10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅਦਾਕਾਰੀ ਦੇ ਹਰ ਰੰਗ ਦਾ ਮਾਸਟਰ ਸੀ ਨਾਨਾ ਪਾਟੇਕਰ

ਅਦਾਕਾਰੀ ਦੇ ਹਰ ਰੰਗ ਦਾ ਮਾਸਟਰ ਸੀ ਨਾਨਾ ਪਾਟੇਕਰ

Ad Position 21
No active advertisement
ਅਜੀਤ ਡੈਸਕ 11-10-2026

'ਆ ਗਏ ਮੇਰੀ ਮੌਤ ਕਾ ਤਮਾਸ਼ਾ ਦੇਖਨੇ |' ਭੀੜ ਸਾਹਮਣੇ ਇਹ ਕਹਿੰਦੇ ਹੋਏ ਨਾਨਾ ਪਾਟੇਕਰ ਨੇ ਇਕ ਸਵਾਲ ਕੀਤਾ ਜੋ ਫ਼ਿਲਮ 'ਕ੍ਰਾਂਤੀਵੀਰ' ਤੋਂ ਵੀ ਵੱਡਾ ਹੋ ਗਿਆ | 'ਯੇ ਮੁਸਲਮਾਨ ਕਾ ਖੂਨ, ਯੇ ਹਿੰਦੂ ਕਾ ਖੂਨ... ਬਤਾ ਇਸਮੇਂ ਮੁਸਲਮਾਨ ਕਾ ਕੌਨ ਸਾ, ਹਿੰਦੂ ਕਾ ਕੌਨ ਸਾ.. ਬਤਾ?' ਇਸ ਦਿ੍ਸ਼ ਦੀ ਖ਼ਾਸ ਗੱਲ ਇਹ ਸੀ ਕਿ ਇਹ ਕਦੀ ਲਿਖਿਆ ਨਹੀਂ ਗਿਆ ਸੀ | ਕੈਮਰੇ ਸਾਹਮਣੇ ਆਉਂੇਦਿਆਂ ਹੀ ਨਾਨਾ ਪਾਟੇਕਰ ਨੇ ਬਸ ਬੋਲਣਾ ਸ਼ੁਰੂ ਕਰ ਦਿੱਤਾ ਸੀ | ਇਸ ਤੋਂ ਕਈ ਸਾਲ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਉਸ ਦਿਨ ਜੋ ਉਹ ਬੋਲੇ ਸਨ, ਉਸ ਦਾ ਇਕ ਸ਼ਬਦ ਵੀ ਉਨ੍ਹਾਂ ਨੂੰ  ਯਾਦ ਨਹੀਂ ਹੈ | ਉਹ ਸ਼ੂਟਿੰਗ ਤੋਂ ਪਹਿਲਾਂ ਬਿਮਾਰ ਸਨ, ਦਿਲ ਦੀ ਸਮੱਸਿਆ ਨੂੰ  ਲੈ ਕੇ ਹਸਪਤਾਲ ਵਿਚ ਭਰਤੀ ਸਨ, ਪਰ ਜਦੋਂ ਕੈਮਰਾ ਰੋਲ ਹੋਇਆ ਤਾਂ ਪ੍ਰਤਾਪ ਜਿਊਾਦਾ ਹੋ ਉੱਠਿਆ, ਮੋਨੋਲਾਗ ਆਪਣੇ ਆਪ ਮੂੰਹ ਤੋਂ ਨਿਕਲਣ ਲੱਗਿਆ | ਫਿਰ ਸਕ੍ਰੀਨ 'ਤੇ ਜੋ ਬਾਕੀ ਰਿਹਾ, ਉਹ ਹਿੰਦੀ ਸਿਨੇਮਾ ਦੀਆਂ ਸਭ ਤੋਂ ਯਾਦਗਾਰ ਅਦਾਕਾਰੀਆਂ ਵਿਚੋਂ ਇਕ ਹੈ | ਸ਼ਾਇਦ ਨਾਨਾ ਪਾਟੇਕਰ ਨੂੰ  ਯਾਦ ਕਰਨ ਦਾ ਸਭ ਤੋਂ ਚੰਗਾ ਤਰੀਕਾ ਇਹੀ ਹੈ | ਉਹ ਸਟਾਰ ਨਹੀਂ ਸੀ, ਉਨ੍ਹਾਂ ਨੂੰ  'ਲੀਜੈਂਡਰੀ ਐਕਟਰ' ਕਹਿਣਾ ਵੀ ਦਰੁਸਤ ਨਹੀਂ ਹੋਵੇਗਾ | ਦਰਅਸਲ, ਉਹ ਇਕ ਇਸ ਤਰ੍ਹਾਂ ਦੇ ਦੁਰਲਭ ਅਦਾਕਾਰ ਸਨ, ਜੋ ਇਹ ਨਹੀਂ ਜਾਣਦੇ ਸਨ ਕਿ ਕਿਰਦਾਰ ਕਿੱਥੇ ਖ਼ਤਮ ਹੁੰਦਾ ਹੈ ਅਤੇ ਉਹ ਕਿੱਥੋਂ ਸ਼ੁਰੂ ਹੋ ਜਾਂਦੇ ਹਨ | ਵੀਰਵਾਰ, 8 ਅਕਤੂਬਰ, 2026 ਦੀ ਸਵੇਰ ਭਾਰਤੀ ਸਿਨੇਮਾ ਨੇ ਆਪਣੀ ਇਸ ਦੁਰਲੱਭ ਚਮਕ ਨੂੰ  ਗੁਆ ਦਿੱਤਾ |

ਨਾਨਾ ਦੇ ਅੰਦਰ ਕੁਝ ਬਹੁਤ ਹੀ ਖ਼ੂਬਸੂਰਤ ਲੁਕਿਆ ਹੋਇਆ ਸੀ—ਅਧਿਆਪਕ, ਜਿਵੇਂ ਕਿ ਜਾਵੇਦ ਅਖ਼ਤਰ ਨੇ ਉਨ੍ਹਾਂ ਬਾਰੇ ਇਕ ਵਾਰ ਕਿਹਾ ਸੀ | ਜੇਕਰ ਐਂਗਰੀ ਜੰਗ ਮੈਨ ਅਮਿਤਾਭ ਬੱਚਨ ਦਾ ਗੁੱਸਾ ਇਹ ਸੀ, 'ਤੁਮ ਮੇਰੇ ਸਾਥ ਐਸਾ ਕੈਸੇ ਕਰ ਸਕਤੇ ਹੋ?' ਪਰ ਨਾਨਾ ਦਾ ਇਹ ਗੁੱਸਾ ਸਿਰਫ਼ ਸਕ੍ਰੀਨ ਤੱਕ ਸੀਮਤ ਨਹੀਂ ਸੀ ਸਗੋਂ ਇਹ ਕਹਿਣਾ ਜ਼ਿਆਦਾ ਸਹੀ ਹੋਵੇਗਾ ਕਿ ਦੁਨੀਆ ਦੀ ਚਿੰਤਾ ਨਾਲ ਭਰਿਆ ਉਨ੍ਹਾਂ ਦਾ ਇਹ ਗੁੱਸਾ ਸਕ੍ਰੀਨ 'ਤੇ ਵੀ ਪ੍ਰਗਟ ਹੋ ਜਾਂਦਾ ਸੀ | ਇਸ ਲਈ ਇਹ ਹੈਰਾਨੀ ਨਹੀਂ ਹੈ ਕਿ ਧਰਮ ਨਿਰਪੱਖਤਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਟੁੱਟ ਅੰਗ ਸੀ ਅਤੇ ਸਾਦਗੀ ਭਰਿਆ ਜੀਵਨ ਬਤੀਤ ਕਰਨ ਵਾਲੇ ਨਾਨਾ ਨੇ ਆਪਣੀ ਪੂੰਜੀ ਦਾ ਬਹੁਤਾ ਹਿੱਸਾ ਲੋੜਵੰਦ ਕਿਸਾਨਾਂ ਤੇ ਲੋਕਾਂ ਦੀ ਮਦਦ ਕਰਨ ਵਿਚ ਖ਼ਰਚ ਕਰ ਦਿੱਤਾ | ਉਨ੍ਹਾਂ ਨੇ 'ਨਾਮ' ਫਾਊਾਡੇਸ਼ਨ ਦੀ ਸਥਾਪਨਾ ਕੀਤੀ, 1.5 ਕਰੋੜ ਰੁਪਏ ਨਾਲ ਲਗਜ਼ਰੀ ਕਾਰ ਖ਼ਰੀਦਣ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ ਅਤੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ  ਸਿੱਧੀ ਸਹਾਇਤਾ ਦਿੱਤੀ |
