ਪ੍ਰਸ਼ਾਸਨ ਵਲੋਂ ਮਿਲਾਵਟਖੋਰੀ ਦੇ 10 ਕੇਸਾਂ ਵਿਚ 5 ਲੱਖ 50 ਹਜ਼ਾਰ ਰੁਪਏ ਜੁਰਮਾਨਾ
ਬਰਨਾਲਾ, 13 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਖਾਧ ਪਦਾਰਥਾਂ ਵਿਚ ਮਿਲਾਵਟਖੋਰੀ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਇਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਵਲੋਂ 10 ਕੇਸਾਂ ਵਿਚ ਵੱਖ-ਵੱਖ ਫਰਮਾਂ ਤੇ ਮਾਲਕਾਂ ਨੂੰ ਕੁੱਲ 5 ਲੱਖ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਬਰਨਾਲਾ, 13 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਖਾਧ ਪਦਾਰਥਾਂ ਵਿਚ ਮਿਲਾਵਟਖੋਰੀ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਇਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਵਲੋਂ 10 ਕੇਸਾਂ ਵਿਚ ਵੱਖ-ਵੱਖ ਫਰਮਾਂ ਤੇ ਮਾਲਕਾਂ ਨੂੰ ਕੁੱਲ 5 ਲੱਖ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੇ ਤੇਲ ਸਮੇਤ ਖਾਧ ਤੇ ਡੇਅਰੀ ਪਦਾਰਥਾਂ ਵਿਚ ਮਿਲਾਵਟਖੋਰੀ ਰੋਕਣ ਲਈ ਸਿਹਤ ਵਿਭਾਗ ਨੂੰ ਲਗਾਤਾਰ ਚੈਕਿੰਗ ਕਰਨ ਅਤੇ ਨਮੂਨੇ ਭਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇਹ ਨਮੂਨੇ ਲੈਣ ਮਗਰੋਂ ਸਿਹਤ ਵਿਭਾਗ ਵਲੋਂ ਲੈਬ ਵਿਚ ਭੇਜੇ ਜਾਂਦੇ ਹਨ ਜਿੱਥੇ ਮਾਪਦੰਡਾਂ ’ਤੇ ਖਰਾ ਨਾ ਉਤਰਨ ਵਾਲੇ (ਸਬ ਸਟੈਂਡਰਡ) ਨਮੂਨਿਆਂ ਦੇ ਕੇਸ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਵਿਚ ਵਿਚਾਰੇ ਜਾਂਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਨੇ ਦੱਸਿਆ ਕਿ ਸਬ-ਸਟੈਂਡਰਡ ਪਾਏ ਗਏ ਨਮੂਨਿਆਂ ਵਿਰੁੱਧ 10 ਕੇਸਾਂ ਵਿਚ 5 ਲੱਖ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜਿਸ ਵਿਚ ਗੁਲਜ਼ਾਰ ਸਿੰਘ (ਸਿੱਧੂ ਡੇਅਰੀ, ਸੰਧੂ ਪੱਤੀ, ਬਰਨਾਲਾ) ਮਿਕਸ ਦੁੱਧ ਦਾ ਨਮੂਨਾ ਸਬ-ਸਟੈਂਡਰਡ ਪਾਏ ਜਾਣ ’ਤੇ 50,000 ਰੁਪਏ ਜੁਰਮਾਨਾ, ਭੋਲਾ ਸਿੰਘ (ਧਾਲੀਵਾਲ ਡੇਅਰੀ, ਧਨੌਲਾ) ਮਿਕਸ ਦੁੱਧ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ’ਤੇ 30,000 ਰੁਪਏ ਜੁਰਮਾਨਾ, ਕਾਰਤਿਕ (ਕਾਰਤਿਕ ਸਵੀਟਸ, ਬਾਜਾਖਾਨਾ ਰੋਡ, ਬਰਨਾਲਾ) ਮਿਲਕ ਕੇਕ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ’ਤੇ 75,000 ਰੁਪਏ ਜੁਰਮਾਨਾ, ਸ਼ੰਕਰ ਸਿੰਘ (ਸ਼੍ਰੀ ਬੀਕਾਨੇਰ ਮਿਸ਼ਠਾਨ ਭੰਡਾਰ, ਧਨੌਲਾ) ਮਿਲਕ ਕੇਕ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ’ਤੇ 50,000 ਰੁਪਏ ਜੁਰਮਾਨਾ, ਕਾਹਨ ਸਿੰਘ (ਓਮ ਬੀਕਾਨੇਰ ਮਿਸ਼ਠਾਨ ਭੰਡਾਰ, ਭਦੌੜ) ਖੋਆ ਬਰਫ਼ੀ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ’ਤੇ 50,000 ਰੁਪਏ ਜੁਰਮਾਨਾ, ਰਾਜੂ ਸਿੰਘ ਅਤੇ ਹੋਰ (ਰਾਜੂ ਬੀਕਾਨੇਰ ਮਿਸ਼ਠਾਨ ਭੰਡਾਰ, ਬਰਨਾਲਾ ਅਤੇ ਸਿੱਧੂ ਡੇਅਰੀ, ਪਿੰਡ ਰਾਜਗੜ੍ਹ) ਪਨੀਰ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ’ਤੇ 75,000 ਰੁਪਏ ਜੁਰਮਾਨਾ, ਜਗਦੀਸ਼ ਸਿੰਘ ਅਤੇ ਹੋਰ (ਪੰਨੂ ਕਰਿਆਨਾ ਸਟੋਰ, ਮਹਿਲ ਕਲਾਂ ਅਤੇ ਸ਼ਿਵਾ ਟਰੇਡਰਜ਼, ਮਾਨਸਾ) ਸਰ੍ਹੋਂ ਦੇ ਤੇਲ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ’ਤੇ 35,000 ਰੁਪਏ ਜੁਰਮਾਨਾ, ਮੱਖਣ ਖ਼ਾਨ ਅਤੇ ਹੋਰ (ਸਾਦਿਕ ਕਰਿਆਨਾ ਸਟੋਰ, ਹੰਡਿਆਇਆ ਅਤੇ ਸਟਾਰ ਫੂਡ ਐਂਡ ਬੇਵਰੇਜਿਜ਼, ਪਿੰਡ ਫ਼ਤਿਹਪੁਰ, ਜ਼ਿਲ੍ਹਾ ਪਟਿਆਲਾ) ਸਰ੍ਹੋਂ ਦੇ ਤੇਲ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ’ਤੇ 75,000 ਰੁਪਏ ਜੁਰਮਾਨਾ, ਚਰਨਜੀਤ ਕੁਮਾਰ (ਕੁੰਦਨ ਸਵੀਟਸ, ਸਦਰ ਬਾਜ਼ਾਰ, ਤਪਾ) ਖੋਆ ਬਰਫ਼ੀ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ’ਤੇ 60,000 ਰੁਪਏ ਜੁਰਮਾਨਾ, ਮੰਗੀ ਰਾਮ (ਸ਼੍ਰੀ ਕ੍ਰਿਸ਼ਨਾ ਬ੍ਰਿਜਵਾਸੀ, ਭਦੌੜ) ਖੋਆ ਬਰਫ਼ੀ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ’ਤੇ 50,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਅਜਿਹੇ ਮਾਮਲਿਆਂ ਵਿਚ ਪੂਰੀ ਸਖ਼ਤੀ ਵਰਤੀ ਜਾਵੇਗੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।