ ਕਾਰਜਾਂ ਦੇ ਨਾਲ ਹੀ ਇਹ ਸੰਸਥਾ ਵਿਗਿਆਨਕ ਖੋਜਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ ਤਾਂ ਜੋ ਸਾਡੇ ਪਸ਼ੂ ਪਾਲਕ ਇਨ੍ਹਾਂ ਖੋਜਾਂ ਤੋਂ ਲਾਹਾ ਲੈ ਸਕਣ | ਇਹ 'ਪਸ਼ੂ ਪਾਲਣ ਮੇਲਾ' ਇਸ ਮਕਸਦ ਲਈ ਕੀਤੇ ਜਾਂਦੇ ਉਪਰਾਲਿਆਂ 'ਚੋਂ ਇਕ ਹੈ | 

 ਹਰ ਸਾਲ ਦੋ ਵਾਰ ਲਗਾਏ ਜਾਂਦੇ ਪਸ਼ੂ ਪਾਲਣ ਮੇਲੇ ਦੀ ਅਗਲੀ ਲੜੀ 18 ਤੇ 19 ਸਤੰਬਰ 2026 ਨੂੰ  ਯੂਨੀਵਰਸਿਟੀ ਦੇ ਮੇਲਾ ਗਰਾਊਾਡ ਵਿਖੇ ਲਗਾਈ ਜਾ ਰਹੀ ਹੈ | ਇਸ ਵਾਰ ਮੇਲੇ ਦਾ ਮੁੱਖ ਵਿਸ਼ਾ- 'ਮਜ਼ਬੂਤ ਜੈਵਿਕ ਸੁਰੱਖਿਆ-ਕਰੇ ਪਸ਼ੂ ਬਿਮਾਰੀਆਂ ਤੋਂ ਰੱਖਿਆ' ਹੈ | ਜੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਕਿਉਂਕਿ ਪਸ਼ੂ ਪਾਲਣ ਦੇ ਧੰਦੇ 'ਚ ਨੁਕਸਾਨ ਦਾ ਵੱਡਾ ਹਿੱਸਾ ਬਿਮਾਰੀਆਂ ਕਾਰਨ ਹੁੰਦਾ ਹੈ ਤੇ ਬਹੁਤੀਆਂ ਬਿਮਾਰੀਆਂ ਨੂੰ  ਇਲਾਜ ਨਾਲੋਂ ਕਿਤੇ ਸਸਤੇ ਤੇ ਸੌਖੇ ਢੰਗ ਨਾਲ ਰੋਕਿਆ ਜਾ ਸਕਦਾ ਹੈ | ਪਸ਼ੂ ਪਾਲਣ ਤੇ ਡੇਅਰੀ ਖੇਤਰ ਪੰਜਾਬ ਦੀ ਖੇਤੀ ਆਰਥਿਕਤਾ ਦਾ ਥੰਮ੍ਹ ਹੈ | ਸੂਬੇ ਦੇ ਕੁੱਲ ਖੇਤੀ ਮੁੱਲ ਵਾਧੇ (ਜੀ.ਐੱਸ.ਵੀ.ਏ.) ਵਿਚ ਪਸ਼ੂ ਧਨ ਦਾ ਹਿੱਸਾ ਸਾਲ 2011-12 ਦੇ 26.03 ਫ਼ੀਸਦੀ ਤੋਂ ਵਧ ਕੇ ਸਾਲ 2023-24 ਵਿਚ 38.57 ਫ਼ੀਸਦੀ ਹੋ ਗਿਆ ਹੈ | ਇਸੇ ਸਮੇਂ ਦੌਰਾਨ ਪਸ਼ੂ ਧਨ ਖੇਤਰ ਦੀ ਸਾਲਾਨਾ ਵਿਕਾਸ ਦਰ 6.11 ਫ਼ੀਸਦੀ ਤੇ ਮੱਛੀ ਪਾਲਣ ਦੀ 8.93 ਫ਼ੀਸਦੀ ਰਹੀ, ਜਦਕਿ ਫ਼ਸਲੀ ਖੇਤਰ ਦੀ ਵਿਕਾਸ ਦਰ ਸਿਰਫ਼ 0.64 ਫ਼ੀਸਦੀ ਸੀ | ਇਹ ਅੰਕੜੇ ਸਾਫ਼ ਦੱਸਦੇ ਹਨ ਕਿ ਖੇਤੀ ਵਿਭਿੰਨਤਾ ਦਾ ਸਭ ਤੋਂ ਭਰੋਸੇਮੰਦ ਰਾਹ ਪਸ਼ੂ ਪਾਲਣ 'ਚੋਂ ਹੋ ਕੇ ਲੰਘਦਾ ਹੈ | ਪੰਜਾਬ ਹਰ ਸਾਲ 140 ਲੱਖ ਟਨ ਦੁੱਧ ਪੈਦਾ ਕਰਦਾ ਹੈ, ਜੋ ਦੇਸ਼ ਦੇ ਕੁੱਲ ਦੁੱਧ ਉਤਪਾਦਨ ਦਾ ਲਗਭਗ 6 ਫ਼ੀਸਦੀ ਬਣਦਾ ਹੈ | ਪਸ਼ੂ ਪਾਲਣ ਤੇ ਡੇਅਰੀ ਵਿਭਾਗ, ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਸਾਲ 2024-25 ਦੌਰਾਨ  ਪੰਜਾਬ 'ਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 1,318 ਗ੍ਰਾਮ ਪ੍ਰਤੀ ਦਿਨ ਰਹੀ, ਜੋ ਦੇਸ਼ ਭਰ 'ਚ ਸਭ ਤੋਂ ਵੱਧ ਤੇ ਕੌਮੀ ਔਸਤ (485 ਗ੍ਰਾਮ ਪ੍ਰਤੀ ਦਿਨ) ਨਾਲੋਂ ਢਾਈ ਗੁਣਾ ਵੱਧ ਹੈ | ਪਰ ਇਹ ਸਾਰੀ ਪ੍ਰਾਪਤੀ ਸਾਡੇ ਪਸ਼ੂ ਤੰਦਰੁਸਤ ਰਹਿਣ 'ਤੇ ਟਿਕੀ ਹੋਈ ਹੈ |
ਜੈਵਿਕ ਸੁਰੱਖਿਆ ਤੋਂ ਭਾਵ ਹੈ ਉਹ ਸਾਰੇ ਸਾਧਾਰਨ ਪਰ ਲਗਾਤਾਰ ਅਪਣਾਏ ਜਾਣ ਵਾਲੇ ਪ੍ਰਬੰਧ, ਜਿਨ੍ਹਾਂ ਨਾਲ ਬਿਮਾਰੀ ਦੇ ਕੀਟਾਣੂ ਪਸ਼ੂ ਫਾਰਮ ਦੇ ਅੰਦਰ ਦਾਖ਼ਲ ਹੀ ਨਾ ਹੋ ਸਕਣ ਅਤੇ ਜੇ ਕਿਤੇ ਦਾਖ਼ਲ ਹੋ ਜਾਣ ਤਾਂ ਅੱਗੇ ਨਾ ਫੈਲ ਸਕਣ | ਇਸ ਲਈ ਕੋਈ ਮਹਿੰਗੀ ਮਸ਼ੀਨਰੀ ਨਹੀਂ, ਸਿਰਫ਼ ਸੁਚੇਤ ਆਦਤਾਂ, ਸਫ਼ਾਈ ਤੇ ਅਨੁਸ਼ਾਸਨ ਚਾਹੀਦਾ ਹੈ | ਇਹ ਵਿਸ਼ਾ ਇਸ ਵਾਰ ਇਸ ਲਈ ਚੁਣਿਆ ਗਿਆ ਹੈ, ਕਿਉਂਕਿ ਪਿਛਲੇ ਕੁਝ ਸਾਲਾਂ 'ਚ ਲੰਪੀ ਸਕਿਨ ਬਿਮਾਰੀ, ਬਰਡ ਫ਼ਲੂ, ਮੂੰਹ-ਖੁਰ ਤੇ ਥਣਾਂ ਦੀ ਸੋਜ (ਮਸਟਾਈਟਸ) ਵਰਗੀਆਂ ਬਿਮਾਰੀਆਂ ਨੇ ਪਸ਼ੂ ਪਾਲਕਾਂ ਨੂੰ  ਵੱਡੀ ਸੱਟ ਮਾਰੀ ਹੈ | ਕਿਸੇ ਇਕ ਵੀ ਬਿਮਾਰੀ ਦਾ ਹਮਲਾ ਦੁੱਧ ਦੀ ਪੈਦਾਵਾਰ ਘਟਾ ਦਿੰਦਾ ਹੈ, ਪਸ਼ੂ ਦੀ ਪ੍ਰਜਣਨ ਸਮਰੱਥਾ ਨੂੰ  ਖ਼ਰਾਬ ਕਰਕੇ ਦਵਾਈਆਂ ਦਾ ਖ਼ਰਚਾ ਵਧਾਉਂਦਾ ਹੈ | ਇਸ ਲਈ ਸਾਡਾ ਸੁਨੇਹਾ ਸਿੱਧਾ ਹੈ, ਇਲਾਜ ਨਾਲੋਂ ਪ੍ਰਹੇਜ਼ ਸਸਤਾ ਤੇ ਪੱਕਾ ਵੀ ਹੈ | ਦੂਜਾ ਵੱਡਾ ਕਾਰਨ ਮਨੁੱਖੀ ਸਿਹਤ ਹੈ | ਵਿਸ਼ਵ ਸਿਹਤ ਸੰਸਥਾ ਅਨੁਸਾਰ ਮਨੁੱਖਾਂ 'ਚ ਪਾਈਆਂ ਜਾਂਦੀਆਂ 60 ਫ਼ੀਸਦੀ ਛੂਤ ਦੀਆਂ ਬਿਮਾਰੀਆਂ ਪਸ਼ੂਆਂ ਤੋਂ ਮਨੁੱਖਾਂ ਤੱਕ ਪਹੁੰਚਦੀਆਂ ਹਨ | ਬਰੂਸੈਲੋਸਿਸ, ਤਪਦਿਕ, ਰੇਬੀਜ਼ ਤੇ ਬਰਡ ਫ਼ਲੂ ਇਸ ਦੀਆਂ ਮਿਸਾਲਾਂ ਹਨ | ਯਾਨੀ ਫਾਰਮ ਦੀ ਜੈਵਿਕ ਸੁਰੱਖਿਆ ਸਿਰਫ਼ ਪਸ਼ੂ ਦੀ ਨਹੀਂ, ਪਸ਼ੂ ਪਾਲਕ ਦੇ ਪਰਿਵਾਰ ਤੇ ਦੁੱਧ ਪੀਣ ਵਾਲੇ ਖ਼ਪਤਕਾਰ ਦੀ ਵੀ ਸੁਰੱਖਿਆ ਹੈ | ਇਹੀ 'ਇਕ ਸਿਹਤ' (ਵਨ ਹੈਲਥ) ਦਾ ਸੰਕਲਪ ਹੈ, ਜਿਸ 'ਤੇ ਸਾਡੀ ਯੂਨੀਵਰਸਿਟੀ ਲਗਾਤਾਰ ਕੰਮ ਕਰ ਰਹੀ ਹੈ |
ਇਸ ਦੋ ਦਿਨਾ ਮੇਲੇ 'ਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗ ਆਪਣੀਆਂ ਖੋਜਾਂ, ਸਿਫ਼ਾਰਸ਼ਾਂ ਤੇ ਨਵੀਆਂ ਤਕਨੀਕਾਂ ਪਸ਼ੂ ਪਾਲਕਾਂ ਸਾਹਮਣੇ ਪੇਸ਼ ਕਰਨਗੇ | ਇਸ ਵਾਰ ਜੈਵਿਕ ਸੁਰੱਖਿਆ 'ਤੇ ਲੱਗਣ ਵਾਲੀ ਵਿਸ਼ੇਸ਼ ਪ੍ਰਦਰਸ਼ਨੀ ਵਿਚ ਡੇਅਰੀ ਫਾਰਮ ਦੀ ਸਹੀ ਬਣਤਰ, ਸਫ਼ਾਈ ਦੇ ਤਰੀਕੇ, ਕੀਟਾਣੂਨਾਸ਼ਕਾਂ ਦੀ ਸਹੀ ਵਰਤੋਂ ਅਤੇ ਟੀਕਾਕਰਨ ਸੰਬੰਧੀ ਜਾਣਕਾਰੀ ਮਾਡਲਾਂ ਤੇ ਚਾਰਟਾਂ ਰਾਹੀਂ ਦਿੱਤੀ ਜਾਵੇਗੀ | ਮਾਹਿਰ ਡਾਕਟਰ ਮੌਕੇ 'ਤੇ ਹੀ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਦੱਸਣਗੇ | ਮੇਲੇ ਦੌਰਾਨ ਯੂਨੀਵਰਸਿਟੀ ਦੀਆਂ ਵਧੀਆ ਨਸਲ ਦੀਆਂ ਗਾਵਾਂ, ਮੱਝਾਂ, ਬੱਕਰੀਆਂ, ਸੂਰ, ਮੁਰਗ਼ੀਆਂ ਤੇ ਸਜਾਵਟੀ ਮੱਛੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ | ਪਸ਼ੂ ਖ਼ੁਰਾਕ, ਅਚਾਰ ਤੇ ਸਾਈਲੇਜ, ਦੁੱਧ ਤੇ ਮੀਟ ਤੋਂ ਬਣੇ ਮੁੱਲ-ਵਾਧਾ ਉਤਪਾਦ, ਵੈਟਰਨਰੀ ਦਵਾਈਆਂ, ਡੇਅਰੀ ਮਸ਼ੀਨਰੀ, ਬੈਂਕਿੰਗ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਸਟਾਲ ਵੀ ਲੱਗਣਗੇ | ਯੂਨੀਵਰਸਿਟੀ ਵਿਖੇ ਵੱਡੇ ਪਸ਼ੂਆਂ ਦੇ ਇਲਾਜ ਲਈ ਨਵਾਂ ਹਸਪਤਾਲ, ਘੋੜਿਆਂ ਦੇ ਇਲਾਜ ਲਈ ਯੂਨਿਟ ਤੇ ਆਧੁਨਿਕ ਆਟੋਮੈਟਿਕ ਡਾਇਗਨੋਸਟਿਕ ਲੈਬ ਨਿਰਮਾਣ ਅਧੀਨ ਹੈ |  ਯੂਨੀਵਰਸਿਟੀ ਦੀਆਂ ਸਸਤੀਆਂ ਪੰਜਾਬੀ ਕਿਤਾਬਾਂ ਤੇ ਮਾਸਿਕ ਰਸਾਲਾ 'ਵਿਗਿਆਨਕ ਪਸ਼ੂ ਪਾਲਣ' ਵੀ ਮੌਕੇ 'ਤੇ ਉਪਲਬਧ ਹੋਵੇਗਾ | ਪਸ਼ੂ ਪਾਲਕ ਆਪਣੇ ਪਸ਼ੂਆਂ ਦੇ ਖ਼ੂਨ, ਗੋਬਰ, ਦੁੱਧ, ਚਾਰੇ ਤੇ ਪਾਣੀ ਦੇ ਨਮੂਨੇ ਨਾਲ ਲੈ ਕੇ ਆ ਸਕਦੇ ਹਨ, ਜਿਨ੍ਹਾਂ ਦੀ ਜਾਂਚ ਯੂਨੀਵਰਸਿਟੀ ਦੀਆਂ ਲੈਬਾਰਟਰੀਆਂ ਵਿਚ ਕਰਵਾਈ ਜਾ ਸਕਦੀ ਹੈ | ਪਸ਼ੂ ਪਾਲਣ ਦੇ ਖੇਤਰ ਵਿਚ ਵਧੀਆ ਕੰਮ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ  ਮੁੱਖ ਮੰਤਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਹ ਮੇਲਾ ਨੌਜਵਾਨਾਂ ਲਈ ਇਕ ਖਾਸ ਮੌਕਾ ਹੈ ਕਿ ਉਹ ਡੇਅਰੀ, ਪੋਲਟਰੀ, ਬੱਕਰੀ ਪਾਲਣ, ਸੂਰ ਪਾਲਣ ਤੇ ਮੱਛੀ ਪਾਲਣ ਵਰਗੇ ਸਵੈ-ਰੁਜ਼ਗਾਰ ਦੇ ਧੰਦਿਆਂ ਸੰਬੰਧੀ ਜਾਣਕਾਰੀ ਤੇ ਸਿਖਲਾਈ ਦੀਆਂ ਸਹੂਲਤਾਂ ਬਾਰੇ ਜਾਣ ਸਕਦੇ ਹਨ |  ਪੰਜਾਬ ਤੇ ਗੁਆਂਢੀ ਸੂਬਿਆਂ ਦੇ ਸਮੂਹ ਪਸ਼ੂ ਪਾਲਕਾਂ, ਕਿਸਾਨ ਵੀਰਾਂ-ਭੈਣਾਂ ਤੇ ਨੌਜਵਾਨਾਂ ਨੂੰ  ਖੁੱਲ੍ਹਾ ਸੱਦਾ ਹੈ ਕਿ ਉਹ 18 ਤੇ 19 ਸਤੰਬਰ, 2026 ਨੂੰ  ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਪਹੁੰਚ ਕੇ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ | ਤੰਦਰੁਸਤ ਪਸ਼ੂ ਹੀ ਲਾਹੇਵੰਦ ਪਸ਼ੂ ਪਾਲਣ ਤੇ ਖ਼ੁਸ਼ਹਾਲ ਪੰਜਾਬ ਦੀ ਨੀਂਹ ਹਨ |

-ਉਪ-ਕੁਲਪਤੀ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ  |

Ad Position 22
No active advertisement
ਪਿਛਲੀ ਖ਼ਬਰ ਸਾਲਾਸਰ ਧਾਮ ਬੱਸ ਯਾਤਰਾ 25 ਸਤੰਬਰ ਨੂੰ ਅਗਲੀ ਖ਼ਬਰ ਰਜਿੰਦਰ ਕੁਮਾਰ ਮਿੱਤਲ ਦੀ ਯਾਦ ਵਿਚ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ
Ad Position 24