10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਿ੍ਕਸ ਸੰਮੇਲਨ ਭਾਰਤ ਦਾ ਇਮਤਿਹਾਨ

ਬਿ੍ਕਸ ਸੰਮੇਲਨ ਭਾਰਤ ਦਾ ਇਮਤਿਹਾਨ

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਭਾਰਤ ਲਈ ਆਉਂਦੇ ਸਨਿਚਰਵਾਰ ਅਤੇ ਐਤਵਾਰ ਦੇ ਦਿਨ ਬੇਹੱਦ ਮਹੱਤਵਪੂਰਨ ਮੰਨੇ ਜਾ ਰਹੇ ਹਨ | 12 ਅਤੇ 13 ਸਤੰਬਰ ਨੂੰ  ਨਵੀਂ ਦਿੱਲੀ ਵਿਚ ਬਿ੍ਕਸ ਦੇਸ਼ਾਂ ਦੀ ਮੀਟਿੰਗ ਹੋ ਰਹੀ ਹੈ | ਇਸ ਵਿਚ ਇਨ੍ਹਾਂ ਦੇਸ਼ਾਂ ਦੇ ਮੁਖੀਆਂ ਦੇ ਨਾਲ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਟਰੇਸ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ | ਭਾਰਤ ਨੇ ਪਹਿਲਾਂ ਵੀ ਤਿੰਨ ਵਾਰ ਬਿ੍ਕਸ ਦੇਸ਼ਾਂ ਦੇ ਮੁਖੀਆਂ ਦੀ ਮਹਿਮਾਨ-ਨਿਵਾਜ਼ੀ ਕੀਤੀ ਹੈ | ਬਿ੍ਕਸ ਦੀ ਆਪਣੀ ਵੱਡੀ ਮਹੱਤਤਾ ਹੈ | 20 ਕੁ ਸਾਲ ਪਹਿਲਾਂ ਬਣੇ ਇਸ ਸੰਗਠਨ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਸਾਊਥ ਅਫ਼ਰੀਕਾ ਸ਼ਾਮਿਲ ਹੋਏ ਸਨ | ਇਸੇ ਲਈ ਇਸ ਦਾ ਨਾਂਅ 'ਬਿ੍ਕਸ' ਸੰਖੇਪ ਰੂਪ ਵਿਚ ਅੰਗਰੇਜ਼ੀ ਅੱਖਰਾਂ ਦੇ ਮੁਤਾਬਿਕ 'ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫ਼ਰੀਕਾ) ਦੇ ਨਾਵਾਂ 'ਤੇ ਆਧਾਰਿਤ ਰੱਖਿਆ ਗਿਆ ਸੀ | ਲੰਮੇ ਅਰਸੇ ਤੋਂ ਬਾਅਦ ਸਾਲ 2024 ਵਿਚ ਇਸ ਸੰਗਠਨ ਵਿਚ ਮਿਸਰ, ਇਥੋਪੀਆ, ਈਰਾਨ, ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਨੂੰ  ਸ਼ਾਮਿਲ ਕੀਤਾ ਗਿਆ ਸੀ |  ਸਾਲ 2025 ਵਿਚ ਇੰਡੋਨੇਸ਼ੀਆ ਵੀ ਇਸ ਦਾ ਮੈਂਬਰ ਲਿਆ ਗਿਆ ਸੀ |
