14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਦੇਸ਼ ਦੀ ਆਜ਼ਾਦੀ ਵਿਚ ਵਿਲੱਖਣ ਯੋਗਦਾਨ ਹੈ ਕਵੀਆਂ, ਲੇਖਕਾਂ ਤੇ ਰਚਨਾਕਾਰਾਂ ਦਾ

ਦੇਸ਼ ਦੀ ਆਜ਼ਾਦੀ ਵਿਚ ਵਿਲੱਖਣ ਯੋਗਦਾਨ ਹੈ ਕਵੀਆਂ, ਲੇਖਕਾਂ ਤੇ ਰਚਨਾਕਾਰਾਂ ਦਾ

Ad Position 21
No active advertisement
ਅਜੀਤ ਡੈਸਕ 15-08-2026

ਆਜ਼ਾਦੀ ਦੀ ਮਨੁੱਖੀ ਲਾਲਸਾ ਨੇ ਦੁਨੀਆ ਭਰ 'ਚ ਅਨੇਕਾਂ ਆਜ਼ਾਦੀ ਅੰਦੋਲਨਾਂ ਨੂੰ ਜਨਮ ਦਿੱਤਾ ਹੈ। ਭਾਰਤ ਦਾ ਆਜ਼ਾਦੀ ਸੰਘਰਸ਼ ਵੀ ਸਾਮਰਾਜਵਾਦੀ ਬਸਤੀਵਾਦ ਦੇ ਵਿਰੁੱਧ ਲੜੀ ਗਈ ਇਕ ਲੰਬੀ ਲੜਾਈ ਦਾ ਨਤੀਜਾ ਸੀ। ਆਜ਼ਾਦੀ ਦਾ 80ਵਾਂ ਸਾਲ ਸਾਡੇ ਲਈ ਉਨ੍ਹਾਂ ਕਵੀਆਂ, ਲੇਖਕਾਂ ਤੇ ਰਚਨਾਕਾਰਾਂ ਨੂੰ ਸ਼ਰਧਾਂਜਲੀ ਦੇਣ ਦਾ ਵੀ ਮੌਕਾ ਹੈ ਜਿਨ੍ਹਾਂ ਨੇ ਇਕ ਗੁਲਾਮ ਦੇਸ਼ ਦੇ ਦੁੱਖ ਤੇ ਉਸ ਦੀ ਆਜ਼ਾਦੀ ਦੀ ਤਾਂਘ ਨੂੰ ਅਜਿਹੇ ਸ਼ਕਤੀਸ਼ਾਲੀ ਵਿਰੋਧ ਵਾਲੇ ਗੀਤਾਂ ਵਿਚ ਬਿਆਨ ਕੀਤਾ ਜਿਨ੍ਹਾਂ ਨੇ ਬਰਤਾਨਵੀ ਸਾਮਰਾਜ ਦੀਆਂ ਨੀਂਹਾਂ ਹਿਲਾ ਦਿੱਤੀਆਂ। ਭਾਰਤ ਦਾ ਆਜ਼ਾਦੀ ਅੰਦੋਲਨ ਮਨੁੱਖੀ ਮਾਣ-ਸਨਮਾਨ ਦੀ ਉਸ ਖੋਜ ਤੋਂ ਪ੍ਰੇਰਿਤ ਸੀ, ਜਿਸ ਦੀ ਨੀਂਹ ਸਮਾਨਤਾ, ਆਜ਼ਾਦੀ ਤੇ ਭਾਈਚਾਰੇ ਦੇ ਸਿਧਾਂਤਾਂ 'ਤੇ ਟਿਕੀ ਹੋਈ ਸੀ। ਆਜ਼ਾਦੀ ਦਾ ਅਰਥ ਸਿਰਫ਼ ਵਿਦੇਸ਼ੀ ਹਕੂਮਤ ਤੋਂ ਮੁਕਤੀ ਹੀ ਨਹੀਂ, ਸਗੋਂ ਗ਼ਰੀਬੀ, ਸ਼ੋਸ਼ਣ ਤੇ ਹਰ ਤਰ੍ਹਾਂ ਦੇ ਅਨਿਆਂ ਤੋਂ ਵੀ ਛੁਟਕਾਰਾ ਸੀ। ਇਕ ਸੁਤੰਤਰ, ਸਮਾਨਤਾ-ਆਧਾਰਿਤ ਤੇ ਪ੍ਰਭੂਸੱਤਾ-ਸੰਪੰਨ ਰਾਸ਼ਟਰ ਦਾ ਸੁਪਨਾ ਉਸ ਸਮੇਂ ਦੇ ਲੇਖਕਾਂ, ਕਹਾਣੀਕਾਰਾਂ, ਕਵੀਆਂ ਤੇ ਗੀਤਕਾਰਾਂ ਦੀਆਂ ਰਚਨਾਵਾਂ ਨਾਲ ਰੌਸ਼ਨ ਹੋਇਆ ਸੀ। ਉਨ੍ਹਾਂ ਦੀਆਂ ਲਿਖਤਾਂ ਤੇ ਪੇਸ਼ਕਾਰੀਆਂ ਨੇ ਵਿਦੇਸ਼ੀ ਰਾਜ ਦੇ ਵਿਰੁੱਧ ਦੇਸ਼ ਭਰ ਵਿਚ ਰਾਸ਼ਟਰੀ ਚੇਤਨਾ ਪੈਦਾ ਕਰ ਕੇ ਲੋਕਾਂ 'ਚ ਆਪਣੇ ਭਵਿੱਖ ਦੇ ਨਿਰਮਾਤਾ ਆਪ ਬਣਨ ਦਾ ਵਿਸ਼ਵਾਸ ਜਗਾਇਆ।

ਅਨੇਕਾਂ ਸਮਾਜਿਕ ਵੰਡਾਂ ਤੇ ਕਈ ਰਿਆਸਤਾਂ 'ਚ ਖਿੰਡੇ ਹੋਏ ਦੇਸ਼ ਨੂੰ ਆਜ਼ਾਦੀ ਦੇ ਸੰਘਰਸ਼ ਲਈ ਇਕਜੁੱਟ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਇਸ ਲਈ ਗੁਲਾਮ ਜਨਤਾ ਦੇ ਸਵੈ-ਮਾਣ ਨੂੰ ਜਗਾਉਣ ਲਈ ਅਜਿਹੀ ਭਾਸ਼ਾ 'ਚ ਪ੍ਰਗਟ ਕਰਨਾ  ਲਾਜ਼ਮੀ ਸੀ ਜੋ ਲੋਕਾਂ ਦੀ ਰੂਹ ਨੂੰ ਝੰਝੋੜ ਕੇ ਉਨ੍ਹਾਂ ਦੇ ਦਿਲਾਂ 'ਚ ਆਜ਼ਾਦੀ ਦੀ ਲੋਅ ਜਗਾ ਦੇਵੇ। ਆਜ਼ਾਦੀ ਅੰਦੋਲਨ ਦੇ ਕਵੀਆਂ ਤੇ ਸਾਹਿਤਕਾਰਾਂ ਨੇ ਬਰਤਾਨਵੀ ਹਕੂਮਤ ਦੇ ਜ਼ੁਲਮ ਤੇ ਬੇਇਨਸਾਫ਼ੀ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ। ਦੇਸ਼-ਪ੍ਰੇਮ ਨਾਲ ਭਰਪੂਰ ਉਨ੍ਹਾਂ ਦੀਆਂ ਕਵਿਤਾਵਾਂ ਦੇ ਸ਼ਬਦ, ਲੈਅ ਤੇ ਸੁਰਾਂ ਨੇ ਲੋਕਾਂ ਦੇ ਮਨਾਂ 'ਚ ਆਜ਼ਾਦੀ ਦੀ ਤਾਂਘ ਨੂੰ ਜਗਾ ਦਿੱਤਾ। ਇਸ ਕੰਮ 'ਚ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ, ਬੰਕਿਮਚੰਦਰ ਚੱਟੋਪਾਧਿਆਇ, ਸਰੋਜਨੀ ਨਾਇਡੂ, ਮੁਹੰਮਦ ਇਕਬਾਲ, ਫ਼ੈਜ਼ ਅਹਿਮਦ ਫ਼ੈਜ਼, ਸਰਦਾਰ ਜਾਫ਼ਰੀ, ਜੋਸ਼ ਮਲੀਹਾਬਾਦੀ, ਆਗਾ ਸ਼ੋਰੀਸ਼ ਕਸ਼ਮੀਰੀ, ਮਜਾਜ਼ ਲਖਨਵੀ, ਰਾਮ ਪ੍ਰਸਾਦ ਬਿਸਮਿਲ, ਸੂਰਯਕਾਂਤ ਤ੍ਰਿਪਾਠੀ 'ਨਿਰਾਲਾ', ਸਾਹਿਰ ਲੁਧਿਆਣਵੀ, ਅੰਮ੍ਰਿਤਾ ਪ੍ਰੀਤਮ, ਕੈਫ਼ੀ ਆਜ਼ਮੀ, ਰਾਮਧਾਰੀ ਸਿੰਘ 'ਦਿਨਕਰ', ਸੁਬ੍ਰਮਣਿਆ ਭਾਰਤੀ, ਨਾਨਕ ਸਿੰਘ ਤੇ ਧਨੀ ਰਾਮ ਚਾਤ੍ਰਿਕ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੇ ਅਹਿਮ ਯੋਗਦਾਨ ਪਾਇਆ। ਇਨ੍ਹਾਂ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਰਤਾਨਵੀ ਰਾਜ ਦੇ ਜ਼ੁਲਮਾਂ ਦੀ ਤਿੱਖੀ ਆਲੋਚਨਾ ਕੀਤੀ ਜੋ ਆਜ਼ਾਦੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨਾਲ ਉਸ ਸਮੇਂ ਦੇ ਸਮਾਜਿਕ ਤੇ ਰਾਜਨੀਤਕ ਬਦਲਾਅ ਦੀ ਮਜ਼ਬੂਤ ਆਵਾਜ਼ ਬਣ ਗਈ। ਇਨ੍ਹਾਂ ਦੀਆਂ ਉੱਚੇ ਆਦਰਸ਼ਾਂ ਨਾਲ ਭਰਪੂਰ ਰਚਨਾਵਾਂ ਨੇ ਰਾਸ਼ਟਰਵਾਦ ਦੀ ਰਾਜਨੀਤਕ ਚੇਤਨਾ ਨੂੰ ਨਵੀਂ ਦਿਸ਼ਾ ਦਿੱਤੀ।
ਉਹ ਸੱਚਮੁੱਚ ਸਮਾਜ ਦੀ ਚੇਤਨਾ ਦੇ ਨਿਰਮਾਤਾ ਸਨ। ਉਨ੍ਹਾਂ ਦੀਆਂ ਲਿਖਤਾਂ ਸਾਮਰਾਜਵਾਦ ਤੇ ਉਸ ਦੀਆਂ ਬੇਇਨਸਾਫ਼ੀਆਂ ਨੂੰ ਚੁਣੌਤੀ ਦੇਣ ਦਾ ਇਕ ਤਾਕਤਵਰ ਸਾਧਨ ਬਣੀਆਂ। ਉਨ੍ਹਾਂ ਨੇ ਨਿਰਾਸ਼ ਤੇ ਹਤਾਸ਼ ਲੋਕਾਂ 'ਚ ਆਜ਼ਾਦੀ ਦੇ ਔਖੇ ਤੇ ਅਨਿਸਚਿਤ ਰਾਹ 'ਤੇ ਅੱਗੇ ਵਧਣ ਦਾ ਹੌਸਲਾ ਪੈਦਾ ਕਰ ਕੇ ਗੁਲਾਮ ਜਨਤਾ ਦੇ ਸਵੈ-ਮਾਣ, ਰੋਸ ਨੂੰ ਨਵੀਂ ਤਾਕਤ ਦੇ ਕੇ  ਭਾਸ਼ਾ ਨੂੰ ਸੰਘਰਸ਼ ਤੇ ਬਦਲਾਅ ਦਾ ਪ੍ਰਭਾਵਸ਼ਾਲੀ ਹਥਿਆਰ ਬਣਾ ਦਿੱਤਾ। ਬਰਤਾਨਵੀ ਹਕੂਮਤ ਦੇ ਨੈਤਿਕ ਪਤਨ ਦੀ ਆਲੋਚਨਾ ਕਰਦਿਆਂ ਆਜ਼ਾਦੀ ਅੰਦੋਲਨ ਦੀ ਕਵਿਤਾ ਉਸ ਸਮੇਂ ਦੀ ਰਾਜਨੀਤਕ ਤੇ ਸਮਾਜਿਕ ਵਿਵਸਥਾ ਵਿਚ ਮੌਜੂਦ ਬੇਇਨਸਾਫ਼ੀ ਬਾਰੇ ਡੂੰਘੇ ਆਤਮ-ਚਿੰਤਨ ਦਾ ਮਾਧਿਅਮ ਬਣ ਗਈ। ਇਸੇ ਲਈ ਆਜ਼ਾਦੀ ਅੰਦੋਲਨ ਦੀ ਪ੍ਰੇਰਣਾਦਾਇਕ ਸ਼ਾਇਰੀ ਨੇ ਸਿਰਫ਼ ਰਾਜਨੀਤਕ ਆਜ਼ਾਦੀ ਦੀ ਹੀ ਗੱਲ ਨਹੀਂ ਕੀਤੀ, ਸਗੋਂ ਸਮਾਜਿਕ, ਆਰਥਿਕ ਤੇ ਰਾਜਨੀਤਕ ਨਿਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ। ਇਸ ਸਾਹਿਤ ਦੀਆਂ ਜੜ੍ਹਾਂ ਸਾਡੀ ਉਸ ਸੱਭਿਆਚਾਰਕ ਚੇਤਨਾ 'ਚ ਸਨ, ਜਿਸ ਨੇ ਹਰ ਕਿਸਮ ਦੀ ਗੁਲਾਮੀ ਤੇ ਬੇਇਨਸਾਫ਼ੀ ਨੂੰ ਰੱਦ ਕੀਤਾ। 'ਜ਼ਫ਼ਰਨਾਮਾ' 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸਾਮਰਾਜਵਾਦ ਦੀ ਤਿੱਖੀ ਆਲੋਚਨਾ ਕਰਦਿਆਂ ਜ਼ੁਲਮ ਦੇ ਵਿਰੁੱਧ ਡੱਟ ਕੇ ਖੜ੍ਹਨ ਦਾ ਨੈਤਿਕ ਸੰਦੇਸ਼ ਦਿੱਤਾ। ਚੁੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ। ਭਾਵ ਜਦੋਂ ਨਿਆਂ ਪ੍ਰਾਪਤ ਕਰਨ ਦੇ ਸਾਰੇ ਰਸਤੇ ਮੁੱਕ ਜਾਣ ਤਾਂ ਜ਼ੁਲਮ ਦਾ ਮੁਕਾਬਲਾ ਕਰਨ ਲਈ ਤਲਵਾਰ ਚੁੱਕਣਾ ਜਾਇਜ਼ ਹੈ। ਰਾਮ ਪ੍ਰਸਾਦ ਬਿਸਮਿਲ ਦੀਆਂ ਅਮਰ ਪੰਕਤੀਆਂ  ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ... ਅੱਜ ਵੀ ਦੇਸ਼ਵਾਸੀਆਂ ਦੇ ਦਿਲਾਂ ਵਿਚ ਸੰਘਰਸ਼, ਕੁਰਬਾਨੀ ਅਤੇ ਦੇਸ਼-ਪ੍ਰੇਮ ਦੇ ਸਭ ਤੋਂ ਮਹਾਨ ਗੀਤ ਵਜੋਂ ਜੀਵੰਤ ਹਨ।
ਇਸੇ ਤਰ੍ਹਾਂ  ਮੇਰਾ ਰੰਗ ਦੇ ਬਸੰਤੀ ਚੋਲਾ... ਦਮ ਨਿਕਲੇ ਇਸ ਦੇਸ਼ ਕੀ ਖ਼ਾਤਿਰ, ਬਸ ਇਤਨਾ ਅਰਮਾਨ ਹੈ, ਏਕ ਬਾਰ ਇਸ ਰਾਹ ਮੇਂ ਮਰਨਾ ਸੌ ਜਨਮੋਂ ਕੇ ਸਮਾਨ ਹੈ... ਇਹ ਗੀਤ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨਾਲ ਸਦਾ ਲਈ ਜੁੜ ਗਿਆ। ਫ਼ਾਂਸੀ ਦੇ ਤਖ਼ਤੇ ਵੱਲ ਉਨ੍ਹਾਂ ਦਾ ਮੁਸਕਰਾਉਂਦੇ ਹੋਏ ਵਧਣਾ ਇਸ ਗੀਤ ਨੂੰ ਦੇਸ਼-ਪ੍ਰੇਮ, ਬਹਾਦਰੀ, ਤਿਆਗ ਤੇ ਸ਼ਹਾਦਤ ਦਾ ਅਮਰ ਪ੍ਰਤੀਕ ਬਣਾ ਗਿਆ। ਬੰਕਿਮਚੰਦਰ ਚੱਟੋਪਾਧਿਆਇ ਦਾ 'ਵੰਦੇ ਮਾਤਰਮ' ਮਾਤ ਭੂਮੀ ਪ੍ਰਤੀ ਸਮਰਪਣ ਦਾ ਅਦੁੱਤੀ ਗੀਤ ਹੈ, ਜਿਸ ਨੇ ਆਜ਼ਾਦੀ ਦੀ ਜੋਤ ਨੂੰ ਹੋਰ ਪ੍ਰਚੰਡ ਕੀਤਾ। ਗੁਰਦੇਵ ਰਬਿੰਦਰਨਾਥ ਠਾਕੁਰ ਦੀ ਪ੍ਰਸਿੱਧ ਕਵਿਤਾ 'ਚਿੱਤੋ ਜੇਥਾ ਭੈਸ਼ੂਨਯੋ' ਅਜਿਹੇ ਭਾਰਤ ਦੀ ਕਲਪਨਾ ਕਰਦੀ ਹੈ ਜਿੱਥੇ ਲੋਕ ਨਿਡਰ ਤੇ  ਸਿਰ ਉੱਚਾ ਰੱਖ ਕੇ ਸਵੈ-ਮਾਣ ਨਾਲ ਜੀਵਨ ਬਤੀਤ ਕਰ ਸਕਣ। ਰਾਮਧਾਰੀ ਸਿੰਘ 'ਦਿਨਕਰ' ਦੀਆਂ  ਪੰਕਤੀਆਂ 'ਸਮਰ ਸ਼ੇਸ਼ ਹੈ, ਨਹੀਂ ਪਾਪ ਕਾ ਭਾਗੀ ਕੇਵਲ ਵਿਆਧ, ਜੋ ਤਟਸਥ ਹੈਂ, ਸਮਯ ਲਿਖੇਗਾ ਉਨਕੇ ਭੀ ਅਪਰਾਧ' ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਬੇਇਨਸਾਫ਼ੀ ਦੇ ਸਾਹਮਣੇ ਚੁੱਪ ਰਹਿਣਾ ਵੀ ਇਕ ਜੁਰਮ ਹੈ। ਅੱਲਾਮਾ ਇਕਬਾਲ ਦੀਆਂ  ਪੰਕਤੀਆਂ  ਉਠੋ ਮੇਰੀ ਦੁਨੀਆ ਕੇ ਗ਼ਰੀਬੋਂ ਕੋ ਜਗਾ ਦੋ... ਜਿਸ ਖੇਤ ਸੇ ਦਹਕਾਂ ਕੋ ਮਯੱਸਰ ਨਹੀਂ ਰੋਜ਼ੀ, ਉਸ ਖੇਤ ਕੇ ਹਰ ਖ਼ੋਸ਼ਾ-ਏ-ਗੰਦੁਮ ਕੋ ਜਲਾ ਦੋ, ਜਿੱਥੇ ਕਿਸਾਨ ਤੇ ਮਜ਼ਦੂਰ ਮਿਹਨਤ ਦੇ ਬਾਵਜੂਦ ਭੁੱਖੇ ਰਹਿਣ ਲਈ ਮਜਬੂਰ ਹੋਣ ਅਜਿਹੀ ਵਿਵਸਥਾ ਦੇ ਵਿਰੁੱਧ ਆਵਾਜ਼ ਉਠਾਉਂਦੀਆਂ ਹਨ। ਪੰਜਾਬੀ ਪੱਤਰਕਾਰ ਕਵੀ ਬਾਂਕੇ ਦਿਆਲ ਨੇ- 'ਪੱਗੜੀ ਸੰਭਾਲ ਜੱਟਾ'×  ਕਵਿਤਾ  ਅੰਗਰੇਜ਼ ਸਰਕਾਰ ਦੇ ਜ਼ਾਲਮ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਲਿਖੀ ਸੀ ਜੋ ਕਿਸਾਨਾਂ ਦੇ ਸਵੈ-ਮਾਣ ਤੇ ਹੱਕਾਂ ਦਾ ਪ੍ਰਤੀਕ ਬਣ ਗਈ। ਇਨ੍ਹਾਂ ਮਹਾਨ ਕਵੀਆਂ ਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਬਗ਼ਾਵਤ ਦੀ ਅਜਿਹੀ ਪ੍ਰਭਾਵਸ਼ਾਲੀ ਆਵਾਜ਼ ਸੀ, ਜਿਨ੍ਹਾਂ ਪੀੜਤ ਤੇ ਬੇਵੱਸ ਲੋਕਾਂ ਦੇ ਦਰਦ, ਸਵੈ-ਮਾਣ ਤੇ ਉਮੀਦਾਂ ਨੂੰ ਸੰਵੇਦਨਸ਼ੀਲਤਾ ਨਾਲ ਪ੍ਰਗਟਾਇਆ।
