ਬੇਕਰੀ ਦਾ ਗੰਦਾ ਪਾਣੀ ਛੱਪੜ ’ਚ ਪਾਉਣ ਖ਼ਿਲਾਫ਼ ਭੜਕੇ ਮੁਹੱਲਾ ਵਾਸੀ, ਐੱਨ.ਜੀ.ਟੀ. ਦਾ ਖੜਕਾਇਆ ਬੂਹਾ
ਮਹਿਲ ਕਲਾਂ, 7 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਮਹਿਲ ਖ਼ੁਰਦ ਗੇਟ ਸਾਹਮਣੇ ਸਥਿਤ ਇੱਕ ਬੇਕਰੀ ਵਲੋਂ ਨਾਲੀ ਰਾਹੀਂ ਗੰਦਾ ਅਤੇ ਕੈਮੀਕਲ ਯੁਕਤ ਪਾਣੀ ਸਿੱਧਾ ਛੱਪੜ ਵਿਚ ਸੁੱਟੇ ਜਾਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਮੁਹੱਲਾ ‘ਮਹਿਲ ਕਲਾਂ ਸੋਢੇ’ ਦੇ ਵਸਨੀਕਾਂ ਵਲੋਂ ਜਿੱਥੇ ਐੱਸ.
ਮਹਿਲ ਕਲਾਂ, 7 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਮਹਿਲ ਖ਼ੁਰਦ ਗੇਟ ਸਾਹਮਣੇ ਸਥਿਤ ਇੱਕ ਬੇਕਰੀ ਵਲੋਂ ਨਾਲੀ ਰਾਹੀਂ ਗੰਦਾ ਅਤੇ ਕੈਮੀਕਲ ਯੁਕਤ ਪਾਣੀ ਸਿੱਧਾ ਛੱਪੜ ਵਿਚ ਸੁੱਟੇ ਜਾਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਮੁਹੱਲਾ ‘ਮਹਿਲ ਕਲਾਂ ਸੋਢੇ’ ਦੇ ਵਸਨੀਕਾਂ ਵਲੋਂ ਜਿੱਥੇ ਐੱਸ.ਡੀ.ਐਮ. ਮਹਿਲ ਕਲਾਂ ਬੇਅੰਤ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ, ਉੱਥੇ ਹੀ ਹੁਣ ਇਹ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਤੱਕ ਪਹੁੰਚ ਗਈ ਹੈ। ਮੁਹੱਲਾ ਵਾਸੀਆਂ ਅਤੇ ਪੰਚਾਇਤ ਨੁਮਾਇੰਦਿਆਂ ਵਲੋਂ ਐਨ.ਜੀ.ਟੀ. ਨੂੰ ਇੱਕ ਲਿਖਤੀ ਸ਼ਿਕਾਇਤ ਪੱਤਰ ਭੇਜਿਆ ਗਿਆ ਹੈ। ਸ਼ਿਕਾਇਤ ਵਿਚ ਗੰਭੀਰ ਦੋਸ਼ ਲਾਉਂਦਿਆਂ ਆਖਿਆ ਗਿਆ ਹੈ ਕਿ ਬੇਕਰੀ ਵਲੋਂ ਛੱਪੜ ਵਿਚ ਕੈਮੀਕਲ ਵਾਲਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ। ਵਸਨੀਕਾਂ ਨੇ ਦੋਸ਼ ਲਾਇਆ ਕਿ ਇਸ ਸਬੰਧੀ ਐੱਸ.ਐਮ.ਓ. ਮਹਿਲ ਕਲਾਂ, ਐੱਸ.ਡੀ.ਐਮ. ਮਹਿਲ ਕਲਾਂ, ਪ੍ਰਦੂਸ਼ਣ ਕੰਟਰੋਲ ਬੋਰਡ ਬਰਨਾਲਾ, ਥਾਣਾ ਮਹਿਲ ਕਲਾਂ ਸਮੇਤ ਹਲਕਾ ਵਿਧਾਇਕ ਨੂੰ ਵਾਰ-ਵਾਰ ਸੂਚਿਤ ਕੀਤਾ ਗਿਆ, ਪਰ ਕੋਈ ਠੋਸ ਹੱਲ ਨਹੀਂ ਨਿਕਲਿਆ। ਸ਼ਿਕਾਇਤਕਰਤਾਵਾਂ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਆਵਾਜ਼ ਉਠਾਉਣ ਬਦਲੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਤਾਕਤ ਇਸ ਕੰਮ ਨੂੰ ਰੋਕ ਨਹੀਂ ਸਕਦੀ। ਦੂਜੇ ਪਾਸੇ, ਮੁਹੱਲਾ ਵਾਸੀਆਂ ਤੇ ਸਥਾਨਕ ਦੁਕਾਨਦਾਰ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਬੇਕਰੀ ਦੀ ਸਫ਼ਾਈ ਦੌਰਾਨ ਨਿਕਲਣ ਵਾਲੇ ਪਾਣੀ ਕਾਰਨ ਇਲਾਕੇ ਵਿਚ ਅਸਹਿ ਬਦਬੂ ਫੈਲ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਗਿਆ ਹੈ। ਲੋਕਾਂ ਨੇ ਮੰਗ ਕੀਤੀ ਕਿ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਮਜਬੂਰੀ ਵੱਸ ਸੰਘਰਸ਼ ਤੇਜ਼ ਕੀਤਾ ਕਰਨਾ ਪਵੇਗਾ। ਦੂਜੇ ਪਾਸੇ, ਬੇਕਰੀ ਮਾਲਕ ਨੇ ਛੱਪੜ ਵਿਚ ਕੂੜਾ-ਕਰਕਟ ਜਾਂ ਗੰਦਗੀ ਸੁੱਟਣ ਦੇ ਦੋਸ਼ਾਂ ਨੂੰ ਨਕਾਰਦਿਆਂ ਸਪਸ਼ਟ ਕੀਤਾ ਹੈ ਕਿ ਬਾਹਰ ਸਿਰਫ਼ ਭਾਂਡੇ ਧੋਣ ਦਾ ਪਾਣੀ ਹੀ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਦੇ ਹੱਲ ਵਜੋਂ ਤਿਉਹਾਰਾਂ ਤੋਂ ਬਾਅਦ ਡੂੰਘਾ ਟੋਇਆ ਬਣਾ ਕੇ ਇਹ ਪਾਣੀ ਇਕੱਠਾ ਕੀਤਾ ਜਾਵੇਗਾ ਅਤੇ ਬਾਅਦ ਵਿਚ ਟੈਂਕਰਾਂ ਰਾਹੀਂ ਲਿਜਾ ਕੇ ਖ਼ਾਲੀ ਕਰਵਾ ਦਿੱਤਾ ਜਾਵੇਗਾ।