12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਚਿੜੀ ਦੀ ਸਮਝਦਾਰੀ

ਚਿੜੀ ਦੀ ਸਮਝਦਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

 
ਹਰੇ ਭਰੇ ਜੰਗਲ ਵਿਚ ਬੋਹੜ ਦੇ ਪੁਰਾਣੇ ਰੁੱਖ ਉੱਤੇ ਇਕ ਛੋਟੀ ਜਿਹੀ ਚਿੜੀ ਆਪਣੇ ਪਰਿਵਾਰ ਨਾਲ ਰਹਿੰਦੀ ਸੀ | ਚਿੜੀ ਭਾਵੇਂ ਸਰੀਰਕ ਪੱਖੋਂ ਛੋਟੀ ਸੀ, ਪਰ ਉਹ ਪੂਰੇ ਜੰਗਲ ਵਿਚ ਆਪਣੀ ਸੂਝ-ਬੂਝ, ਮਿਹਨਤ ਅਤੇ ਨਿਮਰਤਾ ਲਈ ਜਾਣੀ ਜਾਂਦੀ ਸੀ | ਉਹ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਤੇ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵਿਚ ਵੀ ਕਦੇ ਹਿੰਮਤ ਨਾ ਹਾਰਦੀ | ਉਸੇ ਬੋਹੜ ਦੇ ਰੁੱਖ ਦੇ ਹੇਠਾਂ ਇਕ ਵੱਡੀ ਖੁੱਡ ਵਿਚ 'ਕਾਲੂ' ਨਾਂਅ ਦਾ ਇਕ ਹੰਕਾਰੀ ਕਾਲਾ ਸੱਪ ਵੀ ਰਹਿੰਦਾ ਸੀ | ਕਾਲੂ ਬਹੁਤ ਹੀ ਜ਼ਾਲਮ ਅਤੇ ਖੁਦਗਰਜ਼ ਸੀ | ਉਹ ਜੰਗਲ ਦੇ ਛੋਟੇ ਜੀਵਾਂ ਨੂੰ ਡਰਾਉਂਦਾ-ਧਮਕਾਉਂਦਾ ਰਹਿੰਦਾ ,ਕਈ ਵਾਰ ਤਾਂ ਉਹ ਪੰਛੀਆਂ ਦੇ ਆਂਡੇ ਵੀ ਖਾ ਜਾਂਦਾ  | ਚਿੜੀ ਅਤੇ ਬਾਕੀ ਪੰਛੀ ਹਮੇਸ਼ਾ ਕਾਲੂ ਸੱਪ ਤੋਂ ਡਰਦੇ ਰਹਿੰਦੇ, ਪਰ ਕਾਲੂ ਆਪਣੀ ਤਾਕਤ ਦੇ ਨਸ਼ੇ ਵਿਚ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ | 
ਇਕ ਵਾਰ ਜੰਗਲ ਵਿਚ ਭਿਆਨਕ ਗਰਮੀ ਪਈ | ਕਈ ਮਹੀਨਿਆਂ ਤੱਕ ਮੀਂਹ ਨਾ ਪੈਣ ਕਾਰਨ ਜੰਗਲ ਦੇ ਸਾਰੇ ਤਲਾਬ, ਨਦੀਆਂ ਅਤੇ ਝਰਨੇ ਸੁੱਕ ਗਏ | ਹੌਲੀ-ਹੌਲੀ ਰੁੱਖਾਂ ਦੇ ਪੱਤੇ ਝੜਨ ਲੱਗੇ ਅਤੇ ਜੰਗਲ ਵਿਚ ਪਾਣੀ ਦੀ ਇਕ-ਇਕ ਬੂੰਦ ਲਈ ਹਾਹਾਕਾਰ ਮਚ ਗਈ | ਸਾਰੇ ਪਸ਼ੂ-ਪੰਛੀ ਪਿਆਸ ਨਾਲ ਬੇਹਾਲ ਹੋ ਗਏ | ਬਹੁਤ ਸਾਰੇ ਜਾਨਵਰ ਪਾਣੀ ਦੀ ਭਾਲ ਵਿਚ ਜੰਗਲ ਛੱਡ ਕੇ ਦੂਜੇ ਪਾਸੇ ਜਾਣ ਲੱਗੇ | ਚਿੜੀ ਨੇ ਇਹ ਸਭ ਦੇਖ ਕੇ ਸੋਚਿਆ, ਜੇਕਰ ਇਹੀ ਹਾਲ ਰਿਹਾ, ਤਾਂ ਕੋਈ ਵੀ ਜਿਉਂਦਾ ਨਹੀਂ ਬਚੇਗਾ | ਉਸ ਨੇ ਹਿੰਮਤ ਨਾ ਹਾਰੀ | ਉਹ ਸਵੇਰੇ-ਸਵੇਰੇ ਹੀ ਪਾਣੀ ਦੀ ਖੋਜ ਵਿਚ ਦੂਰ-ਦੂਰ ਤੱਕ ਉੱਡ ਜਾਂਦੀ | ਇਕ ਦਿਨ ਬਹੁਤ ਦੂਰ ਉੱਡਣ ਤੋਂ ਬਾਅਦ ਉਸ ਨੂੰ ਪਹਾੜੀ ਦੇ ਪਿੱਛੇ ਇਕ ਛੋਟੀ ਜਿਹੀ ਪਥਰੀਲੀ ਗੁਫ਼ਾ ਦਿਖਾਈ ਦਿੱਤੀ | ਜਦੋਂ ਚਿੜੀ ਉਸ ਗੁਫ਼ਾ ਦੇ ਅੰਦਰ ਗਈ ਤਾਂ ਉਸ ਨੇ ਦੇਖਿਆ, ਉੱਥੇ ਚੱਟਾਨਾਂ ਦੇ ਵਿਚਕਾਰੋਂ ਪਾਣੀ ਦੀ ਇਕ ਬਹੁਤ ਹੀ ਪਤਲੀ ਧਾਰ ਵਹਿ ਰਹੀ ਸੀ ਤੇ ਥੱਲੇ ਇਕ ਛੋਟਾ ਜਿਹਾ ਕੁੰਡ ਬਣਿਆ ਹੋਇਆ ਸੀ, ਜਿਸ ਵਿਚ ਸਾਫ਼ ਪਾਣੀ ਸੀ | ਚਿੜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ | ਉਸ ਨੇ ਰੱਜ ਕੇ ਪਾਣੀ ਪੀਤਾ ਅਤੇ ਤੁਰੰਤ ਵਾਪਸ ਆਪਣੇ ਬੋਹੜ ਦੇ ਰੁੱਖ ਵੱਲ ਉੱਡ ਪਈ | ਜੰਗਲ ਵਿਚ ਪਹੁੰਚ ਕੇ ਉਸ ਨੇ ਸਭ ਤੋਂ ਪਹਿਲਾਂ ਆਪਣੇ ਸਾਥੀ ਪੰਛੀਆਂ ਨੂੰ ਇਸ ਗੁਫ਼ਾ ਬਾਰੇ ਦੱਸਿਆ | ਸਾਰੇ ਪੰਛੀ ਖੁਸ਼ ਹੋ ਗਏ ਤੇ ਚਿੜੀ ਦੇ ਨਾਲ ਉੱਡ ਕੇ ਉੱਥੇ ਪਹੁੰਚ ਗਏ | ਉਸ ਪਾਣੀ ਦੇ ਸਰੋਤ ਨੇ ਬਹੁਤ ਸਾਰੇ ਪੰਛੀਆਂ ਦੀ ਜਾਨ ਬਚਾ ਲਈ | 