ਦਰਅਸਲ ਨਾਨਾ ਪਾਟੇਕਰ ਜਜ਼ਬਾਤ ਤੋਂ ਕ੍ਰਾਂਤੀਵੀਰ ਸੀ, ਮੰਚ 'ਤੇ ਨਟਸਮਰਾਟ ਸਨ ਅਤੇ 'ਵੈਲਕਮ' ਸ਼ਖ਼ਸੀਅਤ ਸਨ, ਜਿਨ੍ਹਾਂ ਦੀ ਮੌਤ ਨਾਲ ਪੰਜ ਦਹਾਕੇ ਲੰਮੇ ਕਰੀਅਰ 'ਤੇ ਵਿਰਾਮ ਲੱਗ ਗਿਆ, ਜਿਸ ਵਿਚ ਗੰਭੀਰ ਅਦਾਕਾਰੀ ਦੇ ਨਾਲ ਕਾਮੇਡੀ ਵੀ ਸੀ ਤੇ ਪਰੇਸ਼ਾਨਹਾਲ ਕਿਸਾਨਾਂ ਦੀ ਸੇਵਾ ਵੀ | 'ਪਰਿੰਦਾ' ਦਾ ਗੈਂਗਸਟਰ, 'ਪ੍ਰਹਾਰ' ਦਾ ਫ਼ੌਜੀ, 'ਖਾਮੋਸ਼ੀ' ਦਾ ਦਿਲ ਟੁੱਟਿਆ ਅਧਿਆਪਕ, 'ਅਬ ਤਕ ਛੱਪਨ' ਦਾ ਨਿਰਦਈ ਪੁਲਿਸ ਮੁਲਾਜ਼ਮ, 'ਰਾਜਨੀਤੀ' ਦਾ ਨੇਤਾ ਅਤੇ 'ਵੈੱਲਕਮ' ਦੇ ਉਦੈ ਸ਼ੈਟੀ—'ਭਗਵਾਨ ਕਾ ਦੀਆ ਹੁਆ ਸਭ ਕੁਛ ਹੈ, ਦੌਲਤ ਹੈ, ਸ਼ੋਹਰਤ ਹੈ, ਇੱਜ਼ਤ ਹੈ...' ਸੰਵਾਦ ਨੂੰ  ਕੌਣ ਭੁੱਲ ਸਕਦਾ ਹੈ | ਨਾਨਾ ਜਿੱਥੇ ਇਕ ਪਲ ਵਿਚ ਤੁਹਾਨੂੰ ਡਰਾ ਸਕਦੇ ਸਨ, ਉਥੇ ਦੂਜੇ ਪਲ ਤੁਹਾਨੂੰ ਹਸਾ ਵੀ ਸਕਦੇ ਸਨ | ਫਿਰ ਅਗਲੇ ਦਿ੍ਸ਼ ਵਿਚ ਉਹ ਤੁਹਾਡੀ ਹਮਦਰਦੀ ਵੀ ਬਟੋਰ ਸਕਦੇ ਸਨ | ਇਹ ਸੀ ਨਾਨਾ ਦਾ ਜਾਦੂ | ਉਹ ਆਪਣੀ ਅਦਾਕਾਰੀ ਨਾਲ ਤੁਹਾਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਨ ਸਗੋਂ ਕਿਰਦਾਰ ਨਾਲ ਮੁਲਾਕਾਤ ਕਰਾ ਦਿੰਦੇ ਸਨ | ਸਵਾਲ ਇਹ ਹੈ ਕਿ ਸਭ ਨਾਨਾ ਵਿਚ ਆਇਆ ਕਿਵੇਂ? ਇਕ ਜਨਵਰੀ, 1951 ਨੂੰ  ਮੁਰੂੜ-ਜ਼ੰਜੀਰਾ (ਰਾਏਗੜ੍ਹ ਜ਼ਿਲ੍ਹਾ ਮਹਾਰਾਸ਼ਟਰ) ਵਿਚ ਸੰਜਨਾਬਾਈ ਤੇ ਦਿਨਕਰ ਪਾਟੇਕਰ ਦੇ ਘਰ ਵਿਚ ਜਨਮੇ ਵਿਸ਼ਵਨਾਥ ਪਾਟੇਕਰ, ਜਿਸ ਨੂੰ  ਦੁਨੀਆ ਨਾਨਾ ਪਾਟੇਕਰ ਦੇ ਨਾਂਅ ਨਾਲ ਜਾਣਦੀ ਹੈ, ਨੂੰ  ਬਚਪਨ ਵਿਚ ਹੀ ਭੁੱਖ ਤੇ ਅਪਮਾਨ ਦਾ ਮਤਲਬ ਪਤਾ ਲੱਗ ਗਿਆ ਸੀ | ਨਾਨਾ ਨੇ ਸਿਰਫ਼ 13 ਸਾਲ ਦੀ ਉਮਰ ਵਿਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ | ਕੰਮ 'ਤੇ ਜਾਣ ਲਈ ਰੋਜ਼ਾਨਾ ਕਈ ਮੀਲ ਪੈਦਲ ਸਫ਼ਰ ਕਰਨਾ ਅਤੇ ਦਿਨ ਭਰ ਵਿਚ ਸਿਰਫ਼ ਇਕ ਵਾਰ ਭੋਜਨ ਕਰਕੇ ਜਿਊਾਦਾ ਰਹਿਣਾ, ਨੇ ਏਨਾ ਕੁਝ ਸਿਖਾਇਆ ਕਿ 'ਭੁੱਖ ਤੇ ਅਪਮਾਨ' ਉਨ੍ਹਾਂ ਦੇ ਦੋ ਗੁਰੂ ਬਣ ਗਏ, ਇਹ ਉਨ੍ਹਾਂ ਦਾ ਖ਼ੁਦ ਦਾ ਕਹਿਣਾ ਸੀ |
ਫ਼ਿਲਮਾਂ ਤੋਂ ਪਹਿਲਾਂ ਥੀਏਟਰ ਆਇਆ ਅਤੇ ਸਫ਼ਲ ਫ਼ਿਲਮ ਅਭਿਨੇਤਾ ਬਣਨ ਤੋਂ ਬਾਅਦ ਵੀ ਸਟੇਜ ਨਾਲ ਉਨ੍ਹਾਂ ਨੇ ਆਪਣਾ ਡੂੰਘਾ ਰਿਸ਼ਤਾ ਬਣਾਈ ਰੱਖਿਆ | ਇਕ ਸਮੇਂ ਵਿਚ ਨਾਨਾ ਦੇ ਪਰਿਵਾਰ ਦੀ ਮਾਲੀ ਹਾਲਤ ਕਾਫ਼ੀ ਚੰਗੀ ਸੀ | ਉਨ੍ਹਾਂ ਦੇ ਪਿਤਾ ਦਾ ਕੱਪੜੇ ਦਾ ਕਾਰੋਬਾਰ ਸੀ | ਪਰ ਕਿਸੇ ਕਰੀਬੀ ਦੀ ਧੋਖੇਬਾਜ਼ੀ ਦੀ ਵਜ੍ਹਾ ਨਾਲ ਪੈਸਾ ਤੇ ਜਾਇਦਾਦ ਸਭ ਹੱਥੋਂ ਨਿਕਲ ਗਿਆ ਅਤੇ ਘਰ ਵਿਚ ਰੋਟੀਆਂ ਦੇ ਵੀ ਲਾਲੇ ਪੈ ਗਏ | ਨਾਨਾ ਉਦੋਂ ਚੜ੍ਹਦੀ ਜਵਾਨੀ ਦੀ ਉਮਰ ਵਿਚ ਸੀ |  ਪਰਿਵਾਰ ਦੀ ਮਦਦ ਕਰਨ ਲਈ ਉਹ ਸਕੂਲ ਦੇ ਬਾਅਦ ਫ਼ਿਲਮੀ ਪੋਸਟਰ ਪੇਂਟ ਕਰਨ ਲੱਗਿਆ, ਇਕ ਡੰਗ ਦੇ ਖਾਣੇ ਦੇ ਨਾਲ 35 ਰੁਪਏ ਹਰ ਮਹੀਨੇ ਮਿਲਦੇ ਸਨ | ਇਸ ਸੰਘਰਸ਼ ਨੇ ਨਾਨਾ ਵਿਚ ਸੇਵਾ ਤੇ ਲੜਨ ਦਾ ਜਜ਼ਬਾ ਵਿਕਸਿਤ ਕੀਤਾ, ਜੋ ਉਨ੍ਹਾਂ ਨੂੰ  ਸਿਨੇਮਾ ਤੋਂ ਵੀ ਅੱਗੇ ਲੈ ਗਿਆ | 'ਪ੍ਰਹਾਰ' (1991) ਜੋ ਉਨ੍ਹਾਂ ਦੇ ਨਿਰਦੇਸ਼ਨ ਵਿਚ ਬਣੀ ਪਹਿਲੀ ਫ਼ਿਲਮ ਸੀ, ਲਈ ਉਨ੍ਹਾਂ ਨੇ ਟੈਰੀਟੋਰੀਅਲ ਆਰਮੀ ਦੇ ਨਾਲ ਡੂੰਘੀ ਫ਼ੌਜੀ ਸਿਖਲਾਈ ਲਈ | ਕਾਰਗਿਲ ਯੁੱਧ ਦੌਰਾਨ ਉਨ੍ਹਾਂ ਨੇ ਤਤਕਾਲੀ ਰੱਖਿਆ ਮੰਤਰੀ ਜਾਰਜ ਫਰਨਾਂਡਿਜ਼ ਨਾਲ ਜੰਗ ਵਿਚ ਹਿੱਸਾ ਲੈਣ ਦੀ ਆਗਿਆ ਮੰਗੀ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੇ ਕਮਾਂਡੋ ਕੋਰਸ ਪੂਰਨ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ  ਰਾਸ਼ਟਰੀ ਪੱਧਰ 'ਤੇ ਰਾਈਫਲ ਸ਼ੂਟਰ ਦਾ ਅਨੁਭਵ ਵੀ ਹੈ | ਜੰਗ ਵਿਚ ਹਿੱਸਾ ਲੈਣ ਦੀ ਆਗਿਆ ਤਾਂ ਨਹੀਂ ਮਿਲੀ, ਪਰ ਨਾਨਾ ਨੇ ਦੋ ਮਹੀਨੇ ਫ਼ੌਜ ਦੇ ਨਾਲ ਦ੍ਰਾਸ, ਲੇਹ, ਕੁਪਵਾੜਾ, ਬਾਰਾਮੁਲਾ ਤੇ ਸੋਪੋਰ ਵਿਚ ਬਿਤਾਏ ਅਤੇ ਕੁਇਕ ਰੀਐਕਸ਼ਨ ਟੀਮ ਦਾ ਹਿੱਸਾ ਬਣੇ | ਇਸ ਸਮੇਂ ਵਿਚ ਉਨ੍ਹਾਂ ਦਾ 20 ਕਿੱਲੋ ਵਜ਼ਨ ਘੱਟ ਹੋਇਆ, 76 ਤੋਂ 56 ਕਿੱਲੋ | ਨਾਨਾ ਨੇ ਆਪਣੇ ਇਸ ਅਨੁਭਵ ਬਾਰੇ ਕਦੀ ਗੱਲ ਨਹੀਂ ਕੀਤੀ, ਕਿਉਂਕਿ ਉਨ੍ਹਾਂ ਅਨੁਸਾਰ ਇਹ 'ਦੇਸ਼ ਸੇਵਾ ਦੀ ਕੋਸ਼ਿਸ਼ ਸੀ', ਜਿਸ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਹੈ |
ਨਾਨਾ ਨੇ ਕਦੀ ਆਪਣੇ ਸਿਨੇਮਾ ਨਾਲ ਵੀ ਸਮਝੌਤਾ ਨਹੀਂ ਕੀਤਾ | ਤਿੰਨ ਰਾਸ਼ਟਰੀ ਪੁਰਸਕਾਰ—'ਪਰਿੰਦਾ' (1989), 'ਕ੍ਰਾਂਤੀਵੀਰ' (1995) ਤੇ 'ਅਗਨੀਸਾਕਸ਼ੀ' (1997) ਚਾਰ ਫ਼ਿਲਮਫੇਅਰ ਪੁਰਸਕਾਰ—'ਪਰਿੰਦਾ', 'ਅੰਗਾਰ', 'ਕ੍ਰਾਂਤੀਵੀਰ' ਤੇ 'ਅਪਹਰਣ' ਅਤੇ ਇਨ੍ਹਾਂ ਤੋਂ ਇਲਾਵਾ 2013 ਵਿਚ ਪਦਮਸ਼੍ਰੀ | ਨਾਨਾ ਤੇ ਇਰਫ਼ਾਨ ਖਾਨ ਉਨ੍ਹਾਂ ਦੁਰਲਭ ਅਦਾਕਾਰਾਂ ਵਿਚ ਰਹੇ ਜਿਨ੍ਹਾਂ ਨੂੰ  ਸਰਬੋਤਮ ਅਭਿਨੇਤਾ, ਸਰਬੋਤਮ ਸਹਾਇਕ ਅਭਿਨੇਤਾ ਅਤੇ ਸਰਬੋਤਮ ਖ਼ਲਨਾਇਕ ਦੀਆਂ ਤਿੰਨੇ ਸ਼੍ਰੇਣੀਆਂ ਵਿਚ ਫ਼ਿਲਮ ਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਲਈ ਨਾਨਾ ਕਿਸੇ ਇਕ ਇਮੇਜ ਵਿਚ ਬੱਝ ਕੇ ਕਦੀ ਨਹੀਂ ਰਹੇ | ਉਨ੍ਹਾਂ ਨੇ ਹਿੰਦੀ ਤੇ ਮਰਾਠੀ ਫ਼ਿਲਮਾਂ ਵਿਚ ਅਭਿਨੈ ਕੀਤਾ, ਨਿਰਦੇਸ਼ਨ ਕੀਤਾ ਅਤੇ ਪਟਕਥਾਵਾਂ ਲਿਖੀਆਂ | ਪਰ ਸਿਨੇਮਾ ਵਿਚ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਇਹ ਸੀ ਕਿ ਉਨ੍ਹਾਂ ਨੇ ਕਰੈਕਟਰ ਐਕਟਿੰਗ ਵਿਚ ਵੀ ਸਟਾਰਡਮ ਪੈਦਾ ਕੀਤੀ | ਉਨ੍ਹਾਂ ਦੀ ਸਾਦਗੀ ਏਨੀ ਸੀ ਕਿ ਇਨ੍ਹਾਂ ਪੁਰਸਕਾਰਾਂ ਨੂੰ  ਵੀ ਆਪਣੀ ਉਪਲਬਧੀ ਨਹੀਂ ਮੰਨਦੇ ਸਨ ਕਿਉਂਕਿ ਉਨ੍ਹਾਂ ਅਨੁਸਾਰ ਉਨ੍ਹਾਂ ਨੂੰ  ਸਭ ਤੋਂ ਵੱਡਾ ਪੁਰਸਕਾਰ ਉਦੋਂ ਮਿਲਿਆ ਜਦੋਂ ਉਹ ਬਾਰਿਸ਼ ਵਿਚ ਭਿੱਜਦੇ ਹੋਏ ਦਿਲੀਪ ਕੁਮਾਰ ਨੂੰ  ਮਿਲਣ ਗਏ ਸਨ ਅਤੇ ਦਿਲੀਪ ਕੁਮਾਰ ਨੇ ਤੌਲੀਏ ਨਾਲ ਉਨ੍ਹਾਂ ਦੇ ਸਿਰ ਨੂੰ  ਸੁਕਾਉਂਦੇ ਹੋਏ ਉਨ੍ਹਾਂ ਦੀ ਐਕਟਿੰਗ ਦੀ ਤਾਰੀਫ਼ ਕੀਤੀ ਸੀ | ਨਾਨਾ ਨੇ ਇਕ ਵਾਰ ਕਿਹਾ ਸੀ ਕਿ ਜਦੋਂ ਤੁਸੀਂ ਮਰ ਜਾਂਦੇ ਹੋ ਉਦੋਂ ਵੀ ਦੁਨੀਆ ਦਾ ਕਾਰੋਬਾਰ ਚਲਦਾ ਰਹਿੰਦਾ ਹੈ | ਸੱਚ ਹੈ! ਨਾਨਾ ਚਲੇ ਗਏ, ਪਰ ਪ੍ਰਤਾਪ ਦਾ ਗੁੱਸਾ, ਅੰਨਾ ਦਾ ਘੂਰਨਾ, ਉਦੈ ਸ਼ੈਟੀ ਦਾ ਚਿਲਾਉਣਾ ਸਿਨੇ ਪ੍ਰੇਮੀਆਂ ਦੇ ਦਿਲ ਵਿਚ ਵਸਿਆ ਰਹੇਗਾ, ਹਮੇਸ਼ਾ ਅਤੇ ਗਣਪਤ ਬੇਲਵਾਲਕਰ ਮੰਚ 'ਤੇ ਵਾਪਸ ਆਏਗਾ |

Ad Position 22
No active advertisement
ਪਿਛਲੀ ਖ਼ਬਰ ਕੀ ਤੁਹਾਡਾ ਮਨ ਚਿੰਤਤ ਰਹਿੰਦਾ ? ਅਗਲੀ ਖ਼ਬਰ Bahrain : ਸੁਆਲਾਂ ਦੇ ਘੇਰੇ 'ਚ ਜਥੇਦਾਰ ਦੇ ਫ਼ੈਸਲੇ
Ad Position 24