ਰਾਜਸਥਾਨ ਦੇ ਥਾਰ ਰੇਗਿਸਤਾਨ ਵਿਚ ਸਥਿਤ ਜੈਸਲਮੇਰ ਸ਼ਹਿਰ ਆਪਣੇ ਸੁਨਹਿਰੀ ਕਿਲਿ੍ਹਆਂ ਅਤੇ ਰੇਤ ਦੇ ਟਿੱਬਿਆਂ ਲਈ ਦੁਨੀਆ ਭਰ ਵਿਚ ਮਸ਼ਹੂਰ ਹੈ | ਦੇਸ਼-ਵਿਦੇਸ਼ ਤੋਂ ਹਰ ਸਾਲ ਵੱਡੀ ਗਿਣਤੀ ਵਿਚ ਸੈਲਾਨੀ ਇਥੇ ਘੁੰਮਣ ਆਉਂਦੇ ਹਨ | ਪਰ ਇਸ ਸੁਨਹਿਰੀ ਸ਼ਹਿਰ ਤੋਂ ਕਰੀਬ 18 ਕਿਲੋਮੀਟਰ ਦੂਰ ਮਾਰੂਥਲੀ ਇਲਾਕੇ ਵਿਚ ਸਥਿਤ ਉਜੜਿਆ ਪਿੰਡ ਕੁਲਧਰਾ ਆਪਣੀ ਖੂਬਸੂਰਤੀ ਨਾਲੋਂ ਜ਼ਿਆਦਾ ਆਪਣੇ ਰਹੱਸਮਈ ਅਤੀਤ ਲਈ ਜਾਣਿਆ ਜਾਂਦਾ ਹੈ | ਕਿਹਾ ਜਾਂਦਾ ਹੈ ਕਿ ਕੁਲਧਰਾ ਅਤੇ ਇਸਦੇ ਆਲੇ-ਦੁਆਲੇ ਦੇ 84 ਪਿੰਡ ਪਾਲੀਵਾਲ ਬ੍ਰਾਹਮਣਾਂ ਦੇ ਸਨ | ਇਹ ਲੋਕ ਸੁਚੱਜੇ ਪ੍ਰਬੰਧ, ਵਪਾਰ ਅਤੇ ਖੇਤੀ ਕਾਰਨ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ | ਕੁਲਧਰਾ ਪਿੰਡ ਇਕ ਹੀ ਰਾਤ ਵਿਚ ਉਜੜ ਗਿਆ ਸੀ ਅਤੇ ਅੱਜ ਵੀ ਇਸ ਪਿੰਡ ਤੇ ਨਾਲ ਲਗਦੇ 84 ਪਿੰਡਾਂ ਦੇ ਉਜਾੜੇ ਦੇ ਖੰਡਰ ਆਪਣੀ ਵਿਰਾਸਤ ਦੀ ਕਹਾਣੀ ਸੁਣਾ ਰਹੇ ਹਨ |
![]()
ਕੁਲਧਰਾ ਪਿੰਡ 13ਵੀਂ ਸਦੀ ਵਿਚ ਪਾਲੀਵਾਲ ਬ੍ਰਾਹਮਣਾਂ ਦੁਆਰਾ ਵਸਾਇਆ ਗਿਆ ਸੀ | ਇਹ ਪਿੰਡ ਕਦੇ ਭਾਰਤ ਅਤੇ ਮੱਧ ਏਸ਼ੀਆਂ ਦੇ ਵਪਾਰਕ ਰੂਟ 'ਤੇ ਸਥਿਤ ਹੋਣ ਕਾਰਨ ਖੁਸ਼ਹਾਲੀ ਅਤੇ ਵਪਾਰ ਦਾ ਵੱਡਾ ਕੇਂਦਰ ਹੁੰਦਾ ਸੀ | ਪਰ 19ਵੀਂ ਸਦੀ ਦੇ ਸ਼ੁਰੂ ਵਿਚ ਵਾਪਰੀ ਇਕ ਘਟਨਾ ਨੇ ਪੂਰੇ ਪਿੰਡ ਨੂੰ ਰਾਤੋ-ਰਾਤ ਖਾਲੀ ਕਰ ਦਿੱਤਾ | ਸਿੰਧ ਘਾਟੀ ਸੱਭਿਅਤਾ ਵਾਂਗ ਕੁਲਧਰਾ ਅਤੇ ਨਾਲ ਲਗਦੇ 84 ਵਿਰਾਨ ਹੋਏ ਪਿੰਡਾਂ ਦੇ ਖੰਡਰ ਬਣੇ ਘਰ ਅੱਜ ਵੀ ਇਸ ਪਿੰਡ ਦੇ ਅਤੀਤ ਦੀ ਬਾਤ ਪਾਉਂਦੇ ਹਨ | ਸਥਾਨਕ ਲੋਕਧਾਰਾ ਅਨੁਸਾਰ ਉਸ ਸਮੇਂ ਦੀ ਜੈਸਲਮੇਰ ਰਿਆਸਤ ਦੇ ਦੀਵਾਨ 'ਸਲੀਮ ਸਿੰਘ' ਦੀ ਨਜ਼ਰ ਕੁਲਧਰਾ ਪਿੰਡ ਦੇ ਬ੍ਰਾਹਮਣ ਮੁਖੀ ਦੀ ਧੀ ਉੱਤੇ ਪੈ ਗਈ | ਸਲੀਮ ਸਿੰਘ ਨੇ ਪਿੰਡ ਵਾਲਿਆਂ ਨੂੰ ਧਮਕੀ ਦਿੱਤੀ ਕਿ ਜੇਕਰ ਲੜਕੀ ਦਾ ਵਿਆਹ ਉਸ ਨਾਲ ਨਾ ਕੀਤਾ ਤਾਂ ਉਹ ਪੂਰੇ ਪਿੰਡ 'ਤੇ ਭਾਰੀ ਟੈਕਸ ਲਗਾ ਦੇਵੇਗਾ | ਪਿੰਡ ਦੇ ਸਨਮਾਨ ਅਤੇ ਆਪਣੀ ਧੀ ਦੀ ਸੁਰੱਖਿਆ ਲਈ ਕੁਲਧਰਾ ਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਇਕ ਰਾਤ ਵਿਚ ਇਹ ਪਿੰਡ ਛੱਡਣ ਦਾ ਫੈਸਲਾ ਕੀਤਾ | ਕਿਹਾ ਜਾਂਦਾ ਹੈ ਕਿ ਜਾਂਦੇ ਹੋਏ, ਪਾਲੀਵਾਲ ਬ੍ਰਾਹਮਣਾਂ ਨੇ ਪਿੰਡ ਨੂੰ ਇਕ ਸਰਾਪ ਵੀ ਦਿੱਤਾ ਸੀ ਕਿ ਇੱਥੇ ਮੁੜ ਕਦੇ ਕੋਈ ਵਸ ਨਹੀਂ ਸਕੇਗਾ | ਉਦੋਂ ਤੋਂ ਲੈ ਕੇ ਅੱਜ ਤੱਕ, ਇਹ ਪਿੰਡ ਉਜਾੜ ਹੀ ਪਿਆ ਹੈ | ਹਾਲਾਂਕਿ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਪਾਣੀ ਦੀ ਕਮੀ, ਵਧੇਰੇ ਕਰ ਅਤੇ ਆਰਥਿਕ ਸਮੱਸਿਆਵਾਂ ਵੀ ਪਿੰਡ ਦੇ ਉਜੜਨ ਦੇ ਕਾਰਨ ਹੋ ਸਕਦੇ ਹਨ | ਅੱਜਕੱਲ੍ਹ ਕੁਲਧਰਾ ਰਾਜਸਥਾਨ ਪੁਰਾਤੱਤਵ ਵਿਭਾਗ ਦੀ ਦੇਖਰੇਖ ਹੇਠ ਇਕ ਸੈਰ-ਸਪਾਟਾ ਸਥਾਨ ਹੈ | ਸੈਲਾਨੀਆਂ ਨੂੰ ਇਸ ਉੱਜੜੇ ਪਿੰਡ ਵਿਚ ਦਾਖਲ ਹੋਣ ਲਈ 70 ਰੁਪਏ ਦੀ ਟਿਕਟ ਲਗਦੀ ਹੈ | ਇੱਥੇ ਘੁੰਮਦੇ ਹੋਏ ਤੁਹਾਨੂੰ ਅੱਜ ਵੀ ਪਾਲੀਵਾਲ ਬ੍ਰਾਹਮਣਾ ਦੇ ਪੁਰਾਣੇ ਘਰਾਂ ਦੇ ਖੰਡਰ, ਗਲੀਆਂ ਅਤੇ ਮੰਦਰਾਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ |
ਇਥੇ ਘੁੰਮਦਿਆਂ ਪੱਥਰਾਂ ਦੇ ਘਰ, ਹੜੱਪਾ ਸੱਭਿਅਤਾ ਵਾਂਗ ਸਿੱਧੀਆਂ ਗਲੀਆਂ, ਮੰਦਰ, ਚੌਂਕ ਅਤੇ ਮਾਰੂਥਲ ਵਿਚ ਪਾਣੀ ਸੰਭਾਲਣ ਦੀਆਂ ਪ੍ਰਣਾਲੀਆਂ ਜਿਵੇਂ ਬਾਉਲੀ ਅਤੇ ਤਲਾਬ ਆਦਿ ਅੱਜ ਵੀ ਦੇਖਣ ਨੂੰ ਮਿਲਦੀਆਂ ਹਨ | ਇਹ ਪਿੰਡ ਰਾਜਸਥਾਨ ਦੇ ਪੁਰਾਤਨ ਪਿੰਡ ਪ੍ਰਬੰਧ ਦਾ ਸ਼ਾਨਦਾਰ ਉਦਾਹਰਨ ਹੈ | ਕਈ ਸੈਲਾਨੀਆਂ ਅਤੇ ਖੋਜੀਆਂ ਦਾ ਦਾਅਵਾ ਹੈ ਕਿ ਇੱਥੇ ਕੁਝ ਅਜੀਬ ਮਹਿਸੂਸ ਹੁੰਦਾ ਹੈ, ਹਾਲਾਂਕਿ ਇਸਦੀ ਕੋਈ ਵਿਗਿਆਨਕ ਪੁਸ਼ਟੀ ਨਹੀਂ ਹੋਈ ਹੈ | ਪਰ ਇਹ ਕਹਾਣੀਆਂ ਸੈਲਾਨੀਆਂ ਵਿਚ ਰੁਚੀ ਪੈਦਾ ਕਰਦੀਆਂ ਹਨ | ਸੂਰਜ ਡੁੱਬਣ ਤੋਂ ਬਾਅਦ, ਵਿਭਾਗ ਦੇ ਨਿਯਮਾਂ ਅਨੁਸਾਰ ਇੱਥੇ ਕਿਸੇ ਨੂੰ ਰੁਕਣ ਦੀ ਇਜਾਜ਼ਤ ਨਹੀਂ ਹੈ | ਕੁਲਧਰਾ ਕੇਵਲ ਉੱਜੜੇ ਪਿੰਡਾਂ ਦੇ ਖੰਡਰਾਂ ਦਾ ਸਮੂਹ ਹੀ ਨਹੀਂ ਹੈ, ਸਗੋਂ ਇਹ ਇਤਿਹਾਸ ਦੇ ਉਸ ਸੰਘਰਸ਼ ਦੀ ਗਵਾਹੀ ਭਰਦਾ ਹੈ ਜਿੱਥੇ ਆਮ ਲੋਕਾਂ ਨੇ ਜ਼ੁਲਮ ਅੱਗੇ ਝੁਕਣ ਦੀ ਬਜਾਏ ਆਪਣੀ ਜਨਮ ਭੂਮੀ ਤਿਆਗ ਦਿੱਤੀ | ਕੁਲਧਰਾ ਸਿਰਫ਼ ਇਕ ਸੁੰਨਾ ਪਿੰਡ ਨਹੀਂ, ਸਗੋਂ ਇਹ ਸਾਨੂੰ ਆਪਣੀ ਇੱਜ਼ਤ, ਭਾਈਚਾਰਕ ਏਕਤਾ ਅਤੇ ਸੱਭਿਆਚਾਰ ਦੀ ਰੱਖਿਆ ਦਾ ਸੰਦੇਸ਼ ਵੀ ਦਿੰਦਾ ਹੈ | ਇਹ ਪਿੰਡ ਸਾਬਤ ਕਰਦਾ ਹੈ ਕਿ ਸਮਾਜਿਕ ਇਕਜੁੱਟਤਾ ਕਿਸੇ ਵੀ ਤਾਕਤ ਨਾਲੋਂ ਵੱਡੀ ਹੋ ਸਕਦੀ ਹੈ | ਜ਼ੁਲਮ ਕਰਨ ਵਾਲੇ ਲੋਕ ਬਹੁਤੀ ਦੇਰ ਤੱਕ ਰਾਜ ਨਹੀ ਕਰ ਸਕਦੇ |
-ਪਿੰਡ-ਬਿੱਲਪੁਰ, ਡਾਕਖਾਨਾ-ਨੂਰਪੁਰ ਬੇਦੀ, ਜ਼ਿਲ੍ਹਾ-ਰੂਪਨਗਰ (ਪੰਜਾਬ)
ਮੋਬਾਈਲ : 94179-73200