28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਭਾਰ ਇੰਝ ਘਟਾਓ ਕਿ ਫਿਰ ਵਧੇ ਨਾ

ਭਾਰ ਇੰਝ ਘਟਾਓ ਕਿ ਫਿਰ ਵਧੇ ਨਾ

Ad Position 21
No active advertisement
ਅਜੀਤ ਡੈਸਕ 28-08-2026

 

ਆਧੁਨਿਕ ਜੀਵਨ ਸ਼ੈਲੀ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ  ਤੇਜ਼ ਕਰ ਦਿੱਤਾ ਹੈ ਪਰ ਸੁੱਖ ਸਹੂਲਤਾਂ ਵੀ ਏਨੀਆਂ ਦੇ ਦਿੱਤੀਆਂ ਹਨ ਕਿ ਮਨੁੱਖ ਸਰੀਰਕ ਮਿਹਨਤ ਘੱਟ ਕਰਦਾ ਹੈ, ਮਸ਼ੀਨਾਂ ਦੀ ਸਹਾਇਤਾ ਨਾਲ ਹਰ ਕੰਮ ਛੇਤੀ ਨਾਲ ਕਰ ਲੈਂਦਾ ਹੈ, ਜਿਸ ਦਾ ਨਤੀਜਾ ਮੋਟਾਪਾ ਹੈ | ਮੋਟਾਪਾ ਕਈ ਬਿਮਾਰੀਆਂ ਨੂੰ  ਜਨਮ ਦਿੰਦਾ ਹੈ | ਜੇਕਰ ਅਸੀਂ ਸੁਸਤ ਹਾਂ ਅਤੇ ਫਾਸਟ ਫੂਡ ਜਾਂ ਜੰਕ ਫੂਡ ਖਾਣ ਦੇ ਸ਼ੌਕੀਨ ਹਾਂ ਤਾਂ ਸਾਨੂੰ ਸਮਾਂ ਰਹਿੰਦਿਆਂ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਤੇ ਅਸੀਂ ਮੋਟਾਪੇ ਦਾ ਸ਼ਿਕਾਰ ਨਾ ਹੋ ਜਾਈਏ |
ਤਲੇ ਭੋਜਨ ਦੀ ਕਰੋ ਛੁੱਟੀ : ਤਲੇ ਭੋਜਨ ਦੀ ਵਰਤੋਂ ਸਿਰਫ਼ ਵਿਆਹ ਸਮਾਰੋਹਾਂ ਅਤੇ ਪਾਰਟੀਆਂ ਤੱਕ ਰੱਖੋ | ਉਸ ਵਿਚ ਵੀ ਇਸ ਤਰ੍ਹਾਂ ਦਾ ਖਾਣਾ ਹੋਵੇ ਕਿ ਏਨੀ ਜ਼ਿਆਦਾ ਕੈਲੋਰੀਜ਼ ਲੈ ਲਓ, ਜਿਸ ਨੂੰ  ਖਰਚ ਕਰਨ ਲਈ ਤੁਹਾਨੂੰ ਹਫ਼ਤਾ ਭਰ ਵਰਤ ਰੱਖਣਾ ਪਵੇ | ਜ਼ਿਆਦਾ ਕ੍ਰੀਮ ਵਾਲੇ ਭੋਜਨ ਅਤੇ ਤਲੇ ਹੋਏ ਭੋਜਨ ਮਜਬੂਰੀ ਵਿਚ ਥੋੜ੍ਹਾ ਜਿਹਾ ਸਵਾਦ ਲਈ ਖਾਓ | ਬਹੁਤੇ ਦਿਨ ਘਰ ਦਾ ਬਣਿਆ ਭੋਜਨ ਖਾਣ ਦੀ ਆਦਤ ਪਾਓ, ਕਿਉਂਕਿ ਘਰ 'ਚ ਤੁਸੀਂ ਘੱਟ ਚਰਬੀ ਵਾਲਾ ਜਾਂ ਉਬਲਿਆ, ਭੁੰਨਿਆ ਖਾਣਾ ਖਾ ਸਕਦੇ ਹੋ |
ਜੇਕਰ ਤੁਸੀਂ ਕਿਸੇ ਵਿਸ਼ੇਸ਼ ਖਾਣੇ ਦੇ ਸ਼ੌਕੀਨ ਹੋ ਅਤੇ ਦੋ ਚਾਰ ਦਿਨ ਬਾਅਦ ਉਸੇ ਖਾਣ ਵਾਲੀ ਚੀਜ਼ ਨੂੰ  ਖਾਣ ਦੀ ਇੱਛਾ ਰੱਖਦੇ ਹੋ ਤਾਂ ਘੱਟ ਤੋਂ ਘੱਟ ਮਾਤਰਾ ਵਿਚ ਖਾਓ, ਤਾਂ ਕਿ ਇੱਛਾ ਵੀ ਨਾ ਮਰੇ ਅਤੇ ਕੈਲੋਰੀ ਵੀ ਘੱਟ ਹੋਣ | ਇਸ ਤਰ੍ਹਾਂ ਤੁਸੀਂ ਆਪਣੇ ਵਜ਼ਨ 'ਤੇ ਕੰਟਰੋਲ ਰੱਖ ਸਕਦੇ ਹੋ |
ਨਾਸ਼ਤਾ ਭਾਰੀ, ਲੰਚ ਸੰਭਲ ਕੇ, ਡਿਨਰ ਹਲਕਾ ਕਰੋ : ਅੰਗਰੇਜ਼ੀ ਕਹਾਵਤ ਵੀ ਇਹੀ ਕਹਿੰਦੀ ਹੈ 'ਬ੍ਰੇਕਫਾਸਟ ਲਾਈਕ ਏ ਕਿੰਗ, ਲੰਚ ਲਾਈਕ ਏ ਕਾਮਨਮੈਨ, ਡਿਨਰ ਲਾਈਕ ਏ ਬੈਗਰ |' ਨਾਸ਼ਤਾ ਭਾਰੀ ਜਾਂ ਜ਼ਿਆਦਾ ਕੈਲੋਰੀ ਵਾਲਾ ਲਓ, ਕਿਉਂਕਿ ਉਸ ਨੂੰ  ਖ਼ਰਚ ਕਰਨ ਲਈ ਤੁਹਾਡੇ ਕੋਲ ਕਾਫ਼ੀ ਸਮਾਂ ਹੁੰਦਾ ਹੈ ਪਰ ਧਿਆਨ ਦਿਓ ਕਿ ਤਲੀਆਂ ਹੋਈਆਂ ਚੀਜ਼ਾਂ ਦਾ ਨਾਸ਼ਤਾ ਨਾ ਕਰੋ | ਲੰਚ ਵਿਚ ਬਹੁਤ ਪੇਟ ਭਰ ਕੇ ਨਹੀਂ ਖਾਣਾ ਚਾਹੀਦਾ, ਕਿਉਂਕਿ ਜ਼ਿਆਦਾ ਖਾਣ ਨਾਲ ਨੀਂਦ ਆਉਂਦੀ ਹੈ | ਜੇਕਰ ਤੁਸੀਂ ਕੰਮ 'ਤੇ ਹੋ ਤਾਂ ਤੁਸੀਂ ਆਰਾਮ ਨਹੀਂ ਕਰ ਸਕਦੇ, ਇਸ ਲਈ ਲੰਚ ਸੰਭਲ ਕੇ ਖਾਓ |
