ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਲੰਘੀ 10 ਨਵੰਬਰ ਨੂੰ ਸੱਚਖੰਡ ਪਿਆਨਾ ਕਰ ਗਏ ਹਨ | ਨਾਨਕਸਰ ਸੰਪਰਦਾਇ ਦੇ ਤਪੱਸਵੀ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰੋਸਾਇ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦਾ ਨਾਂਅ ਸਮੁੱਚੀ ਦੁਨੀਆ 'ਚ ਗੂੰਜਿਆ | ਉਨ੍ਹਾਂ ਦਾ ਜਨਮ 1 ਨਵੰਬਰ 1942 ਨੂੰ ਪਿੰਡ ਚਕਰ (ਲੁਧਿਆਣਾ) ਵਿਖੇ ਪਿਤਾ ਬਖਤਾਵਰ ਸਿੰਘ ਤੇ ਮਾਤਾ ਭਗਵਾਨ ਕੌਰ ਦੇ ਘਰ ਹੋਇਆ | ਕਰੀਬ 8 ਸਾਲ ਦੀ ਉਮਰ 'ਚ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ | ਉਹ ਆਪਣੇ ਚਾਚਾ ਜੀ ਨਾਲ ਨਾਨਕਸਰ ਕਲੇਰਾਂ ਜਾਇਆ ਕਰਦੇ ਸਨ ਤੇ 12 ਕੁ ਸਾਲ ਦੀ ਉਮਰ 'ਚ ਉਹ ਉੱਥੇ ਪੱਕੇ ਤੌਰ 'ਤੇ ਰਹਿਣ ਲੱਗੇ | ਉਨ੍ਹਾਂ ਗੁਰਬਾਣੀ ਦੀ ਸੰਥਿਆ ਲਈ ਤੇ ਸੰਤ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਨੇ ਉਨ੍ਹਾਂ ਨੂੰ ਸੁਖਮਨੀ ਸਾਹਿਬ ਦੇ ਪਾਠ ਦੀ ਜ਼ਿੰਮੇਵਾਰੀ ਸੌਂਪੀ ਤੇ ਉਹ ਅਸਥਾਨ ਦੇ ਪ੍ਰਸਿੱਧ ਰਾਗੀਆਂ ਤੋਂ ਹਾਰਮੋਨੀਅਮ ਤੇ ਤਬਲੇ ਦੀ ਸਿਖਲਾਈ ਲੈ ਕੇ ਕੀਰਤਨ ਦੀ ਸੇਵਾ ਨਿਭਾਉਣ ਲੱਗੇ | ਉਨ੍ਹਾਂ ਕਰੀਬ 14 ਸਾਲ ਤੱਕ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਦੀ ਮੁੱਖ ਸੇਵਾਦਾਰਾਂ ਵਜੋਂ ਸੇਵਾ ਨਿਭਾਈ | ਬਾਬਾ ਈਸ਼ਰ ਸਿੰਘ ਦੇ ਸੱਚਖੰਡ ਪਿਆਨਾ ਕਰਨ ਉਪਰੰਤ ਉਹ ਬਾਬਾ ਜੀ ਦੇ ਬਚਨਾਂ ਅਨੁਸਾਰ ਉਨ੍ਹਾਂ ਦੇ ਨਾਨਕਾ ਨਗਰ ਪਿੰਡ ਬੜੂੰਦੀ ਆ ਗਏ, ਜਿੱਥੇ ਸਮੁੱਚੀ ਸੰਗਤ ਵਲੋਂ ਉਨ੍ਹਾਂ ਦੇ ਕੀਤੇ ਜਾ ਰਹੇ ਸਤਿਕਾਰ, ਪਿਆਰ ਭਾਵਨਾ ਨੇ ਬਾਬਾ ਅਮਰ ਸਿੰਘ ਜੀ ਨੂੰ 'ਬੜੂੰਦੀ ਵਾਲੇ' ਬਣਾ ਕੇ ਰੱਖ ਲਿਆ | ਉਨ੍ਹਾਂ ਇੱਥੇ ਨਾਨਕਸਰ ਈਸ਼ਰ ਦਰਬਾਰ ਠਾਠ ਬੜੂੰਦੀ ਪੱਤੀ ਰੋਕੋਂ ਦੀ ਸਥਾਪਨਾ ਕਰਦਿਆਂ ਦੇਸ਼ਾਂ-ਵਿਦੇਸ਼ਾਂ 'ਚ ਆਉਣ-ਜਾਣ ਕਰ ਲਿਆ |