ਆਜ਼ਾਦੀ ਮਿਲਣ ਤੋਂ ਬਾਅਦ ਵੀ ਇਹ ਸਾਹਿਤਕ ਪਰੰਪਰਾ ਜਾਰੀ ਰਹੀ,  ਸਾਹਿਰ ਲੁਧਿਆਣਵੀ ਦੀਆਂ ਕਵਿਤਾਵਾਂ ਆਪਣੀ ਡੂੰਘੀ ਮਨੁੱਖੀ ਸੰਵੇਦਨਾ, ਬੇਇਨਸਾਫ਼ ਸਮਾਜਿਕ ਵਿਵਸਥਾ ਪ੍ਰਤੀ ਉਨ੍ਹਾਂ ਦੀ ਬੇਚੈਨੀ ਤੇ ਸ਼ੋਸ਼ਿਤ ਲੋਕਾਂ ਪ੍ਰਤੀ ਵਚਨਬੱਧਤਾ ਕਾਰਨ ਅੱਜ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਜੋ ਇਨ੍ਹਾਂ ਪੰਕਤੀਆਂ 'ਚ ਸਾਫ਼ ਨਜ਼ਰ ਆਉਂਦੀ ਹੈ
ਮਜਬੂਰ ਹਾਂ ਮੈਂ, ਮਜ਼ਬੂਰ ਹੋ ਤੁਮ,
ਮਜਬੂਰ ਯੇ ਦੁਨੀਆ ਸਾਰੀ ਹੈ।
ਤਨ ਕਾ ਦੁੱਖ ਮਨ ਪਰ ਭਾਰੀ ਹੈ,
ਇਸ ਦੌਰ ਮੇਂ ਜੀਨੇ ਕੀ ਕੀਮਤ ਯਾ ਦਾਰ-ਓ-ਰਸਨ ਯਾ ਖ਼ਵਾਰੀ ਹੈ।
ਇਸ ਤਰ੍ਹਾਂ ਇਨ੍ਹਾਂ ਮਹਾਨ ਸਾਹਿਤਕਾਰਾਂ ਦੇ ਵਿਚਾਰ ਅੱਜ ਵੀ ਭਾਰਤੀਆਂ ਨੂੰ ਉਦਾਰ, ਭਾਈਚਾਰਕ ਤੇ ਵਿਸ਼ਾਲ ਰਾਸ਼ਟਰਵਾਦ ਦੀ ਭਾਵਨਾ ਨਾਲ ਪ੍ਰੇਰਿਤ ਕਰਦੇ ਹਨ। ਪ੍ਰਸਿੱਧ ਸਾਹਿਤਕਾਰ ਜੀ. ਐਨ. ਦੇਵੀ ਨੇ ਕਿਹਾ ਹੈ- ਸ਼ਬਦ ਕਦੇ ਵੀ ਚੁੱਪੀ ਵਿਚ ਗੁੰਮ ਨਹੀਂ ਹੁੰਦੇ। ਉਹ ਤੁਹਾਡੇ ਅੰਦਰ ਜਿਉਂਦੇ ਰਹਿੰਦੇ ਹਨ, ਤੁਹਾਡੇ ਰਾਹੀਂ ਜਿਉਂਦੇ ਰਹਿੰਦੇ ਹਨ, ਤੁਹਾਡੇ ਜਾਣ ਤੋਂ ਬਾਅਦ ਵੀ ਜਿਉਂਦੇ ਰਹਿ ਕੇ ਆਪਣਾ ਅਸਰ ਕਾਇਮ ਰੱਖਦੇ ਹਨ।