ਪਿਛਲੇ ਸਾਲ ਬੇਲਾਰੂਸ, ਬੋਲੀਵੀਆ, ਕਜ਼ਾਕਿਸਤਾਨ, ਕਿਊਬਾ, ਮਲੇਸ਼ੀਆ, ਨਾਈਜੀਰੀਆ, ਥਾਈਲੈਂਡ, ਯੁਗਾਂਡਾ, ਉਜ਼ਬੇਕਿਸਤਾਨ ਅਤੇ ਵੀਅਤਨਾਮ ਨੂੰ  ਇਸ ਸੰਗਠਨ ਦੇ ਭਾਈਵਾਲ ਮੈਂਬਰ ਬਣਾਇਆ ਗਿਆ ਸੀ | ਇਸ ਤਰ੍ਹਾਂ ਨਾਲ ਇਹ ਸੰਗਠਨ ਇਕ ਮਜ਼ਬੂਤ ਇਕਾਈ ਦੇ ਤੌਰ 'ਤੇ ਉੱਭਰਿਆ ਹੈ | ਇਸ ਵਿਚ ਦੁਨੀਆ ਦੀ 49.5 ਫ਼ੀਸਦੀ ਆਬਾਦੀ ਹੈ | 40 ਫ਼ੀਸਦੀ ਦੇ ਲਗਭਗ ਕੌਮਾਂਤਰੀ ਆਰਥਿਕ ਅਸਾਸਾ ਹੈ ਅਤੇ ਇਹ 26 ਫ਼ੀਸਦੀ ਦੇ ਲਗਭਗ ਕੌਮਾਂਤਰੀ ਵਪਾਰ ਦੀ ਇਹ ਪ੍ਰਤੀਨਿਧਤਾ ਕਰਦਾ ਹੈ | ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ, ਚੀਨ ਦੇ ਮੁਖੀ ਸ਼ੀ-ਜਿਨਪਿੰਗ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਦੇ ਨਾਲ-ਨਾਲ ਲਗਭਗ ਸਾਰੇ ਹੀ ਮੈਂਬਰ ਦੇਸ਼ਾਂ ਦੇ ਮੁਖੀ ਇਸ ਸਿਖ਼ਰ ਵਿਚ ਸ਼ਾਮਿਲ ਹੋ ਰਹੇ ਹਨ | ਬਿਨਾਂ ਸ਼ੱਕ ਭਾਰਤ ਵਲੋਂ ਅਜਿਹੀ ਕੌਮਾਂਤਰੀ ਮਹਿਮਾਨ ਨਿਵਾਜ਼ੀ ਅਤੇ ਦੋ ਦਿਨਾਂ ਦੀ ਗੱਲਬਾਤ 'ਚੋਂ ਸਥੂਲ ਅਤੇ ਸਾਰਥਿਕ ਸਿੱਟੇ ਹਾਸਿਲ ਕਰ ਸਕਣਾ ਜਿੱਥੇ ਇਕ ਵੱਡੇ ਇਮਤਿਹਾਨ ਦੀ ਗੱਲ ਹੋਵੇਗੀ, ਉੱਥੇ ਇਸ ਵਿਚੋਂ ਨਿਕਲਣ ਵਾਲੇ ਸਾਰਥਿਕਤਾ ਸਿੱਟਿਆਂ ਦਾ ਸੰਗਠਨ ਦੇ ਸਾਰੇ ਮੈਂਬਰਾਂ ਅਤੇ ਸਮੁੱਚੇ ਤੌਰ 'ਤੇ ਪੂਰੇ ਵਿਸ਼ਵ ਲਈ ਵੀ ਵਿਸ਼ੇਸ਼ ਮਹੱਤਵ ਹੋਵੇਗਾ | ਇਸ ਸਮੇਂ ਜਿੱਥੇ ਰੂਸ ਤੇ ਯੂਕਰੇਨ ਵਿਚਕਾਰ ਤਬਾਹਕੁਨ ਜੰਗ ਚੱਲ ਰਹੀ ਹੈ, ਉੱਥੇ ਪੱਛਮੀ ਏਸ਼ੀਆ ਵਿਚ ਵੀ ਵੱਡਾ ਸੰਕਟ ਖੜ੍ਹਾ ਦਿਖਾਈ ਦੇ ਰਿਹਾ ਹੈ | ਖ਼ਾਸ ਤੌਰ 'ਤੇ ਹੋਰਮੁਜ਼ ਜਲ ਡਮਰੂ ਵਿਚ ਜਹਾਜ਼ਾਂ ਦੀ ਆਵਾਜਾਈ ਰੋਕਣ ਨੇ ਇਕ ਵੱਡਾ ਸੰਕਟ ਖੜ੍ਹਾ ਕੀਤਾ ਹੋਇਆ ਹੈ | ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਪਾਰ 'ਤੇ ਟੈਰਿਫ਼ ਲਗਾਉਣ ਦੀਆਂ ਨੀਤੀਆਂ ਨੇ ਵੀ ਦੁਨੀਆ ਭਰ ਨੂੰ  ਹੈਰਾਨ ਅਤੇ ਪ੍ਰੇਸ਼ਾਨ ਕੀਤਾ ਹੋਇਆ ਹੈ | ਇਸੇ ਲਈ ਭਾਰਤ ਵਲੋਂ ਲਚਕੀਲਾਪਨ, ਖੋਜ ਤੇ ਸਹਿਯੋਗ ਆਦਿ ਉਕਤ ਵਿਸ਼ਿਆਂ ਨੂੰ  ਸੰਮੇਲਨ ਵਿਚ ਚਰਚਾ ਲਈ ਕੇਂਦਰੀ ਮੁੱਦਿਆਂ ਵਜੋਂ ਰੱਖਿਆ ਗਿਆ ਹੈ, ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਉਨ੍ਹਾਂ ਦੀ ਬਿਹਤਰੀ ਲਈ ਸਮੂਹਿਕ ਯਤਨ ਕੀਤੇ ਜਾ ਸਕਣ | ਜੇਕਰ ਖ਼ੁਰਾਕ, ਊਰਜਾ, ਸਿਹਤ, ਕੁਦਰਤੀ ਆਫ਼ਤਾਂ ਆਦਿ ਲਈ ਇਹ ਸੰਗਠਨ ਸਾਂਝੇ ਯਤਨਾਂ ਅਤੇ ਸਹਿਯੋਗ ਵਿਚ ਸ਼ਾਮਿਲ ਹੁੰਦਾ ਹੈ ਤਾਂ ਇਹ ਕਰੋੜਾਂ ਮਨੁੱਖਾਂ ਲਈ ਵਰਦਾਨ ਅਤੇ ਉੱਚੀ ਉਡਾਣ ਸਾਬਿਤ ਹੋ ਸਕਦਾ ਹੈ |

ਭਾਰਤ ਦੇ ਈਰਾਨ ਨਾਲ ਵੀ ਸੁਖਾਵੇਂ ਸੰਬੰਧ ਬਣੇ ਰਹੇ ਹਨ | ਰੂਸ ਇਸ ਦਾ ਸਹਿਯੋਗੀ ਅਤੇ ਮਿੱਤਰ ਬਣਿਆ ਰਿਹਾ ਹੈ | ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਦੇ ਬਾਵਜੂਦ ਦੋਵੇਂ ਹੀ ਦੇਸ਼ ਇਕ-ਦੂਸਰੇ ਨਾਲ ਮਸਲਿਆਂ ਨੂੰ  ਹੱਲ ਕਰਨ ਲਈ ਲੰਮੀਆਂ ਮੀਟਿੰਗਾਂ ਅਤੇ ਸਿਖ਼ਰ ਵਾਰਤਾਵਾਂ ਕਰਦੇ ਰਹੇ ਹਨ | ਚੀਨ ਦਾ ਰਾਸ਼ਟਰਪਤੀ ਸ਼ੀ-ਜਿੰਨਪਿੰਗ ਵਪਾਰ ਅਤੇ ਹੋਰ ਆਰਥਿਕ ਸਰਗਰਮੀਆਂ ਵਿਚ ਲੱਗੇ  400 ਦੇ ਲਗਭਗ ਆਪਣੀ ਟੀਮ ਦੇ ਮੈਂਬਰਾਂ ਨਾਲ ਨਵੀਂ ਦਿੱਲੀ ਆ ਰਿਹਾ ਹੈ | ਇਸ ਤੋਂ ਪਹਿਲਾਂ ਵੀ ਸਾਲ 2014 ਵਿਚ ਉਹ ਗਾਂਧੀਨਗਰ ਆਇਆ ਸੀ | ਉਸ ਨੇ ਸਾਲ 2019 ਵਿਚ ਚੇਨੀ-ਮੱਲਾਪੁਰਮ ਦਾ ਦੌਰਾ ਵੀ ਕੀਤਾ ਸੀ ਅਤੇ ਹੁਣ ਉਹ ਪੂਰੀ ਤਿਆਰੀ ਨਾਲ ਦਿੱਲੀ ਦੀ ਯਾਤਰਾ ਕਰ ਰਿਹਾ ਹੈ | ਅਮਰੀਕੀ ਰਾਸ਼ਟਰਪਤੀ ਦੀਆਂ ਵਪਾਰਕ ਨੀਤੀਆਂ ਤੋਂ ਦੁਨੀਆ ਭਰ ਦੇ ਦੇਸ਼ ਨਾਰਾਜ਼ ਹਨ | ਇਸ ਲਈ ਇਸ ਸੰਮੇਲਨ ਵਿਚ ਖ਼ਾਸ ਤੌਰ 'ਤੇ ਰੂਸ ਅਤੇ ਬ੍ਰਾਜ਼ੀਲ ਇਸ ਗੱਲ 'ਤੇ ਵੀ ਵਿਸਥਾਰਿਤ ਵਿਚਾਰ-ਵਟਾਂਦਰਾ ਕਰਨ ਦੇ ਚਾਹਵਾਨ ਹਨ, ਕਿ ਕੌਮਾਂਤਰੀ ਵਪਾਰ ਅਤੇ ਆਦਾਨ ਪ੍ਰਦਾਨ ਲਈ ਡਾਲਰ ਦੇ ਮੁਕਾਬਲੇ ਵਿਚ ਕੋਈ ਹੋਰ ਕਰੰਸੀ ਨੂੰ  ਵਿਕਸਿਤ ਕੀਤੀ ਜਾਵੇ | ਯੂਰਪ ਵਿਚ ਭਾਰਤ ਨੇ ਯੂਰਪੀਅਨ ਯੂਨੀਅਨ ਰਾਹੀਂ ਦਰਜਨਾਂ ਹੀ ਦੇਸ਼ਾਂ ਨਾਲ ਸਮਝੌਤੇ ਕੀਤੇ ਹਨ | ਬਰਤਾਨੀਆ ਨਾਲ ਇਸ ਨੇ ਵੱਖਰੇ ਤੌਰ 'ਤੇ ਵਪਾਰਕ ਸੰਬੰਧ ਬਣਾਏ ਹਨ | ਚਾਹੇ ਅਮਰੀਕਾ ਨਾਲ ਹਾਲੇ ਤੱਕ ਉਸ ਦੀਆਂ ਨੀਤੀਆਂ ਕਰਕੇ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ, ਪਰ ਸਮੁੱਚੇ ਦਿ੍ਸ਼ ਨੂੰ  ਦੇਖਦੇ ਹੋਏ ਹਾਲ ਦੀ ਘੜੀ ਡਾਲਰ ਦਾ ਪ੍ਰਵਾਨਿਤ ਬਦਲ ਲੱਭ ਸਕਣਾ ਮੁਸ਼ਕਿਲ ਜਾਪਦਾ ਹੈ, ਪਰ ਆਉਂਦੇ ਸਮੇਂ ਵਿਚ ਇਨ੍ਹਾਂ ਦੇਸ਼ਾਂ ਵਿਚਕਾਰ ਵਪਾਰ ਲਈ ਕੋਈ ਵੱਖਰੀ ਸਾਂਝੀ ਕਰੰਸੀ ਦੇ ਰੂਪ ਵਿਚ ਹੱਲ ਕੱਢੇ ਜਾਣ ਦੀ ਸੰਭਾਵਨਾ ਜ਼ਰੂਰ ਬਣੀ ਨਜ਼ਰ ਆਉਂਦੀ ਹੈ | ਬਿਨਾਂ ਸ਼ੱਕ ਬਿ੍ਕਸ ਸੰਮੇਲਨ ਦੀ ਸਫ਼ਲਤਾ ਨਾਲ ਕੌਮਾਂਤਰੀ ਮੰਚ 'ਤੇ ਭਾਰਤ ਦਾ ਕੱਦ-ਬੁੱਤ ਹੋਰ ਵੀ ਉੱਚਾ ਹੋਇਆ ਦਿਖਾਈ ਦੇਵੇਗਾ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ | ¸ਜੌਨ ਐਵਲਿਨ ਅਗਲੀ ਖ਼ਬਰ ਬਦਲ ਰਹੀ ਹੈ ਸੰਸਾਰਿਕ ਵਿਵਸਥਾ ਵਿਚ ਬਿ੍ਕਸ ਸਿਖਰ ਸੰਮੇਲਨ ਦੀ ਅਹਿਮੀਅਤ
Ad Position 24