ਜਦੋਂ ਚਿੜੀ ਵਾਪਸ ਰੁੱਖ 'ਤੇ ਆਈ , ਉਸ ਨੇ ਦੇਖਿਆ, ਰੁੱਖ ਦੇ ਹੇਠਾਂ ਕਾਲੂ ਸੱਪ ਪਿਆਸ ਨਾਲ ਤੜਫ ਰਿਹਾ ਸੀ | ਗਰਮੀ ਅਤੇ ਪਾਣੀ ਦੀ ਕਮੀ ਕਾਰਨ ਉਸ ਵਿਚ ਹਿੱਲਣ ਦੀ ਵੀ ਤਾਕਤ ਨਹੀਂ ਸੀ ਬਚੀ | ਉਹ ਅੱਧ-ਮੋਇਆ ਜਿਹਾ ਹੋ ਕੇ ਜ਼ਮੀਨ 'ਤੇ ਪਿਆ ਸੀ | ਨੰਨੀ ਚਿੜੀ ਦੇ ਮਨ ਵਿਚ ਪਹਿਲਾਂ ਤਾਂ ਖਿਆਲ ਆਇਆ , ਕਾਲੂ ਨੇ ਹਮੇਸ਼ਾ ਸਭ ਨੂੰ ਦੁੱਖ ਦਿੱਤਾ ਹੈ, ਉਸ ਨੂੰ ਉਸ ਦੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ | ਜੇਕਰ ਉਹ ਮਰ ਗਿਆ, ਤਾਂ ਸਾਰੇ ਪੰਛੀ ਸੁਰੱਖਿਅਤ ਹੋ ਜਾਣਗੇ | ਪਰ ਅਗਲੇ ਹੀ ਪਲ ਚਿੜੀ ਦੀ ਸੂਝ-ਬੂਝ ਅਤੇ ਚੰਗੀ ਸੋਚ ਨੇ ਉਸ ਨੂੰ ਰੋਕ ਲਿਆ | ਉਸ ਨੇ ਸੋਚਿਆ, 'ਮੁਸ਼ਕਿਲ ਵਿਚ ਪਏ ਦੁਸ਼ਮਣ ਦੀ ਮਦਦ ਕਰਨਾ ਹੀ ਅਸਲੀ ਇਨਸਾਨੀਅਤ ਹੈ | ਜੇਕਰ ਮੈਂ ਅੱਜ ਕਾਲੂ ਸੱਪ ਨੂੰ ਇਸੇ ਤਰ੍ਹਾਂ ਮਰਨ ਦਿੱਤਾ, ਤਾਂ ਮੇਰੇ ਵਿਚ ਅਤੇ ਇਸ ਜ਼ਾਲਮ ਸੱਪ ਵਿਚ ਕੀ ਫਰਕ ਰਹਿ ਜਾਵੇਗਾ? ਸ਼ਾਇਦ ਮੇਰੀ ਮਦਦ ਇਸ ਦਾ ਦਿਲ ਬਦਲ ਦੇਵੇ |' ਚਿੜੀ ਨੇ ਇਕ ਮਜਬੂਤ ਜਿਹਾ ਪੱਤਾ ਲੱਭਿਆ | ਉਹ ਦੁਬਾਰਾ ਉਸ ਗੁਫ਼ਾ ਵੱਲ ਉੱਡੀ ਅਤੇ ਪੱਤੇ ਵਿਚ ਪਾਣੀ ਦੀਆਂ ਕੁਝ ਬੂੰਦਾਂ ਭਰ ਕੇ ਆਪਣੀ ਚੁੰਝ ਵਿਚ ਨੱਪ ਕੇ ਵਾਪਸ ਲੈ ਆਈ | ਉਸ ਨੇ ਬਹੁਤ ਹੀ ਸਾਵਧਾਨੀ ਨਾਲ ਉਹ ਪਾਣੀ ਕਾਲੂ ਸੱਪ ਦੇ ਮੂੰਹ ਵਿਚ ਟਪਕਾ ਦਿੱਤਾ | ਪਾਣੀ ਦੀਆਂ ਬੂੰਦਾਂ ਮੂੰਹ ਵਿਚ ਪੈਂਦਿਆਂ ਹੀ ਕਾਲੂ ਦੇ ਸਰੀਰ ਵਿਚ ਥੋੜ੍ਹੀ ਜਾਨ ਆਈ | ਉਸ ਨੇ ਅੱਖਾਂ ਖੋਲ੍ਹੀਆਂ | ਚਿੜੀ ਨੇ ਉਸ ਨੂੰ ਕਿਹਾ, 'ਕਾਲੂ, ਤੂੰ ਹਿੰਮਤ ਨਾ ਹਾਰ | ਪਹਾੜੀ ਦੇ ਪਿੱਛੇ ਗੁਫ਼ਾ ਵਿਚ ਪਾਣੀ ਹੈ | ਜੇ ਤੂੰ ਹੌਲੀ-ਹੌਲੀ ਉੱਥੇ ਪਹੁੰਚ ਜਾਵੇਂ, ਤਾਂ ਤੇਰੀ ਜਾਨ ਬਚ ਸਕਦੀ ਹੈ |' ਕਾਲੂ ਸੱਪ ਹੈਰਾਨ ਰਹਿ ਗਿਆ | ਜਿਸ ਚਿੜੀ ਦੇ ਪਰਿਵਾਰ ਨੂੰ ਉਹ ਹਮੇਸ਼ਾ ਨੁਕਸਾਨ ਪਹੁੰਚਾਉਣ ਦੀ ਫਿਰਾਕ ਵਿਚ ਰਹਿੰਦਾ ਸੀ, ਅੱਜ ਉਸੇ ਨੇ ਉਸ ਦੀ ਜਾਨ ਬਚਾਈ  | ਕਾਲੂ ਦੇ ਮਨ ਵਿਚ ਸ਼ਰਮਿੰਦਗੀ ਦੀ ਭਾਵਨਾ ਜਾਗ ਪਈ | ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ | ਉਸ ਨੇ ਭਰੇ ਮਨ ਨਾਲ ਚਿੜੀ ਨੂੰ ਕਿਹਾ, 'ਚਿੜੀ ਭੈਣ, ਮੈਂ ਹਮੇਸ਼ਾ ਆਪਣੀ ਤਾਕਤ ਦੇ ਹੰਕਾਰ ਵਿਚ ਤੁਹਾਡਾ ਬੁਰਾ ਸੋਚਿਆ | ਪਰ ਅੱਜ ਤੇਰੀ ਸਮਝਦਾਰੀ ਅਤੇ ਰਹਿਮਦਿਲੀ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ | ਮੈਂ ਵਾਅਦਾ ਕਰਦਾ ਹਾਂ, ਅੱਜ ਤੋਂ ਬਾਅਦ ਮੈਂ ਜੰਗਲ ਵਿਚ ਕਿਸੇ ਵੀ ਪੰਛੀ ਜਾਂ ਜੀਵ ਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ | ' ਹੌਲੀ-ਹੌਲੀ ਕਾਲੂ ਰੀਂਗਦਾ ਹੋਇਆ ਉਸ ਗੁਫ਼ਾ ਵੱਲ ਚਲਾ ਗਿਆ ਤੇ ਪਾਣੀ ਪੀ ਕੇ ਪੂਰੀ ਤਰ੍ਹਾਂ ਠੀਕ ਹੋ ਗਿਆ | ਕੁਝ ਦਿਨਾਂ ਬਾਅਦ ਜੰਗਲ ਵਿਚ ਮੀਂਹ ਪੈ ਗਿਆ ਅਤੇ ਸਭ ਕੁਝ ਪਹਿਲਾਂ ਵਾਂਗ ਹਰਾ-ਭਰਾ ਹੋ ਗਿਆ | ਪਰ ਹੁਣ ਬੋਹੜ ਦੇ ਰੁੱਖ ਦਾ ਮਾਹੌਲ ਬਦਲ ਚੁੱਕਾ ਸੀ | ਹੁਣ ਕਾਲੂ ਸੱਪ ਕਿਸੇ ਦਾ ਦੁਸ਼ਮਣ ਨਹੀਂ, ਸਗੋਂ ਉਸ ਰੁੱਖ ਦੇ ਪੰਛੀਆਂ ਦਾ ਰਖਵਾਲਾ ਬਣ ਚੁੱਕਾ ਸੀ | 
-ਮੋਬਾਈਲ : 94171-63426

Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਸਿੱਖਿਆ ਵਿਵਸਥਾ ਨੌਜਵਾਨਾਂ ਨੂੰ ਨਿਰਾਸ਼ ਕਰ ਰਹੀ-ਰਾਹੁਲ ਗਾਂਧੀ ਅਗਲੀ ਖ਼ਬਰ ਇਜ਼ਰਾਈਲ ਵਲੋਂ ਲਿਬਨਾਨ ’ਚ ਹਿਜ਼ਬੁੱਲ੍ਹਾ ਦੀ 2 ਕਿ.ਮੀ. ਤੋਂ ਵੱਧ ਲੰਬੀ ਸੁਰੰਗ ਧਮਾਕੇ ਨਾਲ ਤਬਾਹ
Ad Position 24