ਆਜ਼ਾਦੀ ਦੇ ਸੰਘਰਸ਼ ਦੀ ਇਹ ਅਨਮੋਲ ਸਾਹਿਤਕ ਵਿਰਾਸਤ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਦੇਸ਼ ਦੀ ਰਾਜਨੀਤਕ ਚਰਚਾ ਵਧੇਰੇ ਸੱਭਿਅਕ, ਸੰਵੇਦਨਸ਼ੀਲ ਤੇ ਮਰਿਆਦਾਪੂਰਨ ਬਣੇ। ਬਰਤਾਨਵੀ ਹਕੂਮਤ ਤੇ ਉਸ ਦੇ ਜ਼ੁਲਮਾਂ ਦੇ ਵਿਰੁੱਧ ਲਿਖੀਆਂ ਗਈਆਂ ਇਨ੍ਹਾਂ ਪ੍ਰਭਾਵਸ਼ਾਲੀ ਕਵਿਤਾਵਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਲੋਕਤੰਤਰੀ ਵਿਰੋਧ ਦੀ ਭਾਸ਼ਾ ਸੰਜਮ, ਮਰਿਆਦਾ ਤੇ ਸੱਭਿਆਚਾਰ ਨਾਲ ਭਰੀ ਹੋਵੇ ਤਾਂ ਉਸ ਦਾ ਪ੍ਰਭਾਵ ਹੋਰ ਵੀ ਵੱਧ ਡੂੰਘਾ ਹੁੰਦਾ ਹੈ। ਅੱਜ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਤੰਤਰ ਦੀਆਂ ਸੰਸਥਾਵਾਂ ਤੇ ਇਸ ਦੀਆਂ ਪ੍ਰਕਿਰਿਆਵਾਂ ਨੂੰ ਹੋਰ ਮਜ਼ਬੂਤ ਬਣਾਈਏ ਤਾਂ ਜੋ ਸੱਤਾ ਦਾ ਇਸਤੇਮਾਲ ਲੋਕ-ਭਲਾਈ, ਜਵਾਬਦੇਹੀ ਤੇ ਅੰਤਰ-ਆਤਮਾ ਦੀ ਆਵਾਜ਼ ਦੇ ਅਨੁਕੂਲ ਹੋਵੇ। ਤਦ ਹੀ ਅਸੀਂ ਆਪਣੇ ਆਜ਼ਾਦੀ ਸੈਨਾਨੀਆਂ ਦੀ ਯਾਦ ਦਾ ਸੱਚੇ ਅਰਥਾਂ ਵਿਚ ਸਨਮਾਨ ਕਰਕੇ ਉਨ੍ਹਾਂ ਦੇ ਕਰਜ਼ ਨੂੰ ਕੁਝ ਹੱਦ ਤੱਕ ਚੁਕਾ ਸਕਾਂਗੇ, ਜੋ ਉਨ੍ਹਾਂ ਨੇ ਸਾਨੂੰ ਇਕ ਆਜ਼ਾਦ, ਸਨਮਾਨਪੂਰਨ ਤੇ ਇਨਸਾਫ਼-ਆਧਾਰਿਤ ਜੀਵਨ ਦੇਣ ਲਈ ਅਣਗਿਣਤ ਕੁਰਬਾਨੀਆਂ ਦੇ ਕੇ ਸਾਡੇ ਸਿਰ ਚੜ੍ਹਾਇਆ ਹੈ।
-ਸੀਨੀਅਰ ਐਡਵੋਕੇਟ, ਸੁਪਰੀਮ ਕੋਰਟ
ਲੇਖਕ ਅਤੇ ਭਾਰਤ ਸਰਕਾਰ ਦੇ ਸਾਬਕਾ ਕਾਨੂੰਨ ਤੇ ਨਿਆਂ ਮੰਤਰੀ

-(ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ।)
ਵੱਟਸ ਐਪ : 99585-34440

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨਾਲ ਕੀਤਾ ਹਰ ਵਾਅਦਾ ਨਿਭਾਇਆ ਅਗਲੀ ਖ਼ਬਰ ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ
Ad Position 24