1972 'ਚ ਉਨ੍ਹਾਂ ਨੇ ਵੁਲਵਰਹੈਂਪਟਨ (ਯੂ.ਕੇ.) ਸਥਿਤ ਗੁਰਦੁਆਰੇ ਦੀ ਸਥਾਪਨਾ ਕਰਕੇ ਬੱਚਿਆਂ ਨੂੰ ਗੁਰਬਾਣੀ ਸੰਥਿਆ ਦੀ ਸਿਖਲਾਈ ਲਈ ਇਕ ਕੇਂਦਰ ਸਥਾਪਤ ਕੀਤਾ | ਉਨ੍ਹਾਂ ਪਹਿਲੀ ਵਿੱਦਿਅਕ ਸੰਸਥਾ 1979 ਵਿਚ ਪਿੰਡ ਛਪਾਰ (ਲੁਧਿਆਣਾ) 'ਚ ਸਥਾਪਤ ਕੀਤੀ, ਜੋ ਅੱਜ ਵੀ ਅਨੰਦ ਈਸ਼ਰ ਪਬਲਿਕ ਸੀ. ਸੈ. ਸਕੂਲ ਅਧੀਨ ਕਾਰਗਰ ਨਤੀਜੇ ਦੇ ਰਹੀ ਹੈ | ਯੂ.ਕੇ. ਦੇ ਸਿੱਖ ਬੱਚਿਆਂ ਨੂੰ ਆਪਣੇ ਅਮੀਰ ਸਿੱਖ ਵਿਰਸੇ, ਸੱਭਿਆਚਾਰ ਤੇ ਪਰੰਪਰਾਵਾਂ ਨਾਲ ਜੋੜਨ ਲਈ ਬਾਬਾ ਜੀ ਨੇ 1992 'ਚ ਹੇਜ਼ (ਯੂ.ਕੇ.) ਵਿਖੇ ਗੁਰੂ ਨਾਨਕ ਸਿੱਖ ਕਾਲਜ ਦੀ ਸ਼ੁਰੂਆਤ ਕੀਤੀ | 1999 'ਚ 300 ਸਾਲਾ ਖ਼ਾਲਸਾ ਸਾਜਨਾ ਦਿਵਸ ਸਮਾਗਮਾਂ ਮੌਕੇ ਬਰਤਾਨੀਆ ਦੀ ਸਿੱਖਿਆ ਪ੍ਰਣਾਲੀ ਨੇ ਇਸ ਨੂੰ 350 ਵਿਦਿਆਰਥੀਆਂ ਦੀ ਗਿਣਤੀ ਨਾਲ ਅਧਿਕਾਰਤ ਦਰਜਾ ਦਿੱਤਾ | 30 ਨਵੰਬਰ 1999 ਤੋਂ ਪੰਜਾਬੀ ਭਾਸ਼ਾ ਵਾਲੇ ਗੁਰੂ ਨਾਨਕ ਸਿੱਖ ਪ੍ਰਾਇਮਰੀ ਤੇ ਸੈਕੰਡਰੀ ਵੀ.ਏ. ਸਕੂਲ, ਮਿਡਲਸੈਕਸ (ਹੇਜ਼, ਯੂ.ਕੇ.) ਵਿੱਦਿਅਕ, ਧਾਰਮਿਕ ਤੇ ਸੱਭਿਆਚਾਰ ਪੱਖੋਂ ਅਮੀਰ ਵਿਰਾਸਤ ਦੀ ਹਾਮੀ ਭਰ ਰਹੇ ਹਨ | ਉਨ੍ਹਾਂ ਦਿੱਲੀ 'ਚ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਨਵੀਂ ਇਮਾਰਤ ਦਾ ਨਿਰੀਖਣ ਕਰਦਿਆਂ ਕੁਝ ਗਰੀਬ ਮਜ਼ਦੂਰਾਂ ਦੇ ਬੱਚੇ ਮਿੱਟੀ 'ਚ ਖੇਡਦੇ ਦੇਖੇ | ਸਕੂਲ ਨਾ ਜਾਣ ਦਾ ਕਾਰਨ ਪੁੱਛਣ 'ਤੇ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਮ ਤੇ ਪੜ੍ਹਾਈ 'ਚੋਂ ਇਕ ਦੀ ਚੋਣ ਕਰਨੀ ਪੈਂਦੀ ਹੈ | ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ 2006 'ਚ ਬਾਬਾ ਜੀ ਨੇ 'ਗੁਰੂ ਨਾਨਕ ਗਰੀਬ ਨਿਵਾਜ਼' ਸੰਸਥਾ ਦੀ ਸਥਾਪਨਾ ਕੀਤੀ | ਇਹ ਸਕੂਲ ਬਿਨਾਂ ਕਿਸੇ ਸਰਕਾਰੀ ਸਹੂਲਤ ਤੋਂ ਵੱਖ-ਵੱਖ ਪਿਛੋਕੜਾਂ ਵਾਲੇ ਲਗਭਗ 600 ਬੱਚਿਆਂ ਨੂੰ ਬਿਨਾਂ ਕਿਸੇ ਲਾਗਤ ਤੋਂ ਸਿੱਖਿਆ ਪ੍ਰਦਾਨ ਕਰ ਰਿਹਾ ਹੈ | 25 ਅਕਤੂਬਰ 2015 ਨੂੰ ਮੈਲਬੌਰਨ ਨਾਨਕਸਰ ਠਾਠ ਈਸ਼ਰ ਦਰਬਾਰ (ਆਸਟ੍ਰੇਲੀਆ) 'ਚ ਨਾਨਕਸਰ ਚੜ੍ਹਦੀਕਲਾ ਲਰਨਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ |
ਬਾਬਾ ਜੀ ਵਲੋਂ ਸੰਤ ਬਾਬਾ ਈਸ਼ਰ ਸਿੰਘ (ਨਾਨਕਸਰ ਕਲੇਰਾਂ) ਵਾਲਿਆਂ ਦੇ ਨਾਨਕਾ ਨਗਰ ਪਿੰਡ ਬੜੂੰਦੀ ਵਿਖੇ ਗੰਦੇ ਪਾਣੀ ਨੂੰ ਮੁੜ ਵਰਤੋਂ ਯੋਗ ਬਣਾਉਣ ਲਈ ਇਕ ਬਹੁ-ਕਰੋੜੀ ਵਾਟਰ ਟ੍ਰੀਟਮੈਂਟ ਪਲਾਂਟ ਲਾਇਆ ਗਿਆ | ਉਨ੍ਹਾਂ ਵਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਪਰਿਵਾਰਾਂ ਦੀਆਂ ਧੀਆਂ ਦੇ ਬਿਨਾਂ ਕਿਸੇ ਜਾਤੀ ਵਿਤਕਰੇ ਤੋਂ ਸਮੂਹਿਕ ਵਿਆਹ ਵੀ ਕਰਵਾਏ ਜਾਂਦੇ ਹਨ | ਉਨ੍ਹਾਂ ਨੇ ਕਈ ਗਊਸ਼ਾਲਾਵਾਂ ਵੀ ਖੋਲ੍ਹੀਆਂ ਹਨ | ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਡੋਮਿਨਿਕ ਗ੍ਰੀਵ (ਸਾਬਕਾ ਅਟਾਰਨੀ ਜਨਰਲ ਯੂ.ਕੇ), ਮਰਹੂਮ ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ ਭਾਰਤ), ਸ੍ਰੀਮਤੀ ਹੈਲੇਨ ਕਲਾਰਕ (ਸਾਬਕਾ ਪ੍ਰਧਾਨ ਮੰਤਰੀ, ਨਿਊਜ਼ੀਲੈਂਡ) ਅਤੇ ਜੌਹਨ ਕੇ. ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ |
ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਬੀਤੀ 10 ਨਵੰਬਰ ਨੂੰ ਨਵੀਂ ਦਿੱਲੀ ਸਥਿਤ ਗ੍ਰੇਟਰ ਕੈਲਾਸ਼ ਪਾਰਟੀ ਸਥਿਤ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਸਵਾਸਾਂ ਦੀ ਪੂਰਤੀ ਕਰ ਗਏ ਹਨ | ਸੁਖਦੇਵ ਸਿੰਘ ਵਾਲੀਆ ਚੇਅਰਮੈਨ ਸ੍ਰੀ ਗੁਰੂ ਹਰਕ੍ਰਿਸ਼ਨ ਵਿੱਦਿਅਕ ਸੰਸਥਾਵਾਂ ਫੱਲੇਵਾਲ ਖ਼ੁਰਦ ਤੇ ਭਾਈ ਅਮਰਜੀਤ ਸਿੰਘ ਅਨੁਸਾਰ ਉਨ੍ਹਾਂ ਦਾ ਦੁਸਹਿਰਾ ਸਮਾਗਮ 19 ਨਵੰਬਰ (ਵੀਰਵਾਰ) ਨੂੰ ਨਾਨਕਸਰ ਈਸ਼ਰ ਦਰਬਾਰ ਠਾਠ, ਪਿੰਡ ਬੜੂੰਦੀ (ਪੱਤੀ ਰੋੋਕੋਂ) ਵਿਖੇ ਸਵੇਰੇ 11 ਤੋਂ 1:30 ਵਜੇ ਤੱਕ ਕੀਤਾ ਜਾਵੇਗਾ | ਇਸ ਮੌਕੇ ਵੱਖ-ਵੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸੰਤ-ਮਹਾਂਪੁਰਸ਼, ਗੁਣੀ ਗਿਆਨੀ ਤੇ ਵੱਡੀ ਗਿਣਤੀ ਸੰਗਤ ਸ਼ਰਧਾ ਦੇ ਫੁੱਲ ਭੇਟ ਕਰੇਗੀ | ਇਸ ਦੌਰਾਨ ਸੰਤ ਬਾਬਾ ਅਮਰ ਸਿੰਘ ਹੁਰਾਂ ਵਲੋਂ ਥਾਪੇ ਗਏ ਉਤਰਾਧਿਕਾਰੀ ਭਾਈ ਈਸ਼ਰ ਪ੍ਰਕਾਸ਼ ਸਿੰਘ ਦੀ ਦਸਤਾਰਬੰਦੀ ਕੀਤੀ ਜਾਵੇਗੀ |
-ਪ੍ਰਤੀਨਿਧ ਲੋਹਟਬੱਦੀ (ਲੁਧਿਆਣਾ) |
ਮੋਬਾਈਲ : 94178-00351