ਬੱਚਿਓ! ਸਕੂਲ ਸਾਡੇ ਜੀਵਨ ਦਾ ਉਹ ਮਹੱਤਵਪੂਰਨ ਸਥਾਨ ਹੈ, ਜਿੱਥੇ ਅਸੀਂ ਸਿਰਫ਼ ਕਿਤਾਬਾਂ ਪੜ੍ਹਨ ਲਈ ਨਹੀਂ, ਸਗੋਂ ਜੀਵਨ ਨੂੰ ਸਮਝਣ ਅਤੇ ਚੰਗੇ ਇਨਸਾਨ ਬਣਨ ਲਈ ਜਾਂਦੇ ਹਾਂ | ਸਕੂਲ ਵਿਚ ਅਸੀਂ ਅੱਖਰਾਂ, ਸ਼ਬਦਾਂ, ਗਿਣਤੀਆਂ ਅਤੇ ਵਿਸ਼ਿਆਂ ਦਾ ਗਿਆਨ ਪ੍ਰਾਪਤ ਕਰਦੇ ਹਾਂ, ਪਰ ਇਸ ਦੇ ਨਾਲ-ਨਾਲ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਸਿੱਖਦੇ ਹਾਂ ਜੋ ਸਾਰੀ ਉਮਰ ਸਾਡੇ ਕੰਮ ਆਉਂਦੀਆਂ ਹਨ |

ਸਕੂਲ ਵਿਚ ਪੜ੍ਹਾਈ ਦਾ ਮੁੱਖ ਉਦੇਸ਼ ਕੇਵਲ ਪ੍ਰੀਖਿਆ ਵਿਚ ਚੰਗੇ ਅੰਕ ਪ੍ਰਾਪਤ ਕਰਨਾ ਨਹੀਂ ਹੈ | ਸਿੱਖਣਾ, ਪੜ੍ਹਨ ਤੋਂ ਅਗਲਾ ਪੜਾਅ ਹੈ | ਅਸਲ ਸਿੱਖਿਆ ਉਹ ਹੈ ਜੋ ਬੱਚੇ ਦੀ ਸੋਚਣ, ਸਮਝਣ, ਸਵਾਲ ਪੁੱਛਣ ਅਤੇ ਸਮੱਸਿਆ ਦਾ ਹੱਲ ਲੱਭਣ ਦੀ ਸਮਰੱਥਾ ਨੂੰ ਵਿਕਸਿਤ ਕਰੇ | ਜਦੋਂ ਬੱਚਾ ਕਿਸੇ ਪਾਠ ਨੂੰ ਰੱਟਣ ਦੀ ਬਜਾਏ ਉਸ ਦਾ ਅਰਥ ਸਮਝਦਾ ਹੈ ਤਾਂ ਉਸ ਦਾ ਗਿਆਨ ਹੋਰ ਪੱਕਾ ਹੁੰਦਾ ਹੈ |
ਸਕੂਲ ਬੱਚਿਆਂ ਨੂੰ ਚੰਗੀਆਂ ਆਦਤਾਂ ਅਤੇ ਚੰਗੇ ਸੰਸਕਾਰ ਵੀ ਸਿਖਾਉਂਦਾ ਹੈ | ਅਧਿਆਪਕਾਂ ਦਾ ਸਤਿਕਾਰ ਕਰਨਾ, ਮਾਪਿਆਂ ਅਤੇ ਵੱਡਿਆਂ ਦੀ ਇੱਜ਼ਤ ਕਰਨੀ, ਛੋਟਿਆਂ ਨਾਲ ਪਿਆਰ ਕਰਨਾ, ਸਾਥੀਆਂ ਦੀ ਮੱਦਦ ਕਰਨੀ, ਸਫ਼ਾਈ ਰੱਖਣੀ ਅਤੇ ਸਮੇਂ ਦੀ ਕਦਰ ਕਰਨੀ ਆਦਿ | ਇਹ ਸਾਰੇ ਜੀਵਨ ਦੇ ਮਹੱਤਵਪੂਰਨ ਪਾਠ ਹਨ | ਇਹ ਪਾਠ ਸਿਰਫ਼ ਕਿਤਾਬਾਂ ਵਿਚੋਂ ਹੀ ਨਹੀਂ, ਸਗੋਂ ਰੋਜ਼ਾਨਾ ਦੇ ਵਿਹਾਰ ਵਿਚੋਂ ਸਿੱਖੇ ਜਾਂਦੇ ਹਨ |
ਸਕੂਲ ਬੱਚਿਆਂ ਵਿਚ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦਾ ਹੈ | ਇਹੀ ਸੰਸਥਾ ਬੱਚੇ ਨੂੰ ਸਮੇਂ ਸਿਰ ਸਕੂਲ ਆਉਣਾ, ਆਪਣਾ ਕੰਮ ਪੂਰਾ ਕਰਨਾ, ਕਿਤਾਬਾਂ ਅਤੇ ਕਾਪੀਆਂ ਸੰਭਾਲ ਕੇ ਰੱਖਣਾ ਅਤੇ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਅਤੇ ਭਵਿੱਖ ਲਈ ਸਫ਼ਲਤਾ ਦਾ ਪੜਾਓ ਤਿਆਰ ਕਰਦੀ ਹੈ | ਇਹ ਛੋਟੀਆਂ-ਛੋਟੀਆਂ ਆਦਤਾਂ ਅੱਗੇ ਜਾ ਕੇ ਬੱਚੇ ਦੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਂਦੀਆਂ ਹਨ |
