22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਆਓ ਜਾਣੀਏ ਸੂਰਜ ਗ੍ਰਹਿਣ ਬਾਰੇ

ਆਓ ਜਾਣੀਏ ਸੂਰਜ ਗ੍ਰਹਿਣ ਬਾਰੇ

Ad Position 21
No active advertisement
ਅਜੀਤ ਡੈਸਕ 22-08-2026

 

ਸੂਰਜ ਗ੍ਰਹਿਣ ਇਕ ਖਗੋਲੀ ਘਟਨਾ ਹੈ | ਅਸੀਂ ਜਾਣਦੇ ਹਾਂ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਜਦੋਂ ਕਿ ਚੰਦਰਮਾ ਧਰਤੀ ਦੁਆਲੇ ਘੁੰਮਦਾ ਹੈ | ਜਦੋਂ ਚੰਦਰਮਾ ਧਰਤੀ ਦੀ ਪਰਿਕਰਮਾ ਕਰਦੇ ਹੋਏ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਅਤੇ ਤਿੰਨੋਂ ਸਿੱਧੀ ਰੇਖਾ ਵਿਚ ਹੁੰਦੇ ਹਨ ਤਾਂ ਸੂਰਜ ਗ੍ਰਹਿਣ ਲੱਗਦਾ ਹੈ  | ਚੰਦਰਮਾ ਸੂਰਜ ਨੂੰ  ਪੂਰੀ ਤਰ੍ਹਾਂ ਜਾਂ ਅੰਸ਼ਿਕ ਰੂਪ ਵਿਚ ਢਕ ਲੈਂਦਾ ਹੈ ਅਤੇ ਸੂਰਜ ਦੀ ਰੌਸ਼ਨੀ ਨੂੰ  ਧਰਤੀ 'ਤੇ ਪਹੁੰਚਣ ਤੋਂ ਰੋਕ ਲੈਂਦਾ ਹੈ ਅਤੇ ਧਰਤੀ ਦੀ ਸਤ੍ਹਾ 'ਤੇ ਪਰਛਾਵਾਂ ਪੈਂਦਾ ਹੈ | ਸੂਰਜ ਗ੍ਰਹਿਣ ਮੱਸਿਆ ਨੂੰ  ਲੱਗਦਾ ਹੈ | ਇਹ ਆਕਾਸ਼ੀ ਵਰਤਾਰਾ ਵਿਰਲਾ ਹੀ ਵਾਪਰਦਾ ਹੈ | ਚੰਦਰਮਾ ਧਰਤੀ ਦੁਆਲੇ ਧਰਤੀ-ਸੂਰਜ ਸਤ੍ਹਾ ਦੇ ਸਾਪੇਖੀ ਲਗਭਗ 5 ਡਿਗਰੀ ਕੋਣ 'ਤੇ ਪਰਿਕਰਮਾ ਕਰਦਾ ਹੈ | ਚੰਦਰਮਾ ਧਰਤੀ ਦੀ ਗ੍ਰਹਿਪੱਥ ਸਮਤਲ ਨੂੰ  ਸਾਲ ਵਿਚ ਸਿਰਫ ਦੋ ਵਾਰ ਹੀ ਕੱਟਦਾ ਹੈ | ਇਨ੍ਹਾਂ ਨੂੰ  'ਗ੍ਰਹਿਣ ਸੀਜ਼ਨ' ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਸਮਿਆਂ ਦੌਰਾਨ ਹੀ ਸੂਰਜ ਗ੍ਰਹਿਣ ਲੱਗ ਸਕਦਾ ਹੈ | 
ਦਰਅਸਲ, ਸੂਰਜ ਗ੍ਰਹਿਣ ਚਾਰ ਕਿਸਮ ਦਾ ਹੁੰਦਾ ਹੈ ਯਾਨੀ ਪੂਰਨ ਸੂਰਜ ਗ੍ਰਹਿਣ, ਅੰਸ਼ਿਕ ਸੂਰਜ ਗ੍ਰਹਿਣ, ਐਨੂਲਰ ਸੂਰਜ ਗ੍ਰਹਿਣ ਅਤੇ ਹਾਈਬਿ੍ਡ ਸੂਰਜ ਗ੍ਰਹਿਣ | 
ਜੇਕਰ ਚੰਦਰਮਾ ਸੂਰਜ ਨੂੰ  ਪੂਰੀ ਤਰ੍ਹਾਂ ਢਕ ਲੈਂਦਾ ਹੈ ਤਾਂ ਇਸ ਨੂੰ  'ਪੂਰਨ ਸੂਰਜ ਗ੍ਰਹਿਣ' ਕਹਿੰਦੇ ਹਨ | ਸੂਰਜ ਦਾ ਚਮਕਦਾ ਚਿਹਰਾ ਢਕਿਆ ਜਾਂਦਾ ਹੈ | ਧਰਤੀ ਦੇ ਇਕ ਹਿੱਸੇ ਵਿਚ ਪੂਰਾ ਹਨੇਰਾ ਛਾ ਜਾਂਦਾ ਹੈ | ਸੂਰਜ ਦੇ ਦੁਆਲੇ ਕਰੋਨਾ (ਪ੍ਰਕਾਸ਼ ਦਾ ਘੇਰਾ) ਸਾਫ਼ ਨਜ਼ਰ ਆਉਂਦਾ ਹੈ | ਅਜਿਹਾ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ | 
ਅੰਸ਼ਿਕ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਸਿੱਧੀ ਰੇਖਾ ਵਿਚ ਪੂਰੀ ਤਰ੍ਹਾਂ ਨਹੀਂ ਹੁੰਦੇ ਅਤੇ ਚੰਦਰਮਾ ਅੰਸ਼ਿਕ ਰੂਪ ਵਿਚ ਸੂਰਜ ਨੂੰ  ਢਕਦਾ ਹੈ | ਚੰਦਰਮਾ ਦਾ ਪਰਛਾਵਾਂ ਧਰਤੀ ਦੇ ਪੂਰੇ ਹਿੱਸੇ 'ਤੇ ਨਹੀਂ ਪੈਂਦਾ | 
ਜਦੋਂ ਚੰਦਰਮਾ ਸੂਰਜ ਦੀ ਚਮਕਦਾਰ ਡਿਸਕ ਨੂੰ  ਪੂਰੀ ਤਰ੍ਹਾਂ ਨਹੀਂ ਢਕਦਾ ਅਤੇ ਬਾਹਰਲੇ ਕਿਨਾਰੇ ਦਿਖਾਈ ਦਿੰਦੇ ਹਨ ਤਾਂ 'ਐਨੂਲਰ (ਰਿੰਗ) ਸੂਰਜੀ ਗ੍ਰਹਿਣ' ਹੁੰਦਾ ਹੈ | ਜਿਵੇਂ ਹੀ ਧਰਤੀ 'ਤੇ ਕੁਝ ਸਮੇਂ ਲਈ ਹਨੇਰਾ ਛਾ ਜਾਂਦਾ ਹੈ ਤਾਂ ਪਾਸਿਆਂ ਤੋਂ ਸੂਰਜ ਦੀ ਚਮਕਦਾਰ ਗੋਲਾਕਾਰ ਰਿੰਗ ਦਿਖਾਈ ਦਿੰਦੀ ਹੈ ਜਿਸ ਨੂੰ  'ਅੱਗ ਦੀ ਰਿੰਗ' ਯਾਨੀ 'ਰਿੰਗ ਆਫ ਫਾਇਰ' ਕਹਿੰਦੇ ਹਨ | ਇਸ ਸਥਿਤੀ ਵਿਚ ਚੰਦਰਮਾ ਧਰਤੀ ਤੋਂ ਦੂਰ ਹੁੰਦਾ ਹੈ | 
ਮਿਸ਼ਰਤ ਜਾਂ 'ਹਾਈਬਿ੍ਡ' ਸੂਰਜ ਗ੍ਰਹਿਣ ਪੂਰਨ ਅਤੇ ਅੰਸ਼ਿਕ ਅਤੇ ਐਨੂਲਰ ਸੂਰਜ ਗ੍ਰਹਿਣ ਦਾ ਸੁਮੇਲ ਹੁੰਦਾ ਹੈ | ਇਹ ਸੂਰਜ ਗ੍ਰਹਿਣਾਂ 'ਚੋਂ ਵਿਰਲੀ ਕਿਸਮ ਦਾ ਹੁੰਦਾ ਹੈ | ਧਰਤੀ ਦੀ ਸਤ੍ਹਾ 'ਤੇ ਕੁਝ ਥਾਵਾਂ 'ਤੇ ਇਹ ਪੂਰਨ ਹੁੰਦਾ ਹੈ ਜਦੋਂ ਕਿ ਦੂਜੀ ਜਗ੍ਹਾ ਅੰਸ਼ਿਕ ਕਿਸਮ ਦਾ ਹੁੰਦਾ ਹੈ | ਅੰਸ਼ਿਕ ਤੋਂ ਪੂਰਨ ਅਤੇ ਫਿਰ ਪੂਰਨ ਤੋਂ ਅੰਸ਼ਿਕ ਵਿਚ ਬਦਲ ਜਾਂਦਾ ਹੈ | 
ਸਾਲ 2023 ਦਾ ਪਹਿਲਾ ਸੂਰਜ ਗ੍ਰਹਿਣ 20 ਅਪ੍ਰੈਲ 2023 ਨੂੰ  ਲੱਗਿਆ ਸੀ | ਇਹ ਸੂਰਜ ਗ੍ਰਹਿਣ ਹਾਈਬਿ੍ਡ ਕਿਸਮ ਦਾ ਹੋਣ ਕਰਕੇ ਬਹੁਤ ਹੀ ਦੁਰਲੱਭ ਸੀ | ਅਜਿਹਾ ਅਨੋਖਾ ਸੂਰਜ ਗ੍ਰਹਿਣ ਲਗਭਗ 100 ਸਾਲਾਂ ਵਿਚ ਇਕ ਵਾਰ ਲੱਗਦਾ ਹੈ | ਇਸ ਸਥਿਤੀ ਵਿਚ ਧਰਤੀ ਤੋਂ ਚੰਦਰਮਾ ਦੀ ਦੂਰੀ ਨਾ ਬਹੁਤ ਘੱਟ ਅਤੇ ਨਾ ਹੀ ਬਹੁਤ ਜ਼ਿਆਦਾ ਹੁੰਦੀ ਹੈ | 
ਸੂਰਜ ਗ੍ਰਹਿਣ ਦੌਰਾਨ ਸੂਰਜ ਵੱਲ ਬਿਨਾਂ ਵਿਸ਼ੇਸ਼ ਸਾਧਨ ਦੇ ਸਿੱਧਾ ਦੇਖਣਾ ਖ਼ਤਰਨਾਕ ਹੋ ਸਕਦਾ ਹੈ  | ਇਸ ਕੰਮ ਲਈ ਫਿਲਟਰ ਵਗੈਰਾ ਜਾਂ ਵੈੱਲਡਿੰਗ ਗਲਾਸ ਦੀ ਵਰਤੋਂ ਕਰਨੀ ਚਾਹੀਦੀ ਹੈ | ਆਮ ਐਨਕਾਂ ਨਾਲ ਸੂਰਜ ਗ੍ਰਹਿਣ ਨਹੀਂ ਦੇਖਣਾ ਚਾਹੀਦਾ | 
ਸੂਰਜ ਗ੍ਰਹਿਣ ਦੌਰਾਨ ਕਈ ਹੋਰ ਗ੍ਰਹਿ ਜਿਵੇਂ ਬ੍ਰਹਿਸਪਤੀ ਅਤੇ ਬੁੱਧ ਵੀ ਦਿਖਾਈ ਦਿੰਦੇ ਹਨ | ਦਿਨ ਸਮੇਂ ਗ੍ਰਹਿਆਂ ਦਾ ਦਿਸਣਾ ਬਹੁਤ ਹੀ ਦੁਰਲੱਭ ਹੁੰਦਾ ਹੈ | ਪੰਛੀ ਉੱਡਣਾ ਬੰਦ ਕਰ ਦਿੰਦੇ ਹਨ ਅਤੇ ਰਾਤ ਸਮਝ ਕੇ ਆਲ੍ਹਣਿਆਂ ਵਿੱੱਚ ਬੈਠ ਜਾਂਦੇ ਹਨ | 
ਸੂਰਜ ਗ੍ਰਹਿਣ ਨਾਲ ਜੁੜੀਆਂ ਕਈ ਮਿੱਥਾਂ ਹਨ ਕਿ ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਨੈਗੇਟਿਵ ਕੰਪਨਾਂ ਭੋਜਨ ਨੂੰ  ਖ਼ਰਾਬ ਕਰਦੀਆਂ ਹਨ | ਪੂਰਵਜ਼ਾਂ ਭਾਵ ਵਡੇਰਿਆਂ ਦੇ ਨਾਂਅ 'ਤੇ ਦਾਨ ਕਰਨਾ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ | ਸਰੋਵਰਾਂ ਵਿਚ ਇਸ਼ਨਾਨ ਕੀਤਾ ਜਾਂਦਾ ਹੈ | ਪ੍ਰੰਤੂ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਮਿਲਦਾ | 
-ਮੋਬਾਈਲ : 98145-92534

Ad Position 22
No active advertisement
ਪਿਛਲੀ ਖ਼ਬਰ ਵਾਰ–ਵਾਰ ਡਿੱਗ ਕੇ ਉੱਠਣ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਅਗਲੀ ਖ਼ਬਰ ਬੁੱਝੋ ਬੱਚਿਓ ਮੈਂ ਹਾਂ ਕੌਣ?
Ad Position 24