ਬਰਸਾਤ ਦਾ ਮੌਸਮ ਆਇਆ ਨਹੀਂ ਕਿ ਬਿਮਾਰੀ ਦੀ ਸੰਭਾਵਨਾ ਵਧ ਜਾਂਦੀ ਹੈ | ਇਸ ਮੌਸਮ ਵਿਚ ਮੱਖੀਆਂ, ਮੱਛਰ, ਬੈਕਟੀਰੀਆ ਆਦਿ ਦਾ ਹਮਲਾ ਜ਼ਿਆਦਾ ਹੁੰਦਾ ਹੈ | ਸਭ ਤੋਂ ਜ਼ਿਆਦਾ ਡਾਇਰੀਆ ਹੋਣ ਦਾ ਖ਼ਤਰਾ ਰਹਿੰਦਾ ਹੈ | ਡਾਇਰੀਆ ਤੋਂ ਬਚਾਅ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ :
• ਪੀਣ ਯੋਗ ਪਾਣੀ ਨੂੰ ਹਮੇਸ਼ਾ ਢੱਕ ਕੇ ਰੱਖੋ | ਉੱਬਲਿਆ ਹੋਇਆ ਪਾਣੀ ਹੀ ਵਰਤੋਂ ਵਿਚ ਲਿਆਓ | ਖਾਣ ਵਾਲੇ ਪਦਾਰਥਾਂ ਨੂੰ ਵੀ ਢਕ ਕੇ ਰੱਖੋ | ਬੈਕਟੀਰੀਆ ਜ਼ਿਆਦਾਤਰ ਪਾਣੀ ਤੇ ਖਾਣੇ ਦੀਆਂ ਚੀਜ਼ਾਂ ਨਾਲ ਹੀ ਸਰੀਰ ਵਿਚ ਦਾਖ਼ਲ ਹੋ ਕੇ ਬਿਮਾਰੀਆਂ ਫੈਲਾਉਂਦਾ ਹੈ |
• ਬਾਸੇ ਭੋਜਨ ਦੀ ਵਰਤੋਂ ਨਾ ਕਰੋ | ਤਾਜ਼ਾ ਬਣਾਓ ਅਤੇ ਤਾਜ਼ਾ ਹੀ ਖਾਓ |
• ਕੱਟੇ ਹੋਏ ਫਲ ਨੂੰ ਦੁਬਾਰਾ ਨਾ ਖਾਓ | ਜੇਕਰ ਪਪੀਤਾ ਜਾਂ ਕੋਈ ਹੋਰ ਫਲ ਕੱਟਿਆ ਹੈ ਅਤੇ ਉਹ ਬਚ ਗਿਆ ਹੈ ਤਾਂ ਉਸ ਨੂੰ ਬਾਅਦ ਵਿਚ ਖਾਣ ਦੀ ਵਰਤੋਂ 'ਚ ਨਾ ਲਿਆਓ |
• ਸਰੀਰ ਦੀ ਸਫ਼ਾਈ ਦਾ ਜ਼ਿਆਦਾ ਧਿਆਨ ਰੱਖੋ | ਖਾਣਾ ਬਣਾਉਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਬਾਅਦ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਵੋ ਤਾਂ ਕਿ ਕੀਟਾਣੂ ਖਾਣ ਵਾਲੇ ਪਦਾਰਥਾਂ ਵਿਚ ਦਾਖ਼ਲ ਹੋ ਕੇ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਪਹੁੰਚਾਉਣ |
• ਜੇਕਰ ਤੁਹਾਡੇ ਨਹੁੰ ਗੰਦੇ ਹਨ ਤਾਂ ਵੀ ਸੰਕ੍ਰਮਣ ਹੋ ਸਕਦਾ ਹੈ, ਇਸ ਲਈ ਨਹੁੰਆਂ ਨੂੰ ਸਮੇਂ-ਸਮੇਂ 'ਤੇ ਕੱਟੋ ਅਤੇ ਉਨ੍ਹਾਂ ਵਿਚ ਮੈਲ ਜਮ੍ਹਾਂ ਨਾ ਹੋਣ ਦਿਓ |
• ਪਾਣੀ ਜਿੰਨਾ ਜ਼ਿਆਦਾ ਪੀ ਸਕੋ, ਪੀਓ |
• ਕੋਲਡ ਡਿ੍ੰਕਸ ਦੀ ਬਜਾਏ ਸਾਦਾ ਪਾਣੀ ਜਾਂ ਨਿੰਬੂ ਪਾਣੀ ਪੀਓ | ਸ਼ਿਕੰਜਵੀ ਪੀਓ | ਇਹ ਡੀਹਾਈਡ੍ਰੇਸ਼ਨ ਅਤੇ ਗਰਮੀ ਤੋਂ ਤੁਰੰਤ ਮੁਕਤੀ ਦਿਵਾਉਂਦੀ ਹੈ |
• ਬਾਜ਼ਾਰ ਤੋਂ ਜਾਂ ਰੇੜ੍ਹੀ ਤੋਂ ਖਾਣ ਵਾਲੇ ਪਦਾਰਥ ਖਰੀਦਣ ਤੋਂ ਪਰਹੇਜ਼ ਹੀ ਕਰੋ | ਇਨ੍ਹਾਂ ਵਿਚ ਵਿਕਣ ਵਾਲੇ ਪਦਾਰਥ ਨਾ ਤਾਂ ਢਕੇ ਹੁੰਦੇ ਹਨ ਅਤੇ ਨਾ ਹੀ ਸਾਫ਼ ਹੁੰਦੇ ਹਨ | ਜ਼ਿਆਦਾਤਰ ਡਾਇਰੀਆ ਤੇ ਹੋਰ ਬਿਮਾਰੀਆਂ ਦਾ ਕਾਰਨ ਇਹੀ ਖਾਣ ਵਾਲੇ ਪਦਾਰਥ ਹੁੰਦੇ ਹਨ |
• ਬਾਜ਼ਾਰ ਤੋਂ ਜੂਸ ਵੀ ਨਾ ਪੀਓ | ਘਰ 'ਚ ਹੀ ਜੂਸ ਕੱਢੋ ਅਤੇ ਪੀਓ |
• ਦੁੱਧ ਤੋਂ ਬਣੇ ਪਦਾਰਥ ਜਿਵੇਂ ਦਹੀਂ, ਲੱਸੀ, ਕ੍ਰੀਮ ਆਦਿ ਵੀ ਬਾਜ਼ਾਰ ਵਿਚੋਂ ਨਾ ਖਾਓ |
• ਫਲ ਜਾਂ ਸਬਜ਼ੀਆਂ ਦੀ ਵਰਤੋਂ ਤੋਂ ਪਹਿਲਾਂ ਕੱਟ ਕੇ ਨਾ ਰੱਖੋ |
• ਜੇਕਰ ਤੁਹਾਡਾ ਬੱਚਾ ਛੋਟਾ ਹੈ ਤਾਂ ਉਸ ਦੀ ਦੁੱਧ ਦੀ ਬੋਤਲ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਧਿਓ | ਬੋਤਲ ਨੂੰ ਹਰ ਵਾਰ ਵਰਤਣ ਤੋਂ ਪਹਿਲਾਂ ਚੰਗੀ ਤਰ੍ਹਾਂ ਗਰਮ ਪਾਣੀ ਵਿਚ ਉਬਾਲੋ ਅਤੇ ਬਰੁਸ਼ ਨਾਲ ਸਾਫ਼ ਕਰੋ |
• ਆਈਸਕ੍ਰੀਮ ਕਦੀ ਵੀ ਮਾੜੀ ਕੰਪਨੀ ਦੀ ਨਾ ਖਾਓ, ਕਿਉਂਕਿ ਇਸ ਨੂੰ ਬਣਾਉਣ ਸਮੇਂ ਸਫ਼ਾਈ ਨਹੀਂ ਵਰਤੀ ਜਾਂਦੀ | ਕੁਲਫ਼ੀ ਆਦਿ ਤਾਂ ਬਿਲਕੁਲ ਨਾ ਖਾਓ, ਕਿਉਂਕਿ ਇਸ ਵਿਚ ਵਰਤਿਆ ਗਿਆ ਦੁੱਧ ਦੂਸ਼ਿਤ ਹੋ ਸਕਦਾ ਹੈ |
-0-