ਸਕੂਲ ਵਿਚ ਬੱਚੇ ਮਿਲਜੁਲ ਕੇ ਰਹਿਣਾ ਵੀ ਸਿੱਖਦੇ ਹਨ | ਖੇਡਾਂ, ਹੋਰ ਗਤੀਵਿਧੀਆਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸਮੂਹਿਕ ਕੰਮਾਂ ਰਾਹੀਂ ਉਹ ਸਹਿਯੋਗ, ਏਕਤਾ, ਸਾਂਝ ਅਤੇ ਦੂਜਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਸਿੱਖਦੇ ਹਨ | ਹਾਰ ਤੋਂ ਸਿੱਖਣਾ ਅਤੇ ਜਿੱਤ ਵਿਚ ਨਿਮਰ ਰਹਿਣਾ ਵੀ ਸਕੂਲੀ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ |
ਅੱਜ ਦੇ ਸਮੇਂ ਵਿਚ ਸਿੱਖਿਆ ਨੂੰ ਵਿਹਾਰਿਕ ਅਤੇ ਗਤੀਵਿਧੀ-ਆਧਾਰਿਤ ਬਣਾਉਣਾ ਬਹੁਤ ਜ਼ਰੂਰੀ ਹੈ | ਬੱਚਿਆਂ ਨੂੰ ਪ੍ਰਯੋਗਾਂ, ਖੇਡਾਂ, ਪ੍ਰੋਜੈਕਟਾਂ, ਚਿੱਤਰਕਾਰੀ, ਕਹਾਣੀਆਂ, ਸਵਾਲ-ਜਵਾਬ ਅਤੇ ਤਕਨਾਲੋਜੀ ਰਾਹੀਂ ਸਿੱਖਣ ਦੇ ਮੌਕੇ ਮਿਲਣੇ ਚਾਹੀਦੇ ਹਨ | ਜਦੋਂ ਬੱਚਾ ਕਿਸੇ ਕੰਮ ਨੂੰ ਖੁਦ ਕਰਕੇ ਸਿੱਖਦਾ ਹੈ ਤਾਂ ਉਸ ਨੂੰ ਵਿਸ਼ਾ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ |
ਇਸ ਲਈ ਬੱਚਿਓ ! ਸਕੂਲ ਨੂੰ ਸਿਰਫ਼ ਕਿਤਾਬਾਂ ਅਤੇ ਪ੍ਰੀਖਿਆਵਾਂ ਦੀ ਥਾਂ ਨਾ ਸਮਝੋ | ਸਕੂਲ ਤੁਹਾਡੇ ਜੀਵਨ ਦੀ ਇਕ ਅਜਿਹੀ ਪਾਠਸ਼ਾਲਾ ਹੈ, ਜਿੱਥੇ ਤੁਸੀਂ ਗਿਆਨ ਦੇ ਨਾਲ-ਨਾਲ ਚੰਗਾ ਵਿਹਾਰ, ਚੰਗੇ ਸੰਸਕਾਰ, ਅਨੁਸ਼ਾਸਨ, ਸਹਿਯੋਗ, ਜ਼ਿੰਮੇਵਾਰੀ ਅਤੇ ਜੀਵਨ ਜਿਊਣ ਦੀ ਕਲਾ ਸਿੱਖਦੇ ਹੋ | ਯਾਦ ਰੱਖੋ, ਪੜ੍ਹਾਈ ਸਾਨੂੰ ਗਿਆਨ ਦਿੰਦੀ ਹੈ, ਪਰ ਸਿੱਖਿਆ ਸਾਨੂੰ ਗਿਆਨ ਨੂੰ ਜੀਵਨ ਵਿਚ ਵਰਤਣਾ ਸਿਖਾਉਂਦੀ ਹੈ | ਇਸ ਲਈ ਹਰ ਬੱਚੇ ਦਾ ਮਕਸਦ ਸਿਰਫ਼ ਸਕੂਲ ਜਾਣਾ ਨਹੀਂ, ਸਗੋਂ ਹਰ ਰੋਜ਼ ਕੁਝ ਨਵਾਂ ਸਿੱਖ ਕੇ ਘਰ ਵਾਪਸ ਪਰਤਣਾ ਚਾਹੀਦਾ ਹੈ | ਇਹ ਹੀ ਸਾਡੀ ਸਫ਼ਲਤਾ ਦੀ ਨਿਸ਼ਾਨੀ ਹੈ |
-(ਸਟੇਟ ਐਵਾਰਡੀ), ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
ਫ਼ੋਨ : 98720-89538