ਡਿਨਰ ਹਲਕਾ ਇਸ ਲਈ ਖਾਓ, ਕਿਉਂਕਿ ਉਸ ਤੋਂ ਬਾਅਦ ਸਰੀਰਕ ਮਿਹਨਤ ਨਹੀਂ ਕਰਨੀ ਹੁੰਦੀ, ਅਰਾਮ ਹੀ ਕਰਨਾ ਹੁੰਦਾ ਹੈ | ਜੇਕਰ ਤੁਸੀਂ ਭਾਰੀ ਡਿਨਰ ਕਰੋਗੇ ਤਾਂ ਉਹ ਸਾਰਾ ਤੁਹਾਡੇ ਸਰੀਰ 'ਤੇ ਚਰਬੀ ਦੀ ਪਰਤ ਵਧਾਉਣ ਵਿਚ ਸਹਾਈ ਹੋਵੇਗਾ | ਖੋਜਕਾਰਾਂ ਅਨੁਸਾਰ ਰਾਤ ਨੂੰ  ਸੰਤੁਲਿਤ ਅਤੇ ਹਲਕਾ ਭੋਜਨ ਕਰਨਾ ਚਾਹੀਦਾ ਹੈ |
ਖਾਣਾ ਸੰਭਲ ਕੇ ਖਾਓ : ਜਦੋਂ ਭੁੱਖ ਲੱਗੇ, ਉਦੋਂ ਖਾਓ | ਜਿੰਨੀ ਭੁੱਖ ਲੱਗੇ, ਉਸ ਤੋਂ ਘੱਟ ਖਾਓ | ਇਸ ਛੋਟੀ ਜਿਹੀ ਆਦਤ ਨੂੰ  ਅਪਣਾ ਲਓ ਤਾਂ ਵੀ ਤੁਸੀਂ ਮੋਟਾਪੇ ਤੋਂ ਦੂਰ ਰਹਿ ਸਕਦੇ ਹੋ | ਜਦੋਂ ਵੀ ਭੁੱਖ ਲੱਗੇ ਖਾਓ ਜ਼ਰੂਰ | ਜੇਕਰ ਭੁੱਖ ਦਬਾਓਗੇ ਤਾਂ ਅਗਲੇ ਸਮੇਂ 'ਚ ਤੁਸੀਂ ਛੇਤੀ-ਛੇਤੀ ਜ਼ਿਆਦਾ ਖਾਣਾ ਖਾ ਜਾਓਗੇ | ਜਿਵੇਂ ਹੀ ਮਹਿਸੂਸ ਹੋਵੇ ਕਿ ਸੰਤੁਸ਼ਟੀ ਹੋ ਗਈ ਹੈ ਤਾਂ ਖਾਣਾ ਬੰਦ ਕਰ ਦਿਓ, ਨਹੀਂ ਤਾਂ ਸਵਾਦ-ਸਵਾਦ ਵਿਚ ਜ਼ਿਆਦਾ ਖਾਣਾ ਤੁਹਾਡੇ ਪੇਟ 'ਚ ਅਫ਼ਾਰਾ ਪਾ ਦੇਵੇਗਾ | ਬੇਚੈਨੀ ਵੀ ਨਾਲ ਵਧ ਜਾਵੇਗੀ, ਵਜ਼ਨ ਤਾਂ ਵਧੇਗਾ ਹੀ | ਇਸ ਤਰ੍ਹਾਂ ਦੇ ਸਵਾਦ ਦਾ ਫਿਰ ਕੀ ਲਾਭ?
ਪਾਣੀ ਜ਼ਿਆਦਾ ਪੀਓ : ਪਾਣੀ ਜ਼ਿਆਦਾ ਪੀਓ | ਲਗਾਤਾਰ ਪਾਣੀ ਪੀਣ ਨਾਲ ਭੁੱਖ ਸ਼ਾਂਤ ਰਹਿੰਦੀ ਹੈ | ਕੰਮ ਕਰਦੇ ਸਮੇਂ ਆਪਣੇ ਕੋਲ ਇਕ ਪਾਣੀ ਦੀ ਬੋਤਲ ਰੱਖੋ | ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਓ |
ਜਦੋਂ ਬਾਹਰ ਖਾਣੇ 'ਤੇ ਜਾਓ : ਜੇਕਰ ਤੁਸੀਂ ਬਾਹਰ ਖਾਣਾ ਖਾਣ ਜਾ ਰਹੇ ਹੋ ਤਾਂ ਲੰਚ ਬਾਹਰ ਕਰਨ ਨੂੰ  ਪਹਿਲ ਦਿਓ, ਕਿਉਂਕਿ ਲੰਚ ਕਰਨ ਤੋਂ ਬਾਅਦ ਤੁਹਾਡੇ ਕੋਲ ਰਾਤ ਤੱਕ ਕਾਫ਼ੀ ਸਮਾਂ ਹੁੰਦਾ ਹੈ ਹਜ਼ਮ ਕਰਨ ਦਾ | ਜੇਕਰ ਤੁਸੀਂ ਬਾਹਰ ਲੰਚ ਕਰਦੇ ਹੋ ਤਾਂ 'ਟੀ ਟਾਈਮ' ਖਾਲੀ ਚਾਹ ਪੀ ਕੇ ਹੀ ਕੰਮ ਚਲਾ ਸਕਦੇ ਹੋ ਅਤੇ ਰਾਤ ਨੂੰ  ਹਲਕਾ ਖਾਣਾ ਖਾ ਕੇ ਦਿਨ ਭਰ ਦੀ ਕੈਲੋਰੀ ਦਾ ਸੰਤੁਲਨ ਬਰਾਬਰ ਕਰ ਸਕਦੇ ਹੋ |
ਚੂਜ਼ੀ ਬਣੋ : ਹਰ ਤਰ੍ਹਾਂ ਦਾ ਖਾਣਾ ਖਾ ਕੇ ਆਪਣੇ ਪੇਟ ਨੂੰ  ਡਸਟਬਿਨ ਨਾ ਬਣਾਓ | ਇਹ ਨਹੀਂ ਕਿ ਜਦੋਂ ਜੋ ਮਿਲੇ, ਖਾ ਕੇ ਪੇਟ ਭਰ ਲਓ, ਚਾਹੇ ਉਹ ਫਾਸਟ ਫੂਡ ਹੋਵੇ ਜਾਂ ਤੇਲ ਨਾਲ ਭਰਿਆ ਖਾਣਾ | ਇਸ ਤਰ੍ਹਾਂ ਦੇ ਲੋਕ ਆਪਣੀ ਕੈਲੋਰੀਜ਼ ਦਿਨ ਭਰ ਵਿਚ ਏਨੀਆਂ ਵਧਾ ਲੈਂਦੇ ਹਨ ਕਿ ਵਜ਼ਨ ਵਧਦਾ ਚਲਿਆ ਜਾਂਦਾ ਹੈ | ਜੇਕਰ ਤੁਸੀਂ ਖਾਣੇ ਵਿਚ ਚੂਜ਼ੀ ਹੋਵੋਗੇ ਤਾਂ ਤੁਸੀਂ ਚੁਣ ਕੇ ਉਹੀ ਚੀਜ਼ ਖਾਓਗੇ ਜੋ ਤੁਹਾਨੂੰ ਪਸੰਦ ਹੋਵੇਗੀ | ਹਰ ਚੀਜ਼ ਦਾ ਸਵਾਦ ਨਹੀਂ ਦੇਖੋਗੇ | 
ਮਿੱਠਾ ਏਨਾ ਕੁ ਹੀ ਲਓ ਜੋ ਸੰਤੁਸ਼ਟੀ ਲਈ ਕਾਫ਼ੀ ਹੋਵੇ : ਖਾਣੇ ਤੋਂ ਬਾਅਦ ਜੇਕਰ ਮਿੱਠਾ ਖਾਣੇ ਦੀ ਇੱਛਾ ਹੋਵੇ ਤਾਂ ਥੋੜ੍ਹਾ ਜਿਹਾ ਮਿੱਠਾ ਪਲੇਟ ਵਿਚ ਰੱਖ ਕੇ ਆਰਾਮ ਨਾਲ ਖਾਓ ਅਤੇ ਆਪਣੀ ਪਲੇਟ ਚੁੱਕ ਕੇ ਉਸ ਨੂੰ  ਧੋਣ ਲਈ ਰੱਖ ਦਿਓ | ਜੇਕਰ ਬਾਹਰ ਖਾਣਾ ਖਾਣ ਤੋਂ ਬਾਅਦ ਕੁਝ ਮਿੱਠਾ ਖਾਓ ਤਾਂ ਕਿਸੇ ਹੋਰ ਨਾਲ ਸਾਂਝਾ ਕਰ ਲਓ ਤਾਂ ਕਿ ਜ਼ਿਆਦਾ ਮਿੱਠਾ ਸਰੀਰ ਵਿਚ ਨਾ ਜਾਵੇ | ਘੱਟ ਕੈਲੋਰੀਜ਼ ਲੈਣ ਵਾਲੇ ਵਿਅਕਤੀ ਖਾਣੇ ਤੋਂ ਬਾਅਦ ਦਹੀਂ ਵਿਚ ਥੋੜ੍ਹਾ ਜਿਹਾ ਸ਼ੂਗਰ ਫ੍ਰੀ ਪਾ ਕੇ ਖਾਓ | ਮਿੱਠੇ ਦੀ ਕਮੀ ਵੀ ਪੂਰੀ ਹੋ ਜਾਵੇਗੀ ਅਤੇ ਸਰੀਰ ਨੂੰ  ਕੈਲੋਰੀ ਵੀ ਘੱਟ ਮਿਲੇਗੀ |
ਫਲ-ਸਬਜ਼ੀਆਂ ਦਾ ਭੰਡਾਰ ਘੱਟ ਨਾ ਹੋਣ ਦਿਓ ਫਰਿੱਜ ਵਿਚ : ਫਰਿੱਜ ਵਿਚ ਕੱਚੀਆਂ ਹਰੀਆਂ ਸਬਜ਼ੀਆਂ, ਜੋ ਸਲਾਦ ਦੇ ਕੰਮ ਆਉਂਦੀਆਂ ਹਨ, ਉਨ੍ਹਾਂ ਦੀ ਬਹੁਤਾਤ ਰੱਖੋ, ਤਾਂ ਕਿ ਹਰ ਖਾਣੇ ਤੋਂ ਪਹਿਲਾਂ ਸਲਾਦ ਦੀ ਪਲੇਟ ਹੌਲੀ-ਹੌਲੀ ਚਬਾ ਕੇ ਖਾ ਸਕੋ | ਮੌਸਮ ਅਨੁਸਾਰ ਫਲਾਂ ਦਾ ਪੂਰਾ ਮਜ਼ਾ ਲਓ | ਬਸ ਧਿਆਨ ਰੱਖੋ ਕਿ ਅੰਬ, ਪਪੀਤਾ, ਕੇਲੇ ਦੀ ਜ਼ਿਆਦਾ ਮਾਤਰਾ ਨਾ ਖਾਓ | ਗਾਜਰ, ਮੂਲੀ, ਚਕੋਤਰਾ, ਨਾਸ਼ਪਾਤੀ, ਖਰਬੂਜ਼ਾ, ਹਦਵਾਣਾ, ਖੀਰਾ, ਟਮਾਟਰ, ਫਾਲਸਾ, ਜਾਮੁਨ ਆਦਿ ਖਾਣ ਵਾਲੀਆਂ ਚੀਜ਼ਾਂ ਨੂੰ  ਦਿਲ ਖੋਲ੍ਹ ਕੇ ਖਾਓ | ਇਨ੍ਹਾਂ ਸਭ 'ਚੋਂ ਵਿਟਾਮਿਨਾਂ ਦੀ ਮਾਤਰਾ ਭਰਪੂਰ ਮਿਲੇਗੀ ਅਤੇ ਖੱਟੇ-ਮਿੱਠੇ ਰਸ ਦਾ ਸਵਾਦ ਵੀ |
ਲਗਾਤਾਰ ਕਸਰਤ ਭਾਰ ਕੰਟਰੋਲ ਕਰਨ ਦਾ ਮੂਲ ਮੰਤਰ ਹੈ, ਇਸ ਨੂੰ  ਭੁੱਲੋ ਨਾ | 

Ad Position 22
No active advertisement
ਪਿਛਲੀ ਖ਼ਬਰ ਜੇ ਯਾਦ ਸ਼ਕਤੀ ਕਮਜ਼ੋਰ ਹੋਵੇ ਤਾਂ? ਅਗਲੀ ਖ਼ਬਰ ਫੇਫੜਿਆਂ ਲਈ ਬਿਹਤਰ ਹੈ ਇਲਾਇਚੀ
Ad Position 24